TheUnmute.com – Punjabi News: Digest for February 23, 2024

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਕੌਰ ਇੰਮੀਗ੍ਰੇਸ਼ਨ: ਗੁਰਦਾਸਪੁਰ ਤੋਂ ਇੱਕ ਹੋਰ ਸਟੂਡੈਂਟ ਦਾ ਲੱਗਾ ਕੈਨੇਡਾ ਵੀਜ਼ਾ

Thursday 22 February 2024 09:26 AM UTC+00 | Tags: breaking-news canada-immigration canada-study canada-visa kaur-immigration kaur-immigration-moga student-visa

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 22 ਫਰਵਰੀ 2024: ਵਿਆਹੇ ਹੋਏ ਜੋੜਿਆਂ ਨੂੰ ਇਕੱਠੇ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ (Kaur Immigration) ਦੀ ਅਮ੍ਰਿੰਤਸਰ ਬਰਾਂਚ ਦੀ ਮੱਦਦ ਨਾਲ ਤਲਵਾੜਾ ਕਾਲੌਨੀ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੀ ਰੂਬਲਪ੍ਰੀਤ ਕੌਰ ਦਾ ਸਟੂਡੈਂਟ ਵੀਜ਼ਾ ਥੋੜ੍ਹੇ ਦਿਨਾਂ 'ਚ ਆਇਆ।

ਇਸ ਮੌਕੇ ਕੌਰ ਇੰਮੀਗ੍ਰੇਸ਼ਨ (Kaur Immigration)  ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਰੂਬਲਪ੍ਰੀਤ ਕੌਰ ਦੀ ਇੰਡੀਆ ਵਿੱਚ ਹੀ ਬੈਚਲਰ ਆਫ ਸਾਇੰਸ ਕੀਤੀ ਹੋਈ ਸੀ ਤੇ ਉਸਦੇ ਆਈਲੈਟਸ ਵਿਚੋਂ ਓਵਰਆਲ 6.0 ਬੈਂਡ ਸਕੋਰ ਸਨ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਰੂਬਲਪ੍ਰੀਤ ਕੌਰ ਦੀ ਪ੍ਰੋਫਾਈਲ ਦੇਖਣ ਦੇ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ 19 ਦਸੰਬਰ 2023 ਨੂੰ ਲਗਾਈ ਤੇ 01 ਫਰਵਰੀ 2024 ਨੂੰ ਵੀਜ਼ਾ ਆ ਗਿਆ। ਇਸ ਮੌਕੇ ਰੂਬਲਪ੍ਰੀਤ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |

ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084

The post ਕੌਰ ਇੰਮੀਗ੍ਰੇਸ਼ਨ: ਗੁਰਦਾਸਪੁਰ ਤੋਂ ਇੱਕ ਹੋਰ ਸਟੂਡੈਂਟ ਦਾ ਲੱਗਾ ਕੈਨੇਡਾ ਵੀਜ਼ਾ appeared first on TheUnmute.com - Punjabi News.

Tags:
  • breaking-news
  • canada-immigration
  • canada-study
  • canada-visa
  • kaur-immigration
  • kaur-immigration-moga
  • student-visa

ਸ਼ੁਭਕਰਨ ਸਿੰਘ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ: CM ਭਗਵੰਤ ਮਾਨ

Thursday 22 February 2024 09:36 AM UTC+00 | Tags: bhagwant-mann breaking-news farmers-protest news punjab punjab-farmers shubhkaran

ਚੰਡੀਗੜ੍ਹ, 22 ਫਰਵਰੀ 2024: ਨੌਜਵਾਨ ਕਿਸਾਨ ਸ਼ੁਭਕਰਨ ਸਿੰਘ (Shubhkaran Singh) ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨੌਜਵਾਨ ਕਿਸਾਨ ਦੇ ਕਤਲ ਦੀ ਦਰਦਨਾਕ ਵੀਡੀਓ ਦੇਖੀ ਹੈ ਜੋ ਸਿਰਫ਼ ਆਪਣੇ ਜਮਹੂਰੀ ਹੱਕ ਦਾ ਪ੍ਰਗਟਾਵਾ ਕਰਨ ਲਈ ਉਥੇ ਗਿਆ ਸੀ।

ਉਨ੍ਹਾਂ ਕਿਹਾ ਕਿ ਨੌਜਵਾਨ (Shubhkaran Singh) ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ ਅਤੇ ਇਨ੍ਹਾਂ ਲੋਕਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸੰਕਟ ਦੀ ਇਸ ਘੜੀ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਡਟ ਕੇ ਖੜ੍ਹੀ ਹੈ ਅਤੇ ਉਹ ਸਮਾਜਿਕ ਅਤੇ ਆਰਥਿਕ ਤੌਰ ਉਤੇ ਇਸ ਪਰਿਵਾਰ ਦੀ ਇਮਦਾਦ ਕਰਨਗੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਨੌਜਵਾਨ ਦੀ ਮੌਤ (Shubhkaran Singh) ਕੇਂਦਰ ਅਤੇ ਹਰਿਆਣਾ ਸਰਕਾਰ ਦੇ ਆਪਹੁਦਰੇਪਣ ਦਾ ਨਤੀਜਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ, "ਮੈਂ ਤਾਂ ਆਪਣੇ ਪੱਧਰ ਉਤੇ ਪੂਰੀ ਵਾਹ ਲਾ ਦਿੱਤੀ ਤਾਂ ਕਿ ਸਾਡੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਗੋਲੀਆਂ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲੇ ਅਤੇ ਹੋਰ ਕਾਰਵਾਈ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਤਾਂ ਕਿਸਾਨਾਂ ਅਤੇ ਕੇਂਦਰ ਦਰਮਿਆਨ ਪੁਲ ਦਾ ਕੰਮ ਕੀਤਾ ਤਾਂ ਕਿ ਗੱਲ ਕਿਸੇ ਤਣ-ਪੱਤਣ ਲੱਗ ਸਕੇ ਪਰ ਬਦਕਿਸਮਤੀ ਨਾਲ ਗੱਲ ਸਿਰੇ ਨਹੀਂ ਚੜ੍ਹੀ।"

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈਆਂ ਮੀਟਿੰਗਾਂ ਵਿੱਚੋਂ ਦੋ ਵਿੱਚ ਉਹ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਸਨ ਜਦਕਿ ਕੇਂਦਰ ਸਰਕਾਰ ਆਪਣਾ ਫਰਜ਼ ਨਿਭਾਉਣ ਵਿੱਚ ਅਸਫਲ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਲਟਾ ਹਰਿਆਣਾ ਨੇ ਕੰਡਿਆਲੀ ਤਾਰਾਂ ਨਾਲ ਕਿਸਾਨਾਂ ਦਾ ਰਾਹ ਰੋਕਿਆ ਹੋਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਆਪਣੀ ਕੌਮੀ ਰਾਜਧਾਨੀ ਜਾ ਕੇ ਸ਼ਾਂਤਮਈ ਵਿਰੋਧ ਦਰਜ ਕਰਵਾਉਣਾ ਚਾਹੁੰਦੇ ਸਨ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਜ਼ਬਰਦਸਤੀ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਕੌਮੀ ਰਾਜਧਾਨੀ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੇ ਰੋਸ ਪ੍ਰਦਰਸ਼ਨ ਲਈ ਕੁਝ ਜਗ੍ਹਾ ਅਲਾਟ ਕਰਨੀ ਚਾਹੀਦੀ ਸੀ ਪਰ ਇਸ ਦੀ ਬਜਾਏ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਿਆ ਅਤੇ ਉਨ੍ਹਾਂ ‘ਤੇ ਤਾਕਤ ਦੀ ਵਰਤੋਂ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੂਬੇ ਦੇ ਅੰਨਦਾਤਿਆਂ ਦਾ ਘੋਰ ਅਪਮਾਨ ਹੈ ਜਿਨ੍ਹਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਿੰਨੀ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਸੰਘਰਸ਼ ਦੌਰਾਨ ਦੇਸ਼ ਲਈ 90 ਫੀਸਦੀ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਪੰਜਾਬੀਆਂ ਨੂੰ ਆਪਣੇ ਹੀ ਦੇਸ਼ ਦੀ ਰਾਜਧਾਨੀ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਸੁਣਨ ਦੀ ਬਜਾਏ ਉਨ੍ਹਾਂ ਦੀਆਂ ਹੱਕੀ ਮੰਗਾਂ ਤੋਂ ਪਾਸਾ ਵੱਟ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਅਤੇ ਕਿਸਾਨਾਂ ਵਿਚਾਲੇ ਆਖਰੀ ਮੀਟਿੰਗ 22 ਜਨਵਰੀ 2021 ਨੂੰ ਹੋਈ ਸੀ ਅਤੇ ਤਿੰਨ ਸਾਲਾਂ ਤੋਂ ਕੇਂਦਰ ਕਿਸਾਨਾਂ ਦੀਆਂ ਮੰਗਾਂ ਨੇ ਪਿੱਛੇ ਹਟ ਗਿਆ ਸੀ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਸ਼ਿਕਾਇਤਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਇਹੋ ਜਿਹੇ ਹਾਲਾਤ ਕਦੇ ਵੀ ਪੈਦਾ ਨਾ ਹੁੰਦੇ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਸਿਰਫ਼ ਵਿਰੋਧੀ ਪਾਰਟੀਆਂ ਦੀ ਸੱਤਾ ਵਾਲੇ ਸੂਬਿਆਂ ਵਿੱਚ ਲੋਕਤੰਤਰੀ ਢੰਗ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਡੇਗਣ ਦਾ ਹੀ ਫਿਕਰ ਹੈ ਅਤੇ ਆਮ ਆਦਮੀ ਦੀ ਭਲਾਈ ਉਨ੍ਹਾਂ ਦੇ ਏਜੰਡੇ ਵਿੱਚ ਕਿਤੇ ਵੀ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਜ਼ਾਲਮ ਹੁਕਮਰਾਨਾਂ ਨੂੰ ਲੋਕਾਂ ਦੇ ਹਿੱਤ ਅੱਖੋਂ ਪਰੋਖੇ ਕਰਕੇ ਸਿਰਫ਼ ਸੱਤਾ ਦਾ ਨਿੱਘ ਮਾਣਨ ਦੀ ਚਿੰਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਦੋਲਨ ਸੂਬੇ ਦੀ ਆਰਥਿਕਤਾ ਉਤੇ ਵੱਡਾ ਪ੍ਰਭਾਵ ਪਾ ਸਕਦਾ ਹੈ ਜਿਸ ਕਰਕੇ ਉਹ ਇਸ ਮਸਲੇ ਦੇ ਸੁਖਾਵੇਂ ਹੱਲ ਲਈ ਯਤਨਸ਼ੀਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਹ ਕਦੇ ਨਹੀਂ ਚਾਹੁੰਦੇ ਸਨ ਕਿ ਸੂਬੇ ਅਤੇ ਇੱਥੋਂ ਦੇ ਲੋਕਾਂ ਨੂੰ ਆਰਥਿਕ ਤੌਰ ‘ਤੇ ਨੁਕਸਾਨ ਝੱਲਣਾ ਪਵੇ, ਜਿਸ ਕਰਕੇ ਉਨ੍ਹਾਂ ਨੇ ਗੱਲਬਾਤ ਦੌਰਾਨ ਵਿਚੋਲਗੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਪਹਿਲੇ ਦਿਨ ਤੋਂ ਹੀ ਗੱਲਬਾਤ ਪ੍ਰਤੀ ਗੰਭੀਰ ਨਹੀਂ ਹੈ, ਜਿਸ ਕਾਰਨ ਅੱਜ ਸਥਿਤੀ ਵਿਗੜ ਗਈ ਹੈ।

