ਮਾਨਸਾ ਜ਼ਿਲ੍ਹੇ ਦਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ

ਜੰਮੂ ਕਸ਼ਮੀਰ ਦੇ ਕੁੱਪਵਾੜਾ ਵਿੱਚ ਦਹਿਸ਼ਤਗਰਦਾਂ ਦੀ ਗੋਲੀ ਲੱਗਣ ਕਾਰਨ ਮਾਨਸਾ ਦੇ ਪਿੰਡ ਅਕਲੀਆ ਦਾ 24 ਸਾਲਾ ਅਗਨੀਵੀਰ ਜਵਾਨ ਲਵਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ। ਲਵਪ੍ਰੀਤ ਸਿੰਘ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ 2 ਸਾਲ ਪਹਿਲਾਂ ਭਰਤੀ ਹੋਇਆ ਸੀ। ਸ਼ਹੀਦ ਅਗਨੀ ਵੀਰ ਲਵਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ ਪਹੁੰਚੇਗੀ, ਜਿੱਥੇ ਲਵਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਲਵਪ੍ਰੀਤ ਦੀ ਸ਼ਹਾਦਤ ‘ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਬਹਾਦਰ ਜਵਾਨ ਦੇ ਦੇਸ਼ ਪ੍ਰਤੀ ਹੌਸਲੇ ਤੇ ਸਿਦਕ ਨੂੰ ਦਿਲੋਂ ਸਲਾਮ। ਮੁੱਖ ਮੰਤਰੀ ਨੇ ਕਿਹਾ ਕਿ ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਵਾਅਦੇ ਮੁਤਾਬਕ ਹਰ ਸੰਭਵ ਮਦਦ ਕੀਤੀ ਜਾਵੇਗੀ। ਸਾਡੇ ਲਈ ਸਾਡੇ ਜਵਾਨ ਸਾਡਾ ਮਾਣ ਨੇ ਭਾਵੇਂ ਉਹ ਅਗਨੀਵੀਰ ਹੀ ਕਿਉਂ ਨਾ ਹੋਣ।

ਦੱਸ ਦੇਈਏ ਕਿ ਲਵਪ੍ਰੀਤ ਭਾਰਤੀ ਫੌਜ ਵਿਚ ਨਰਿੰਦਰ ਮੀਡੀਅਮ ਰੈਜੀਮੈਂਟ ਯੂਨਿਟ ‘ਚ ਤਾਇਨਾਤ ਸੀ । ਉਸ ਦਾ ਦਹਿਸ਼ਤਗਰਦਾਂ ਨਾਲ ਬੁੱਧਵਾਰ ਦੁਪਹਿਰ 3 ਵਜੇ ਦੇ ਕਰੀਬ ਮੁਕਾਬਲਾ ਹੋਇਆ ਸੀ, ਜਿਸ ਦੌਰਾਨ ਗੋਲੀ ਲੱਗਣ ਕਰਕੇ ਉਹ ਜ਼ਖਮੀ ਹੋ ਗਿਆ, ਤੇ ਉਸ ਨੂੰ ਫੌਜ ਦੇ ਜਵਾਨ ਹਸਪਤਾਲ ਲੈ ਗਏ ਜਿਥੇ ਉਹ ਸ਼ਹੀਦ ਹੋ ਗਿਆ। ਲਵਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਛੋਟਾ ਪੁੱਤਰ ਸੀ ਅਤੇ ਉਹ ਦੋ ਭਰਾ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੇ 2 ਦਿਨ ਪਹਿਲਾਂ ਹੀ ਆਪਣੇ ਮਾਤਾ-ਪਿਤਾ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਪਣੀ ਡਿਊਟੀ ਬਾਰੇ ਦੱਸਿਆ ਸੀ।

ਇਹ ਵੀ ਪੜ੍ਹੋ : ਬਟਾਲਾ ਪੁਲਿਸ ਦੀ ਵੱਡੀ ਕਾਰਵਾਈ, ਲੁੱ/ਟਾਂ-ਖੋ/ਹਾਂ ਕਰਨ ਵਾਲੇ ਅੰਤਰ-ਜ਼ਿਲ੍ਹਾ ਗਿਰੋਹ ਦੇ ਮੈਂਬਰਾਂ ਨੂੰ ਕੀਤਾ ਕਾਬੂ

ਲਵਪ੍ਰੀਤ ਦੀ ਸ਼ਹਾਦਤ ਦੀ ਖਬਰ ਸੁਣ ਕੇ ਉਸ ਦੇ ਪਿੰਡ ਵਿਚ ਸੋਗ ਦੀ ਲਹਿਰ ਦੋੜ ਗਈ ਪਰ ਪਿੰਡ ਵਾਲਿਆਂ ਨੂੰ ਉਸ ਦੀ ਸ਼ਹਾਦਤ ‘ਤੇ ਮਾਣ ਹੈ। ਪਿੰਡ ਅਕਲੀਆ ਦੇ ਸਰਪੰਚ ਜਸਵੀਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਸੀ, ਜਿਸ ਨੇ ਭਾਰਤੀ ਫੌਜ ਵਿੱਚ ਅਗਨੀਵੀਰ ਵਜੋਂ ਭਰਤੀ ਹੋ ਕੇ ਪਿੰਡ ਅਕਲੀਆ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ। ਉਹਨਾਂ ਕਿਹਾ ਕਿ ਲਵਪ੍ਰੀਤ ਸਿੰਘ ਅਜੇ ਕੁਆਰਾ ਸੀ।

ਪਿੰਡ ਦੇ ਲੋਕਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਭਾਰਤੀ ਫੌਜ ਦੇ ਵਿੱਚ ਅਗਨੀਵੀਰ ਯੋਜਨਾ ਵਿੱਚ ਤਬਦੀਲੀ ਕਰਕੇ ਦੂਜੇ ਫੌਜੀਆਂ ਵਾਲੀਆਂ ਸਹੂਲਤਾਂ ਇਹਨਾਂ ਅਗਨੀਵੀਰ ਨੌਜਵਾਨਾਂ ਨੂੰ ਵੀ ਦਿੱਤੀਆਂ ਜਾਣ ਤਾਂ ਜੋ ਸ਼ਹੀਦਾਂ ਦੇ ਪਰਿਵਾਰ ਆਪਣਾ ਗੁਜ਼ਾਰਾ ਚਲਾ ਸਕਣ।

ਵੀਡੀਓ ਲਈ ਕਲਿੱਕ ਕਰੋ -:

 

The post ਮਾਨਸਾ ਜ਼ਿਲ੍ਹੇ ਦਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦ, 2 ਸਾਲ ਪਹਿਲਾਂ ਹੋਇਆ ਸੀ ਭਰਤੀ appeared first on Daily Post Punjabi.



Previous Post Next Post

Contact Form