ਮੁੱਖ ਮੰਤਰੀ ਨੇ ਸਾਫ ਤੌਰ ਉਤੇ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਹਰਿਆਣਾ ਸ਼ਾਂਤਮਈ ਕਿਸਾਨਾਂ ‘ਤੇ ਤਾਕਤ ਦੀ ਵਰਤੋਂ ਕਰਕੇ ਅਮਨ-ਕਾਨੂੰਨ ਦੀ ਸਮੱਸਿਆ ਖੜ੍ਹੀ ਕਰ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਅਣਉਚਿਤ ਹੈ। ਭਗਵੰਤ ਸਿੰਘ ਮਾਨ ਨੇ ਭਾਜਪਾ ਆਗੂਆਂ ਨੂੰ ਮਨੀਪੁਰ ਅਤੇ ਇੱਥੋਂ ਤੱਕ ਕਿ ਹਰਿਆਣਾ ਦੇ ਨੂਹ ਇਲਾਕੇ ਵਿੱਚ ਅਮਨ-ਕਾਨੂੰਨ ਦੀ ਗੰਭੀਰ ਸਮੱਸਿਆ ਬਾਰੇ ਯਾਦ ਦਿਵਾਉਂਦਿਆਂ ਕਿਹਾ ਕਿ ਪੰਜਾਬ ਉਸ ਤੋਂ ਕਿਤੇ ਵੱਧ ਸ਼ਾਂਤ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਤੁਰੰਤ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਦੇ ਵਾਹਨ ਅਤੇ ਐਂਬੂਲੈਂਸਾਂ ਨੂੰ ਮੌਕੇ ‘ਤੇ ਤਾਇਨਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਥਰੂ ਗੈਸ ਦੀ ਵਰਤੋਂ ਕਾਰਨ ਜ਼ਿਆਦਾਤਰ ਕਿਸਾਨਾਂ ਨੂੰ ਅੱਖਾਂ ਦੀ ਸਮੱਸਿਆ ਆ ਰਹੀ ਹੈ, ਇਸ ਲਈ ਸੂਬਾ ਸਰਕਾਰ ਦੇ ਦੋ ਮੰਤਰੀ, ਇੱਕ ਵਿਧਾਇਕ, ਜੋ ਅੱਖਾਂ ਦੇ ਮਾਹਿਰ ਹਨ, ਨੂੰ ਹਸਪਤਾਲਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਹਤ ਮੰਤਰੀ ਡਾ: ਬਲਬੀਰ ਪਟਿਆਲਾ ਵਿਖੇ ਅਜਿਹੇ ਸਾਰੇ ਮਾਮਲਿਆਂ ਦੀ ਨਿਗਰਾਨੀ ਕਰਨਗੇ, ਇਕ ਹੋਰ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਪਾਤੜਾਂ ਅਤੇ ਖਨੌਰੀ ਵਿਖੇ ਤਾਇਨਾਤ ਰਹਿਣਗੇ ਜਦਕਿ ਵਿਧਾਇਕ ਡਾ: ਚਰਨਜੀਤ ਸਿੰਘ ਚੰਨੀ ਰਾਜਪੁਰਾ ਦੇ ਹਸਪਤਾਲ ਵਿਚ ਤਾਇਨਾਤ ਰਹਿਣਗੇ।

ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤੇ ਜਾਣ ਦੇ ਸਵਾਲਾਂ ‘ਤੇ ਮੁੱਖ ਮੰਤਰੀ ਨੇ ਸਪੱਸ਼ਟ ਤੌਰ ਉਤੇ ਕਿਹਾ, "ਮੈਂ ਪੰਜਾਬ ਅਤੇ ਪੰਜਾਬੀਆਂ ਦੀ ਖਾਤਰ ਇਸ ਕੁਰਸੀ ਨੂੰ 100 ਵਾਰ ਠੁਕਰਾ ਸਕਦਾ ਹਾਂ। ਮੈਂ ਕੇਂਦਰ ਨੂੰ ਤਾੜਨਾ ਕਰਦਾ ਹਾਂ ਕਿ ਅਜਿਹੇ ਹੱਥਕੰਡਿਆਂ ਨਾਲ ਸਾਨੂੰ ਨਾ ਡਰਾਓ ਕਿਉਂਕਿ ਅਸੀਂ ਸੱਤਾ ਦੇ ਭੁੱਖੇ ਨਹੀਂ ਹਨ ਸਗੋਂ ਅਸੀਂ ਤਾਂ ਸਿਰਫ ਲੋਕਾਂ ਅਤੇ ਸੂਬੇ ਦੀ ਸੇਵਾ ਕਰਨ ਲਈ ਸਮਰਪਿਤ ਹਾਂ।" ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਵੀ ਇਸ ਸੰਕਟ ਦੀ ਘੜੀ ਵਿੱਚ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਮਹਾਨ ਸਿੱਖ ਗੁਰੂਆਂ ਵੱਲੋਂ ਦਿੱਤੇ ਸੰਦੇਸ਼ ਅਨੁਸਾਰ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾਵੇ।

The post ਸ਼ੁਭਕਰਨ ਸਿੰਘ ਦੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ: CM ਭਗਵੰਤ ਮਾਨ appeared first on TheUnmute.com - Punjabi News.

Tags:
  • bhagwant-mann
  • breaking-news
  • farmers-protest
  • news
  • punjab
  • punjab-farmers
  • shubhkaran

ਚੰਡੀਗੜ੍ਹ, 22 ਫਰਵਰੀ 2024: ਕਿਸਾਨੀ ਸੰਘਰਸ਼ ਦੌਰਾਨ ਨੌਜਵਾਨ ਦੀ ਮੌਤ ਅਤੇ ਸੈਂਕੜੇ ਕਿਸਾਨ ਦਾ ਜ਼ਖਮੀ ਹੋਣਾ ਬਹੁਤ ਦੁਖਦਾਈ ਘਟਨਾ ਹੈ, ਇਸ ਨਾਲ ਸਮੁੱਚੇ ਕਿਸਾਨ ਭਾਈਚਾਰੇ ਦੇ ਦਿਲਾਂ ਵਿਚ ਭਾਰੀ ਰੋਹ ਹੈ | ਇਸ ਗੱਲ ਦਾ ਪ੍ਰਗਟਾਵਾ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਪ੍ਰਧਾਨ ਸੰਤ ਸਮਾਜ ਨੇ ਕੀਤਾ ਹੈ |

ਉਹਨਾ ਕਿਹਾ ਹੈ ਕਿ ਜੋ ਘਟਨਾ ਕੱਲ੍ਹ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਹੋਈ ਹੈ, ਇਸ ਘਟਨਾ ਨਾਲ ਭਾਰਤ ਦੇ ਸਮੂਹ ਕਿਸਾਨ ਦੁਖੀ ਹਨ | ਉਹਨਾ ਕਿਹਾ ਕਿ ਕਿਸਾਨੀ ਸੰਘਰਸ਼ ਵਿੱਚ ਕੁਰਬਾਨੀ ਦੇਣ ਵਾਲੇ ਪਰਿਵਾਰ ਨਾਲ ਦਮਦਮੀ ਟਕਸਾਲ ਜੱਥੇਬੰਦੀ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਵੀ ਹੋਣੀ ਚਾਹੀਦੀ ਹੈ | ਉਹਨਾ ਕਿਹਾ ਕਿ ਸਰਕਾਰ ਦਾ ਇਹ ਵਤੀਰਾ ਪੰਜਾਬ ਦੇ ਕਿਸਾਨਾ ਲਈ ਠੀਕ ਨਹੀਂ ਹੈ।

ਉਹਨਾ ਨੇ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨ ਭਰਾਵਾਂ ਦੀ ਆਵਾਜ਼ ਨੂੰ ਨਾ ਦਬਾਇਆ ਜਾਵੇ ਅਤੇ ਉਹਨਾਂ ਦੀਆਂ ਸਮੂਹ ਮੰਗਾਂ ਨੂੰ ਛੇਤੀ ਤੋਂ ਛੇਤੀ ਮੰਨੀਆਂ ਜਾਣ, ਇਸ ਵਿਚ ਹੀ ਸਾਰੇ ਵਰਗਾਂ ਦੀ ਭਲਾਈ ਹੈ। ਉਹਨਾਂ ਨੇ ਕਿਹਾ ਜਿਸ ਤਰੀਕੇ ਨਾਲ ਬੰਗਾਲ ਵਿਚ ਇੱਕ ਪੂਰਨ ਗੁਰਸਿੱਖ ਪੁਲਿਸ ਅਫਸਰ ਜਸਪ੍ਰੀਤ ਸਿੰਘ ਜੋ ਆਪਣੀ ਡਿਊਟੀ ਨਿਭਾ ਰਿਹਾ ਸੀ, ਡਿਊਟੀ ਦੌਰਾਨ ਉਨ੍ਹਾਂ ‘ਤੇ ਕੀਤੀ ਟਿਪਣੀ ਨਿੰਦਣਯੋਗ ਅਤੇ ਚਿੰਤਾਜਨਕ ਹੈ | ਇਸ ਨਾਲ ਵੀ ਸਮੂਚੇ ਸਿੱਖਾਂ ਵਿੱਚ ਭਾਰੀ ਰੋਹ ਹੈ |

ਪਿਛਲੇ ਸਮੇਂ ਵਿੱਚ ਵੀ ਕਈ ਸਿੱਖਾਂ ਦਾ ਇਸੇ ਤਰ੍ਹਾਂ ਅਪਮਾਨ ਕੀਤਾ ਗਿਆ ਹੈ। ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਪਹਿਲਾਂ ਵੀ ਅਤੇ ਵਰਤਮਾਨ ਸਮੇਂ ਵਿੱਚ ਵੀ ਖਾ+ਲਿ+ਸ+ਤਾ+ਨੀ ਕਰਾਰ ਦੇਣ ਦੇ ਯਤਨ ਕੀਤੇ ਜਾ ਰਹੇ ਹਨ ।ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਅਜਿਹੇ ਨਫ਼ਰਤੀ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਸਥਿਤੀ ਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਗਲਤ ਆਗੂਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਕਿ ਦੇਸ ਵਿੱਚ ਸ਼ਾਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ।

The post ਕਿਸਾਨੀ ਸੰਘਰਸ਼ ‘ਚ ਨੌਜਵਾਨ ਦੀ ਮੌਤ ਹੋਣਾ ਬਹੁਤ ਦੁਖਦਾਈ ਘਟਨਾ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ appeared first on TheUnmute.com - Punjabi News.

Tags:
  • breaking-news
  • farmers-protest
  • news
  • punjab
  • sant-giani-harnam-singh-khalsa

ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ 'ਚ ਕਿਸਾਨ ਅੰਦੋਲਨ ਨੂੰ ਲੈ ਕੇ ਬੈਠਕ ਜਾਰੀ

Thursday 22 February 2024 10:13 AM UTC+00 | Tags: breaking-news chandigarh farmers farmers-protest news punjab-news samyukt-kisan-morcha

ਚੰਡੀਗੜ੍ਹ, 22 ਫਰਵਰੀ 2024: ਸੰਯੁਕਤ ਕਿਸਾਨ ਮੋਰਚਾ (Samyukt Kisan Morcha) ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਬੈਠਕ ਜਾਰੀ ਹੈ। ਜਿਸ ਵਿੱਚ ਦੇਸ਼ ਭਰ ਤੋਂ 100 ਤੋਂ ਵੱਧ ਕਿਸਾਨ ਆਗੂ ਪੁੱਜੇ। ਬੈਠਕ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਇਸ ਵਿੱਚ ਉਹ ਆਪਣੀ ਭਵਿੱਖ ਦੀ ਰਣਨੀਤੀ ਸਪੱਸ਼ਟ ਕੀਤੀ ਜਾਵੇਗੀ ।

ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੀ ਸਰਹੱਦ ‘ਤੇ ਗਲਤ ਤਰੀਕੇ ਨਾਲ ਰੋਕਿਆ ਜਾ ਰਿਹਾ ਹੈ। ਕਿਸਾਨਾਂ ਨੂੰ ਪਤਾ ਹੈ ਕਿ ਦਿੱਲੀ ਵਿੱਚ ਕਿੱਥੇ ਜਾ ਕੇ ਬੈਠਣਾ ਹੈ, ਉਹ ਸੰਸਦ ਦੇ ਅੰਦਰ ਨਹੀਂ ਜਾ ਰਹੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਲਾਨੇ ਗੰਨੇ ਦੇ ਭਾਅ ‘ਚ ਵਾਧੇ ਨਾਲ ਦੱਖਣ ਦੇ ਕਿਸਾਨਾਂ ਨੂੰ ਹੀ ਲਾਭ ਮਿਲੇਗਾ, ਹੋਰ ਕਿਸੇ ਨੂੰ ਫਾਇਦਾ ਨਹੀਂ ਹੋਵੇਗਾ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਫਸਲੀ ਸੀਜ਼ਨ (2024-25) ਲਈ ਗੰਨੇ ਦੇ ਵਾਜਬ ਤੇ ਲਾਭਕਾਰੀ ਮੁੱਲ (ਐੱਫਆਰਪੀ) 'ਚ 25 ਰੁਪਏ ਵਾਧੇ ਦਾ ਐਲਾਨ ਕੀਤਾ ਹੈ ਜਿਸ ਨਾਲ ਗੰਨੇ ਦਾ ਭਾਅ 340 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ।

 

The post ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ‘ਚ ਕਿਸਾਨ ਅੰਦੋਲਨ ਨੂੰ ਲੈ ਕੇ ਬੈਠਕ ਜਾਰੀ appeared first on TheUnmute.com - Punjabi News.

Tags:
  • breaking-news
  • chandigarh
  • farmers
  • farmers-protest
  • news
  • punjab-news
  • samyukt-kisan-morcha

ਅੰਮ੍ਰਿਤਸਰ, 22 ਫਰਵਰੀ 2024: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਖਨੌਰੀ ਕੋਲ ਕਿਸਾਨਾਂ (farmers) ‘ਤੇ ਕੀਤੀ ਕਾਰਵਾਈ ਅਤੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਅਤੇ ਕਈਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਨੂੰ ਬੇਹੱਦ ਦੁਖਦਾਈ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਹ ਕਿਸਾਨ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਹਨ, ਨਾ ਕਿ ਕਿਸੇ ਦੁਸ਼ਮਣ ਦੇਸ਼ ਦੇ ਘੁਸਪੈਠੀਏ, ਜਿਨ੍ਹਾਂ ਵੱਲ ਹਕੂਮਤ ਸਿੱਧੀਆਂ ਗੋਲੀਆਂ ਚਲਾ ਕੇ ਉਨ੍ਹਾਂ ਦੀਆਂ ਛਾਤੀਆਂ ਅਤੇ ਸਿਰ ਵਿੰਨ੍ਹ ਰਹੀ ਹੈ। ਉਨ੍ਹਾਂ ਨੂੰ ਆਪਣੇ ਜਮਹੂਰੀ ਅਧਿਕਾਰ ਤਹਿਤ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਤੋਂ ਰੋਕਣ ਵਾਸਤੇ ਸਰਕਾਰ ਵਲੋਂ ਵਰਤੇ ਹਥਕੰਡੇ ਕਿਸੇ ਵੀ ਤਰ੍ਹਾਂ ਜੱਲ੍ਹਿਆਂਵਾਲੇ ਬਾਗ 'ਚ ਅੰਗਰੇਜ਼ ਹਕੂਮਤ ਵਲੋਂ ਭਾਰਤੀਆਂ ਨਾਲ ਕੀਤੇ ਜ਼ੁਲਮ ਤੋਂ ਘੱਟ ਨਹੀਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਕਿਸਾਨ (farmers) ਕੇਂਦਰ ਸਰਕਾਰ ਕੋਲੋਂ ਆਪਣੀਆਂ ਜਿਣਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਹੱਕ ਮੰਗ ਕਰ ਰਹੇ ਹਨ ਪਰ ਸਰਕਾਰ ਧਿਆਨ ਨਹੀਂ ਰਹੀ ਹੈ। ਜਿਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰਨਾ ਚਾਹੁੰਦੀ। ਜੇਕਰ ਸਰਕਾਰ ਸੰਜੀਦਾ ਹੁੰਦੀ ਤਾਂ ਮਸਲੇ ਦੇ ਹੱਲ ਲਈ ਗੱਲਬਾਤ ਹੁੰਦੀ, ਗੋਲੀਬਾਰੀ ਨਾ ਕੀਤੀ ਜਾਂਦੀ। ਕਿਸੇ ਵੀ ਮਸਲੇ ਦੇ ਹੱਲ ਲਈ ਪਹਿਲਾਂ ਸਾਜਗਾਰ ਮਾਹੌਲ ਬਣਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਮਾਹੌਲ ਤਦ ਬਣ ਸਕਦਾ ਜੇਕਰ ਪੰਜਾਬ-ਹਰਿਆਣਾ ਦੀ ਹੱਦ ਤੋਂ ਬੈਰੀਕੇਡ ਹਟਾਏ ਜਾਂਦੇ। ਕਿਸਾਨਾਂ 'ਤੇ ਡਾਂਗਾਂ, ਗੋਲੀਆਂ, ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੋਪਾਂ ਨਾ ਛੱਡੀਆਂ ਜਾਂਦੀਆਂ। ਉਨ੍ਹਾਂ ਅੱਗੇ ਆਖਿਆ ਕਿ ਸਾਡੇ ਦੇਸ਼ ਦੇ ਲੋਕਾਂ ਦਾ ਨਾਅਰਾ ਰਿਹਾ ਹੈ, 'ਜੈ ਜਵਾਨ, ਜੈ ਕਿਸਾਨ', ਕਿਉਂਕਿ ਜਵਾਨ ਦੇਸ਼ ਦੀਆਂ ਸਰਹੱਦਾਂ 'ਤੇ ਰਾਖ਼ੀ ਕਰਦਾ ਹੈ ਅਤੇ ਕਿਸਾਨ ਖੇਤਾਂ ਵਿਚ ਅੰਨ ਉਗਾ ਕੇ ਦੇਸ਼ ਦਾ ਢਿੱਡ ਭਰਦਾ ਹੈ।

ਉਨ੍ਹਾਂ ਕਿਹਾ ਕਿ ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਅੱਜ ਸਾਡਾ ਜਵਾਨ ਸਰਹੱਦਾਂ 'ਤੇ ਰਾਖ਼ੀ ਕਰਦਾ ਹੋਇਆ ਦੁਸ਼ਮਣ ਦੀਆਂ ਗੋਲੀਆਂ ਖਾ ਰਿਹਾ ਹੈ ਅਤੇ ਕਿਸਾਨ ਨੂੰ ਆਪਣੀ ਹੀ ਸਰਕਾਰ ਹੱਕ ਮੰਗਣ 'ਤੇ ਇਹ ਕਾਰਵਾਈ ਕਰਵਾ ਰਹੀ ਹੈ, ਜੋ ਇਕ ਲੋਕਤੰਤਰੀ ਦੇਸ਼ ਲਈ ਬੇਹੱਦ ਮੰਦਭਾਗਾ ਵਰਤਾਰਾ ਹੈ। ਅਜਿਹਾ ਗੈਰ-ਜਮਹੂਰੀ ਵਤੀਰਾ ਦੇਸ਼ ਦੇ ਭਵਿੱਖ ਲਈ ਚੰਗਾ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਖਿਆ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਅੰਨਦਾਤਾ ਕਿਸਾਨ ਸੰਘਰਸ਼ ਛੱਡ ਕੇ ਵਾਪਸ ਮੁੜ ਕੇ ਆਪਣੀ ਕਿਰਤ ਵਿਚ ਜੁਟ ਸਕਣ।"

The post ਖਨੌਰੀ ਬਾਰਡਰ ‘ਤੇ ਨੌਜਵਾਨ ਦੀ ਮੌਤ ਤੇ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਬੇਹੱਦ ਦੁਖਦਾਈ: ਜਥੇਦਾਰ ਗਿਆਨੀ ਰਘਬੀਰ ਸਿੰਘ appeared first on TheUnmute.com - Punjabi News.

Tags:
  • breaking-news
  • farmers
  • farmers-protest
  • jathedar-giani-raghbir-singh
  • khanauri-border
  • news
  • punjab

ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਘਰ 'ਤੇ CBI ਦੀ ਛਾਪੇਮਾਰੀ, ਜਾਣੋ ਪੂਰਾ ਮਾਮਲਾ ?

Thursday 22 February 2024 10:48 AM UTC+00 | Tags: breaking-news cbi-raid former-governor-satyapal-malik india-news jammu-and-kashmir latest-news news satyapal-malik

ਚੰਡੀਗੜ੍ਹ, 22 ਫਰਵਰੀ 2024: ਸੀਬੀਆਈ ਨੇ ਅੱਜ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ (Satyapal Malik) ਦੇ ਘਰ ਛਾਪਾ ਮਾਰਿਆ। ਇਸ ਤੋਂ ਇਲਾਵਾ ਦਿੱਲੀ ਦੇ 29 ਹੋਰ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਹ ਕਾਰਵਾਈ ਕਿਰੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਵਿੱਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਕੀਤੀ ਗਈ ਹੈ। ਸੱਤਿਆਪਾਲ ਮਲਿਕ ਨੇ ਰਾਜਪਾਲ ਦੇ ਤੌਰ ‘ਤੇ ਆਪਣੇ ਕਾਰਜਕਾਲ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਇਕ ਪਣਬਿਜਲੀ ਪ੍ਰਾਜੈਕਟ ਦੀਆਂ ਦੋ ਫਾਈਲਾਂ ਨੂੰ ਕਲੀਅਰ ਕਰਨ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।

ਇਹ ਛਾਪੇ ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੁੰਬਈ ਸਮੇਤ ਕਈ ਥਾਵਾਂ ‘ਤੇ ਮਾਰੇ ਗਏ ਹਨ। ਸਤਿਆਪਾਲ ਮਲਿਕ (Satyapal Malik) ਫਿਲਹਾਲ ਹਸਪਤਾਲ ‘ਚ ਭਰਤੀ ਹਨ। ਮਲਿਕ ਨੇ ਸੋਸ਼ਲ ਮੀਡੀਆ ਸਾਈਟ ‘ਤੇ ਲਿਖਿਆ, ”ਭ੍ਰਿਸ਼ਟਾਚਾਰ ‘ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਜਾਂਚ ਨਾ ਕਰਕੇ, ਮੇਰੇ ਘਰ ‘ਤੇ ਸੀਬੀਆਈ ਨੇ ਛਾਪਾ ਮਾਰਿਆ ਹੈ”। ਮੇਰੇ 4-5 ਕੁੜਤੇ ਅਤੇ ਪਜਾਮੇ ਤੋਂ ਇਲਾਵਾ ਕੁਝ ਨਹੀਂ ਮਿਲੇਗਾ। ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ |

ਜਿਕਰਯੋਗ ਹੈ ਕਿ ਸੱਤਿਆਪਾਲ ਮਲਿਕ ਨੇ 17 ਅਕਤੂਬਰ, 2021 ਨੂੰ ਰਾਜਸਥਾਨ ਦੇ ਝੁੰਝਨੂ ਵਿੱਚ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਤਾਂ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਦੌਰਾਨ ਉਸ ਕੋਲ ਦੋ ਫਾਈਲਾਂ ਆਈਆਂ ਸਨ। ਮਲਿਕ ਨੇ ਉਨ੍ਹਾਂ ਦੇ ਸਕੱਤਰਾਂ ਨੇ ਉਨ੍ਹਾਂ ਨੂੰ ਇਹ ਦੱਸਣ ਤੋਂ ਬਾਅਦ ਦੋਵੇਂ ਸੌਦੇ ਰੱਦ ਕਰ ਦਿੱਤੇ ਸਨ ਕਿ ਇਸ ਵਿੱਚ ਕਥਿਤ ਘਪਲਾ ਹੋਇਆ ਹੈ।

The post ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਘਰ ‘ਤੇ CBI ਦੀ ਛਾਪੇਮਾਰੀ, ਜਾਣੋ ਪੂਰਾ ਮਾਮਲਾ ? appeared first on TheUnmute.com - Punjabi News.

Tags:
  • breaking-news
  • cbi-raid
  • former-governor-satyapal-malik
  • india-news
  • jammu-and-kashmir
  • latest-news
  • news
  • satyapal-malik

ਕਿਸਾਨ ਆਗੂਆਂ ਦੀ ਬੈਠਕ 'ਚ ਐਲਾਨ, 26 ਫਰਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ

Thursday 22 February 2024 12:43 PM UTC+00 | Tags: breaking-news delhi farmers-leaders haryana-police latest-news news tractor-march

ਚੰਡੀਗੜ੍ਹ, 22 ਫਰਵਰੀ 2024: ਖਨੌਰੀ ਸਰਹੱਦ ‘ਤੇ ਬੁੱਧਵਾਰ ਨੂੰ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਆਪਣਾ ਦਿੱਲੀ ਮਾਰਚ ਫਿਲਹਾਲ ਰੋਕ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ 2 ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਅਗਲਾ ਫੈਸਲਾ 23 ਫਰਵਰੀ ਨੂੰ ਲਿਆ ਜਾਵੇਗਾ।

ਚੰਡੀਗੜ੍ਹ ਵਿਖੇ ਹੋਈ ਬੈਠਕ ‘ਚ ਐਲਾਨ ਕੀਤਾ ਗਿਆ ਕਿ ਭਲਕੇ ਦੇਸ਼ ਭਰ ਵਿੱਚ ਕਾਲਾ ਦਿਨ (black day) ਮਨਾਇਆ ਜਾਵੇਗਾ। ਪੂਰੇ ਦੇਸ਼ ‘ਚ ਇੱਕ ਪਾਸਾ ਛੱਡ ਕੇ ਨੈਸ਼ਨਲ ਹਾਈਵੇਅ ‘ਤੇ 26 ਫਰਵਰੀ ਨੂੰ ਟਰੈਕਟਰ ਮਾਰਚ ਅਤੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਂਪੰਚਾਇਤ ਹੋਵੇਗੀ। ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਲਈ ਪੁਰਾਣੇ ਸਾਥੀਆਂ ਦੀ ਬਣਾਈ 6 ਮੈਂਬਰੀ ਕਮੇਟੀ ਤਾਲਮੇਲ ਕਮੇਟੀ ਬਣਾਈ ਜਾਵੇਗੀ |

ਫਿਲਹਾਲ ਅੰਦੋਲਨ ਦੇ 10ਵੇਂ ਦਿਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਸਥਿਤੀ ਆਮ ਵਾਂਗ ਹੈ। ਬੁੱਧਵਾਰ ਯਾਨੀ 21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜੱਪ ਹੋਈ ਸੀ। ਇੱਥੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ। ਇਸਦੇ ਨਾਲ ਹੀ ਜੂਡੀਸ਼ੀਅਲ ਮੈਜਿਸਟਰੇਟ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ |

ਅੱਜ ਕਿਸਾਨਾਂ ਨੇ ਸ਼ੁਭਕਰਨ ਦੀ ਫੋਟੋ ਫੜ ਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਹਮਲਾਵਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਗੱਲ ਕਹੀ ਹੈ । ਕਿਸਾਨ ਆਗੂ ਬਲਦੇਵ ਸਿੰਘ ਦੇ ਮੁਤਾਬਕ ਹਰਿਆਣਾ ਪੁਲਿਸ ਨੇ ਸਾਡੇ ਕੈਂਪਾਂ ਅਤੇ ਟਰੈਕਟਰਾਂ ‘ਤੇ ਹਮਲਾ ਕੀਤਾ। ਇਸ ਦੌਰਾਨ 167 ਕਿਸਾਨ ਜ਼ਖਮੀ ਹੋਏ ਹਨ ਅਤੇ 6 ਲਾਪਤਾ ਹਨ।

The post ਕਿਸਾਨ ਆਗੂਆਂ ਦੀ ਬੈਠਕ ‘ਚ ਐਲਾਨ, 26 ਫਰਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ appeared first on TheUnmute.com - Punjabi News.

Tags:
  • breaking-news
  • delhi
  • farmers-leaders
  • haryana-police
  • latest-news
  • news
  • tractor-march

ਚੰਡੀਗੜ੍ਹ, 22 ਫਰਵਰੀ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ (Cyber Crime) ਡਿਵੀਜ਼ਨ ਨੇ ਅਸਾਮ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚਾਰ ਸਾਈਬਰ ਅਪਰਾਧੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਅੰਤਰਰਾਸ਼ਟਰੀ ਆਨਲਾਈਨ ਜੌਬ ਫਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ। ਇਹ ਗਿਰੋਹ ਦੇ 'ਟੈਲੀਗ੍ਰਾਮ ' ਮੋਬਾਈਲ ਐਪ ਦੇ ਗਰੁੱਪਾਂ ਦੀ ਵਰਤੋਂ ਕਰਕੇ "ਵਰਕ ਫਰਾਮ ਹੋਮ ''ਦੀਆਂ ਨੌਕਰੀਆਂ ਦੀ ਪੇਸ਼ਕਸ਼ ਕਰਕੇ ਭੋਲੇ-ਭਾਲੇ ਵਿਅਕਤੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ।

"ਡੀਜੀਪੀ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰ ਭਰੋਸਾ ਹਾਸਲ ਕਰਨ ਲਈ ਪਹਿਲਾਂ ਪੀੜਤਾਂ ਨੂੰ ਛੋਟੇ-ਮੋਟੇ ਕੰਮ ਕਰਨ ਬਦਲੇ ਥੋੜ੍ਹੀ ਜਿਹੀ ਰਕਮ ਅਦਾ ਕਰਦੇ ਸਨ। ਬਾਅਦ ਵਿੱਚ, ਪੀੜਤ ਨੂੰ ਵੱਡੀ ਰਕਮ ਵਾਪਸ ਕਰਨ ਦਾ ਲਾਲਚ ਦੇ ਕੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਠੱਗਦੇ ਸਨ । ਉਨ੍ਹਾਂ ਕਿਹਾ ਕਿ ਇਹਨਾਂ ਗ੍ਰਿਫਤਾਰੀਆਂ ਨਾਲ ਪੰਜਾਬ ਪੁਲਿਸ ਨੇ ਪੂਰੇ ਦੇਸ਼ ਵਿੱਚ ਵੱਡੇ ਪੱਧਰ 'ਤੇ ਫੈਲੇ ਸਾਈਬਰ ਧੋਖਾਧੜੀ ਗਠਜੋੜ ਨੂੰ ਨੱਥ ਪਾਉਣ ਲਈ ਵੱਡੀ ਪੁਲਾਂਘ ਪੁੱਟੀ ਹੈ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਹੀਰੁਲ ਇਸਲਾਮ, ਰਫੀਉਲ ਇਸਲਾਮ, ਮਹਿਬੂਬ ਆਲਮ ਅਤੇ ਅਜ਼ੀਜ਼ੁਰ ਰਹਿਮਾਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਦੋ ਸਵਾਈਪ ਮਸ਼ੀਨਾਂ, ਦੋ ਬਾਇਓਮੈਟ੍ਰਿਕ ਸਕੈਨਰ, ਇੱਕ ਆਈ ਸਕੈਨਰ, ਇੱਕ ਫਿੰਗਰਪ੍ਰਿੰਟ ਸਕੈਨਰ, 38 ਪੈਨ ਕਾਰਡ, 32 ਡੈਬਿਟ/ਕ੍ਰੈਡਿਟ ਕਾਰਡ, 16 ਸਿਮ ਕਾਰਡ, 10 ਵੋਟਰ ਕਾਰਡ, 9 ਆਧਾਰ ਕਾਰਡ, 10 ਬੈਂਕ ਖਾਤੇ ਦੀਆਂ ਪਾਸਬੁੱਕਾਂ/ਚੈੱਕਬੁੱਕਾਂ ,ਪੰਜ ਸਰਕਾਰੀ ਰਸੀਦੀ ਟਿਕਟਾਂ, ਪੰਜ ਮੋਬਾਈਲ ਫ਼ੋਨ, ਇੱਕ ਲੈਪਟਾਪ, ਦੋ ਪੈਨ ਡਰਾਈਵਾਂ ਅਤੇ ਇੱਕ ਐਸਬੀਆਈ ਆਈਡੀ ਕਾਰਡ ਬਰਾਮਦ ਕੀਤਾ ਹੈ।

ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਦੱਸਿਆ ਕਿ ਧੋਖੇਬਾਜ਼ਾਂ ਦੁਆਰਾ 25 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ (Cyber Crime) ਹੋਈ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ, ਐਸਆਈ ਜੁਝਾਰ ਸਿੰਘ ਜੰਜੂਆ ਅਤੇ ਐਸਆਈ ਦਵਿੰਦਰ ਕਾਸ਼ਨੀ ਦੀ ਅਗਵਾਈ ਵਿੱਚ ਸਾਈਬਰ ਕ੍ਰਾਈਮ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਗਿਰੋਹ ਅਸਾਮ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਚਲਾਇਆ ਜਾ ਰਿਹਾ ਸੀ।

ਆਪ੍ਰੇਸ਼ਨ ਦੌਰਾਨ, ਮੁਲਜ਼ਮ ਜਹੀਰੁਲ ਇਸਲਾਮ ਅਤੇ ਰਫੀਉਲ ਇਸਲਾਮ ਨੂੰ ਆਸਾਮ ਦੇ ਨਗਾਓਂ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੇ ਖੁਲਾਸਾ ਕੀਤਾ ਕਿ ਉਹ ਆਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਕਸਟਮਰ ਸਰਵਿਸਿਜ਼ ਪੁਆਇੰਟ (ਸੀਐਸਪੀ) ਚਲਾ ਰਹੇ ਸਨ ਅਤੇ ਸੁਖਾਲੇ ਢੰਗ ਨਾਲ ਪੈਸੇ ਕਮਾਉਣ ਲਈ ਉਹ ਆਮ ਲੋਕਾਂ ਦੇ ਦਸਤਾਵੇਜ਼ਾਂ ਦੇ ਅਡੋਬ ਫੋਟੋਸ਼ਾਪ ਸਾਫਟਵੇਅਰ ਦੀ ਵਰਤੋਂ ਕਰਕੇ ਡੁਪਲੀਕੇਟ ਪੈਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ ਬਣਾਉਂਦੇ ਸਨ, ਜਿਨ੍ਹਾਂ ਦੀ ਵਰਤੋਂ ਉਨ੍ਹਾਂ ਨੇ ਬੈਂਕ ਖਾਤੇ ਖੋਲ੍ਹਣ ਅਤੇ ਇਕ ਹੋਰ ਦੋਸ਼ੀ ਮਹਿਬੂਬ ਆਲਮ ਦੇ ਨਿਰਦੇਸ਼ਾਂ 'ਤੇ ਸਿਮ ਕਾਰਡ ਪ੍ਰਾਪਤ ਕਰਨ ਲਈ ਕੀਤੀ ਸੀ।

ਏਡੀਜੀਪੀ ਨੇ ਕਿਹਾ ਕਿ ਇਸ ਤੋਂ ਬਾਅਦ ਮਹਿਬੂਬ ਆਲਮ ਨੂੰ ਗੁਹਾਟੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਖੁਲਾਸਾ ਕੀਤਾ ਕਿ ਉਹ ਅਜ਼ੀਜ਼ੁਰ ਰਹਿਮਾਨ ਦੇ ਸੰਪਰਕ ਵਿੱਚ ਆਇਆ ਸੀ, ਜਿਸ ਨੇ ਉਸ ਨੂੰ ਕਮਿਸ਼ਨ ਦੇ ਆਧਾਰ 'ਤੇ ਬੈਂਕ ਖਾਤੇ ਮੁਹੱਈਆ ਕਰਵਾਉਣ ਲਈ ਕਿਹਾ ਸੀ। ਪੁਲਿਸ ਟੀਮਾਂ ਨੇ ਆਸਾਮ ਦੇ ਮੋਰੀਗਾਂਵ ਜ਼ਿਲ੍ਹੇ ਤੋਂ ਮੁਲਜ਼ਮ ਅਜ਼ੀਜ਼ੁਰ ਰਹਿਮਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਵੇਰਵਿਆਂ ਨੂੰ ਸਾਂਝੇ ਕਰਦੇ ਹੋਏ ਡੀ.ਆਈ.ਜੀ. ਸਾਈਬਰ ਕ੍ਰਾਈਮ (Cyber Crime) ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੁਣ ਤੱਕ 23 ਰਾਜਾਂ ਦੇ 160 ਪੀੜਤਾਂ ਨਾਲ ਧੋਖਾਧੜੀ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਦੌਰਾਨ ਹੋਰ ਪੀੜਤਾਂ ਦੀ ਪਛਾਣ ਹੋਣ ਦੀ ਸੰਭਾਵਨਾ ਹੈ।

ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁੱਖ ਸਰਗਨਾ, ਜੋ ਵਿਦੇਸ਼ਾਂ ਤੋਂ ਇਸ ਧੋਖਾਧੜੀ ਦੇ ਰੈਕੇਟ ਨੂੰ ਚਲਾ ਰਹੇ ਹਨ, ਕ੍ਰਿਪਟੋਕਰੰਸੀ ਵਿੱਚ ਪੈਸੇ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਡੀਐਸਪੀ ਸਾਈਬਰ ਕ੍ਰਾਈਮ, ਪ੍ਰਭਜੋਤ ਕੌਰ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਦੀ ਆਸ ਹੈ। ਇਸ ਸਬੰਧੀ ਇੱਕ ਕੇਸ ਨੰ. 29 ਮਿਤੀ 13/10/2023 ਨੂੰ ਐਸ.ਏ.ਐਸ.ਨਗਰ ਵਿਖੇ ਸਟੇਟ ਸਾਈਬਰ ਕ੍ਰਾਈਮ ਵਿਖੇ ਆਈ.ਪੀ.ਸੀ. ਦੀ ਧਾਰਾ 420 ਅਤੇ 120-ਬੀ ਦੇ ਤਹਿਤ ਦਰਜ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਤੋਂ ਸਾਵਧਾਨ ਰਹੋ

– ' ਵਰਕ ਫਰਾਮ ਹੋਮ ' ਵਰਗੇ ਆਸਾਨ ਪੈਸੇ ਕਮਾਉਣ ਦੇ ਲਾਲਚ ਦੇਣ ਵਾਲੇ ਟੈਲੀਗ੍ਰਾਮ ਗਰੁੱਪਾਂ ਤੋਂ ਬਚੋ

– ਵੱਡੀ ਵਾਪਸੀ ਦੇ ਲਾਲਚ ਵਿੱਚ ਕਦੇ ਵੀ ਕਿਸੇ ਨੂੰ ਆਨਲਾਈਨ ਭੁਗਤਾਨ ਨਾ ਕਰੋ

– ਅਣਜਾਣ ਸਰੋਤਾਂ ਤੋਂ ਲਿੰਕਾਂ 'ਤੇ ਕਲਿੱਕ ਕਰਨ ਜਾਂ ਫਾਈਲਾਂ ਨੂੰ ਡਾਊਨਲੋਡ ਕਰਨ ਤੋਂ ਬਚੋ

– ਕਿਸੇ ਵੀ ਐਪ 'ਤੇ ਕਦੇ ਵੀ ਡੈਬਿਟ/ਕ੍ਰੈਡਿਟ ਕਾਰਡ ਜਾਂ ਬੈਂਕ ਦੇ ਵੇਰਵੇ ਸਾਂਝੇ ਨਾ ਕਰੋ

– ਛੋਟਾਂ ਅਤੇ ਇਨਾਮਾਂ ਦੀ ਪੇਸ਼ਕਸ਼ ਕਰਨ ਵਾਲੇ ਲਿੰਕਾਂ 'ਤੇ ਕਦੇ ਵੀ ਕਲਿੱਕ ਨਾ ਕਰੋ

-ਹਰੇਕ ਖਾਤੇ ਲਈ ਵਿਲੱਖਣ ਪਾਸਵਰਡ ਦੀ ਵਰਤੋਂ ਕਰੋ ਅਤੇ ਇਸਨੂੰ ਬਦਲਦੇ ਰਹੋ।

The post ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਆਸਾਮ ਤੋਂ ਚਾਰ ਸਾਈਬਰ ਧੋਖੇਬਾਜ਼ਾਂ ਨੂੰ ਕੀਤਾ ਗ੍ਰਿਫਤਾਰ appeared first on TheUnmute.com - Punjabi News.

Tags:
  • breaking-news
  • cyber-crime
  • job-fraud-racket
  • news
  • online-job
  • online-job-fraud-racket
  • punjab-police

ਪਟਿਆਲਾ 22 ਫਰਵਰੀ 2024: ਅੱਜ ਪੰਜਾਬੀ ਯੂਨੀਵਰਸਿਟੀ (Punjabi University Patiala) ਦੀਆਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਇੱਕਜੁਟ ਹੁੰਦਿਆਂ ਹੋਇਆਂ ਕਿਸਾਨ ਅੰਦੋਲਨ ਤੇ ਹੋਏ ਜ਼ਬਰ ‘ਤੇ ਰੋਸ ਪ੍ਰਗਟ ਕਰਦਿਆਂ ਕੇਂਦਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਵਿਦਿਆਰਥੀਆਂ ਨੇ ਬੀਤੇ ਦਿਨ ਕਿਸਾਨ ਅੰਦੋਲਨ ਦੌਰਾਨ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਭਾਰਤੀ ਜਮੂਹਰੀਅਤ ਦਾ ਕਤਲ ਹੈ।

ਵੱਖ-ਵੱਖ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕਿਸਾਨ ਯੂਨੀਅਨਾਂ ਵੱਲੋਂ ਆਪਣੀਆਂ ਫਸਲਾਂ ਦੇ ਵਾਜਬ ਕੀਮਤਾਂ ਲਈ ਕੀਤਾ ਜਾ ਰਿਹਾ ਅੰਦੋਲਨ ਉਨ੍ਹਾਂ ਦਾ ਜਮੂਹਰੀ ਹੱਕ ਹੈ ਅਤੇ ਦੇਸ਼ ਦੀ ਰਾਜਧਾਨੀ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਵੀ ਭਾਰਤੀ ਸੰਵਿਧਾਨ ਸਭ ਨਾਗਰਿਕਾਂ ਨੂੰ ਦਿੰਦਾ ਹੈ । ਪ੍ਰੰਤੂ ਹਕੂਮਤ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ ਖਨੌਰੀ ਅਤੇ ਸੰਭੂ ਬਾਰਡਰਾਂ ‘ਤੇ ਰੋਕ ਕੇ ਉਨ੍ਹਾਂ ਤੇ ਕਾਰਵਾਈ ਕੀਤੀ ਗਈ ਹੈ ਜੋ ਕਿ ਗੈਰ ਸੰਵਿਧਾਨਿਕ ਅਤੇ ਤਾਨਾਸ਼ਾਹੀ ਵਰਤਾਰਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਜ਼ਖਮੀ ਹੋਏ ਹਨ, ਅਤੇ ਉਨ੍ਹਾਂ ਦੇ ਟਰੈਕਟਰ ਅਤੇ ਹੋਰ ਮਿਸ਼ਨਰੀ ਨੂੰ ਭਾਰੀ ਨੁਕਸਾਨ ਪੰਹੁਚਾਇਆ ਗਿਆ ਹੈ । ਇਸੇ ਤਰਾਂ ਕੁੱਝ ਨੌਜਵਾਨਾਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ।

ਆਗੂਆਂ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਸਾਰੀਆਂ ਨੀਤੀਆਂ ਕਾਰਪੋਰੇਟਾਂ ਦੇ ਹੱਕ ਵਿੱਚ ਬਣਾ ਕੇ ਅਤੇ ਆਮ ਲੋਕਾਂ ਦੇ ਵਿਰੋਧ ਵਿੱਚ ਤੇਜ਼ੀ ਨਾਲ ਨਵੇਂ ਕਾਨੂੰਮ ਲਾਗੂ ਕਰ ਰਹੀ ਹੈ l ਉਨ੍ਹਾਂ ਕਿਹਾ ਕਿ ਇਸੇ ਕੜੀ ਵਿੱਚ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਨੂੰ ਉਤਾਵਲੀ ਹੈ। ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ। ਇਸੇ ਸੰਕਟ ਤੋਂ ਨਿਕਲਣ ਲਈ ਦੇਸ਼ ਧੰਦੇ ਕਿਸਾਨ ਅੰਦੋਲਨ ਕਰ ਰਹੇ ਹਨ।

ਉਨ੍ਹਾਂ ਕਿਹਾ ਲਗਾਤਾਰ ਲੋਕਾਂ ਦੇ ਜਮੂਹਰੀ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ, ਹੁਣ ਤਾਂ ਹਾਲਤ ਇਥੋਂ ਤੱਕ ਪਹੁੰਚ ਗਏ ਹਨ ਕਿ ਸਰਕਾਰ ਯੂਨੀਅਨ ਬਣਾਉਣ ਅਤੇ ਅੰਦੋਲਨ ਕਰਨ ਦਾ ਹੱਕ ਵੀ ਖੋਹਣ ਲੱਗੀ ਹੈ l ਵਿਦਿਆਰਥੀ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਅਤੇ ਸਰਕਾਰ ਦੇ ਜ਼ਬਰ ਵਿਰੁੱਧ ਵਿਦਿਆਰਥੀ ਜਥੇਬੰਦੀਆਂ ਵੱਲੋਂ ਵੱਧ ਤੋਂ ਵੱਧ ਸਮਰਥਨ ਦਿੱਤਾ ਜਾਵੇਗਾ । ਪ੍ਰਦਰਸ਼ਨ ਪੰਜਾਬ ਸਟੂਡੈਂਟਸ ਯੂਨੀਅਨ (Punjabi University Patiala) ਵਲੋਂ ਅਮਨਦੀਪ ਸਿੰਘ ਖਿਉਵਾਲੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ, ਪ੍ਰਿਤਪਾਲ, ਪੰਜਾਬ ਰੇਡੀਕਲ ਸਟੂਡੈਂਟਸ ਯੂਨੀਅਨ ਵਲੋਂ ਰਸ਼ਪਿੰਦਰ ਜਿੰਮੀ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਹਰਪ੍ਰੀਤ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵਲੋਂ ਅਮ੍ਰਿਤਪਾਲ ਸਿੰਘ, ਪੰਜਾਬ ਸਟੂਡੈਂਟਸ ਫੈਡਰੇਸ਼ਨ ਵਲੋਂ ਗਗਨਦੀਪ, ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵਲੋਂ ਹੁਸ਼ਿਆਰ ਸਲੇਮਗੜ ਆਦਿ ਬੁਲਾਰੀਆਂ ਨੇ ਸੰਬੋਧਨ ਕੀਤਾl

The post ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਕੇਂਦਰ ਤੇ ਹਰਿਆਣਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ appeared first on TheUnmute.com - Punjabi News.

Tags:
  • breaking-news
  • farmers-protest
  • haryana-government
  • news
  • patiala
  • punjabi-university
  • punjabi-university-patiala

23 ਫਰਵਰੀ ਤੋਂ ਪੰਜਾਬ ਦੀ ਸੱਭਿਆਚਾਰਕ ਸ਼ਾਨ, ਪਰੰਪਰਾਵਾਂ ਦੀ ਜੀਵੰਤ ਝਲਕ ਦਰਸਾਉਣ ਲਈ ਕਰਵਾਇਆ ਜਾਵੇਗਾ 7 ਰੋਜ਼ਾ ਮੈਗਾ 'ਰੰਗਲਾ ਪੰਜਾਬ' ਸਮਾਗਮ

Thursday 22 February 2024 01:27 PM UTC+00 | Tags: aam-aadmi-party arvind-kejriwal breaking-news cm-bhagwant-mann latest-news news punjab punjab-government rangla-punjab rangla-punjab-craft-fair rangla-punjab-festival the-unmute-breaking-news

ਚੰਡੀਗੜ੍ਹ, 22 ਫਰਵਰੀ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ, ਪੰਜਾਬ ਸਰਕਾਰ ਅੰਮ੍ਰਿਤਸਰ ਦੇ ਇਤਿਹਾਸਕ ਸ਼ਹਿਰ ਵਿੱਚ 23 ਫਰਵਰੀ ਤੋਂ 29 ਫਰਵਰੀ ਤੱਕ ਕਰਵਾਏ ਜਾ ਰਹੇ ਪਹਿਲੇ ਸੈਰ-ਸਪਾਟਾ ਨਿਵੇਸ਼ਕ ਸੰਮੇਲਨ ਵਿੱਚ “ਰੰਗਲਾ ਪੰਜਾਬ” (RANGLA PUNJAB) ਪਹਿਲਕਦਮੀ ਜ਼ਰੀਏ ਸੂਬੇ ਦੀਆਂ ਜੀਵੰਤ ਪਰੰਪਰਾਵਾਂ, ਕਲਾਵਾਂ ਅਤੇ ਰੀਤੀ-ਰਿਵਾਜਾਂ ਦੀ ਝਲਕ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਵਿਖੇ 7 ਦਿਨਾਂ ਤੱਕ ਚੱਲਣ ਵਾਲੇ ਇਸ ਵਿਸ਼ਾਲ ਸਮਾਗਮ ਦਾ ਉਦਘਾਟਨ 23 ਫਰਵਰੀ, 2024 ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਾਮ ਨੂੰ ਕੀਤਾ ਜਾਵੇਗਾ, ਜੋ ਪੰਜਾਬ ਦੀ ਅਮੀਰ ਵਿਰਾਸਤ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਸਾਹਿਤ, ਭੋਜਨ ਪਦਾਰਥਾਂ, ਸੰਗੀਤ, ਜੋਸ਼ ਤੇ ਜਜ਼ਬੇ ਅਤੇ ਪੰਜਾਬ ਦੀ 'ਸੇਵਾ ਭਾਵਨਾ' ਵਰਗੇ ਵਿਸ਼ਿਆਂ 'ਤੇ ਕੇਂਦਰਿਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਦੀ ਸਫ਼ਲਤਾ ਉਪਰੰਤ ਇਸ ਸਮਾਗਮ ਦੀ ਕਲਪਨਾ ਕੀਤੀ ਗਈ ਸੀ।

ਅਨਮੋਲ ਗਗਨ ਮਾਨ ਨੇ ਕਿਹਾ ਕਿ ਰੰਗਲਾ ਪੰਜਾਬ (RANGLA PUNJAB) ਈਵੈਂਟ ਦਾ ਉਦੇਸ਼ ਵਿਸ਼ਵ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਨੋਰੰਜਨ ਭਰੇ ਪ੍ਰਦਰਸ਼ਨਾਂ ਦਾ ਸ਼ਾਨਦਾਰ ਅਨੁਭਵ ਪ੍ਰਦਾਨ ਕਰਨਾ ਹੈ। ਮਨੋਰੰਜਨ ਤੋਂ ਇਲਾਵਾ, ਇਹ ਸਮਾਗਮ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਦਿਆਂ ਭਾਈਚਾਰਿਆਂ ਵਿੱਚ ਆਪਸੀ ਏਕਤਾ ਅਤੇ ਸਨਮਾਨ ਨੂੰ ਵਧਾਉਣ ਦੇ ਉਦੇਸ਼ 'ਤੇ ਕੇਂਦਰਿਤ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਫੈਸਟੀਵਲ ਦੀ ਸ਼ੁਰੂਆਤ 23 ਫਰਵਰੀ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਕਰਵਾਏ ਜਾਣ ਵਾਲੇ ਸ਼ਾਨਦਾਰ ਉਦਘਾਟਨੀ ਸਮਾਰੋਹ ਸਮੇਤ ਹੋਰ ਵੱਖ-ਵੱਖ ਸਮਾਗਮਾਂ ਨਾਲ ਹੋਵੇਗੀ। ਇਸ ਰਾਸ਼ਟਰੀ/ਸੂਬਾ ਪੱਧਰੀ ਸੱਭਿਆਚਾਰਕ ਸ਼ਾਮ ਦੌਰਾਨ ਦਰਸ਼ਕਾਂ ਲਈ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ ਦੌਰਾਨ ਉੱਘੇ ਗਾਇਕ ਸੁਖਵਿੰਦਰ ਸਿੰਘ ਦੀ ਸ਼ਾਨਦਾਰ ਪੇਸ਼ਕਾਰੀ ਖਿੱਚ ਦਾ ਕੇਂਦਰ ਹੋਵੇਗੀ।

ਇਸ ਫੈਸਟੀਵਲ ਨਾਲ ਸੰਬਧਿਤ ਹੋਰ ਵੇਰਵੇ

24-25 ਫਰਵਰੀ: ਪੰਜਾਬ ਤੋਂ ਡਰਾਮਾ ਐਂਡ ਲਿਟਰੇਚਰ ਫੈਸਟੀਵਲ: ਪੰਜਾਬ ਦਾ ਡਰਾਮਾ ਐਂਡ ਲਿਟਰੇਚਰ ਫੈਸਟੀਵਲ ਪਾਰਟੀਸ਼ਨ ਮਿਊਜ਼ੀਅਮ, ਟਾਊਨ ਹਾਲ ਵਿਖੇ ਕਰਵਾਇਆ ਜਾਵੇਗਾ। ਇਸ ਦੋ ਰੋਜ਼ਾ ਸਮਾਗਮ ਵਿੱਚ ਲੇਖਕਾਂ, ਕਵੀਆਂ ਅਤੇ ਬੁੱਧੀਜੀਵੀਆਂ ਵੱਲੋਂ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੇ ਸਾਹਿਤ, ਰੰਗਮੰਚ ਅਤੇ ਸੱਭਿਆਚਾਰ ਦੀ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕੀਤੀ ਜਾਵੇਗੀ।

ਫਰਵਰੀ 24-29: ਰਣਜੀਤ ਐਵੇਨਿਊ ਵਿਖੇ ਗ੍ਰੈਂਡ ਸ਼ਾਪਿੰਗ ਫੈਸਟੀਵਲ

ਇਸ ਦੌਰਾਨ ਜੁੱਤੀਆਂ, ਕੱਪੜਿਆਂ, ਬਿਜਲੀ ਦੇ ਸਮਾਨ, ਉਪਕਰਨਾਂ ਆਦਿ ਦੇ ਚੋਟੀ ਦੇ ਬ੍ਰਾਂਡਾਂ ਲਈ ਇੱਕ ਮਾਰਕੀਟ (ਹੱਟ) ਸਥਾਪਤ ਕੀਤੀ ਜਾਵੇਗੀ। ਇਸ ਦੌਰਾਨ ਹੈਂਡੀਕ੍ਰਾਫਟ ਅਤੇ ਕਰਾਫਟ ਦੀਆਂ 100-150 ਦੁਕਾਨਾਂ ਵੀ ਲਗਾਈਆਂ ਜਾਣਗੀਆਂ ਜੋ ਨਵੀਨਤਮ ਰੁਝਾਨਾਂ ਦੀ ਪੜਚੋਲ ਕਰਨਗੀਆਂ ਕਿਉਂਕਿ ਪੰਜਾਬ ਦੇ ਕਾਰੀਗਰਾਂ ਵੱਲੋਂ ਬਣਾਏ ਉਤਪਾਦਾਂ ਦੇ ਭੰਡਾਰ ਦੇ ਨਾਲ-ਨਾਲ ਲਗਜ਼ਰੀ ਰਿਟੇਲਰ ਵੀ ਆਪਣੇ ਸੰਗ੍ਰਹਿ ਦਾ ਪ੍ਰਦਰਸ਼ਨ ਕਰਨਗੇ।

ਫਰਵਰੀ 24-29: ਰਣਜੀਤ ਐਵੀਨਿਊ ਵਿਖੇ ਫੂਡਿਸਤਾਨ

ਫੂਡਿਸਤਾਨ ਹਰ ਤਰ੍ਹਾਂ ਦੇ ਪੰਜਾਬੀ ਅਤੇ ਅੰਮ੍ਰਿਤਸਰੀ ਪਕਵਾਨਾਂ ਦੀ ਪੇਸ਼ਕਸ਼ ਕਰੇਗਾ। ਇੱਥੇ 100-200 ਸਟਾਲ/ਫੂਡ ਟਰੱਕ ਭਾਰਤੀ, ਪੰਜਾਬੀ ਅਤੇ ਅੰਤਰਰਾਸ਼ਟਰੀ ਪਕਵਾਨਾਂ ਦੀ ਪੇਸ਼ਕਸ਼ ਕਰਨਗੇ। ਹਾਜ਼ਰੀਨਾਂ ਨੂੰ ਮਸ਼ਹੂਰ ਸ਼ੈੱਫਾਂ ਅਤੇ ਘਰੇਲੂ ਰਸੋਈਏ ਵੱਲੋਂ ਲਾਈਵ ਕੁਕਿੰਗ ਪ੍ਰਦਰਸ਼ਨਾਂ ਨੂੰ ਵੇਖਣ ਦਾ ਮੌਕਾ ਮਿਲੇਗਾ। ਪੰਜਾਬ ਵੱਲੋਂ ਦੁਨੀਆਂ ਭਰ ਦਾ ਸਭ ਤੋਂ ਵੱਡਾ ਪਰਾਂਠਾ ਬਣਾ ਕੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

24-29 ਫਰਵਰੀ: ਰਣਜੀਤ ਐਵੀਨਿਊ ਵਿਖੇ ਤਾਲ ਚੌਕ

ਇਸ ਦੌਰਾਨ (RANGLA PUNJAB)  ਪੰਜਾਬ ਦੇ ਸਭ ਤੋਂ ਮਸ਼ਹੂਰ ਸੰਗੀਤਕ ਆਈਕਨਾਂ ਵਿੱਚੋਂ ਕੁਝ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਰੂਹਾਨੀ ਸੂਫੀ ਕੱਵਾਲੀਆਂ ਤੋਂ ਲੈ ਕੇ ਪੈਰ-ਥਿੜਕਾਉਣ ਵਾਲੇ ਭੰਗੜੇ ਤੱਕ। ਨਿਮਨਲਿਖਤ ਉੱਘੇ ਕਲਾਕਾਰਾਂ ਵੱਲੋਂ ਹੇਠ ਅਨੁਸਾਰ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ:

– 24 ਫਰਵਰੀ: ਹਰਜੀਤ ਹਰਮਨ
– 25 ਫਰਵਰੀ : ਲਖਵਿੰਦਰ ਬਡਾਲੀ
– 27 ਫਰਵਰੀ: ਕੁਲਵਿੰਦਰ ਬਿੱਲਾ
– 28 ਫਰਵਰੀ: ਕੰਵਰ ਗਰੇਵਾਲ
– 29 ਫਰਵਰੀ: ਸਿਕੰਦਰ ਸਲੀਮ

25 ਫਰਵਰੀ: ਗ੍ਰੀਨਨਾਥਨ

ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਗ੍ਰੀਨਨਾਥਨ ਕਰਵਾਈ ਜਾਵੇਗੀ। ਇਸ ਗ੍ਰੀਨਨਾਥਨ ਦਾ ਰੂਟ ਆਨੰਦ ਅਮ੍ਰਿਤ ਪਾਰਕ ਤੋਂ ਹੁੰਦਾ ਹੋਇਆ ਸਾਡਾ ਪਿੰਡ ਵਿਖੇ ਸਮਾਪਤ ਹੋਵੇਗਾ। ਇਹ ਵਾਤਾਵਰਣ ਜਾਗਰੂਕਤਾ, ਤੰਦਰੁਸਤੀ ਅਤੇ ਭਾਈਚਾਰਕ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸੀਮਾ ਸੁਰੱਖਿਆ ਬਲ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

26 ਫਰਵਰੀ: ਫੋਕ ਨਾਈਟ

ਇਸ ਸ਼ਾਮ ਗੋਬਿੰਦਗੜ੍ਹ ਕਿਲ੍ਹੇ ਵਿਖੇ ਲੋਕ ਸੰਗੀਤ ਦੇ ਨਾਲ-ਨਾਲ ਪੰਜਾਬ ਦੇ ਅਮੀਰ ਵਿਰਸੇ ਨੂੰ ਉਜਾਗਰ ਕਰਨ ਲਈ ਸਮਾਗਮ ਕਰਵਾਇਆ ਜਾਵੇਗਾ। ਇਸ ਸ਼ਾਮ ਦੌਰਾਨ ਮਸ਼ਹੂਰ ਕਲਾਕਾਰ ਵਾਰਿਸ ਬ੍ਰਦਰਜ਼ ਵੱਲੋਂ ਦਰਸ਼ਕਾਂ ਨੂੰ ਕੀਲ੍ਹਿਆ ਜਾਵੇਗਾ।

24-29 ਫਰਵਰੀ: ਸੇਵਾ ਸਟ੍ਰੀਟ ਅਤੇ ਆਰਟ ਵਾਕ

ਇਹਨਾਂ ਦਿਨਾਂ ਦੌਰਾਨ ਰੋਜ਼ਾਨਾ ਇੱਕ ਨੇਕ ਕਾਰਜ ਕੀਤੇ ਜਾਣਗੇ, ਜਿਹਨਾਂ ਵਿੱਚ ਲੰਗਰ, ਖੂਨ ਦਾਨ ਕੈਂਪ, ਕਿਤਾਬਾਂ ਅਤੇ ਕੱਪੜੇ ਦਾਨ ਦੇਣਾ, ਸਫ਼ਾਈ ਮੁਹਿੰਮ, ਪੰਜਾਬ ਦੇ ਪੁਰਾਤਨ ਸੱਭਿਆਚਾਰ ਤੇ ਆਧੁਨਿਕ ਕਲਾ ਸਬੰਧੀ ਆਰਟ ਵਾਕ ਆਦਿ ਸ਼ਾਮਲ ਹਨ। ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਆਉਣ ਵਾਲੇ ਅਤੇ ਸ਼ੁਕੀਨ ਕਲਾਕਾਰਾਂ ਲਈ ਇਹ ਸੇਵਾ ਸਟ੍ਰੀਟ ਕੈਨਵਸ ਵਜੋਂ ਕਾਰਜ ਕਰੇਗੀ।
ਸੇਵਾ ਸਟ੍ਰੀਟ ਹਰਿਮੰਦਰ ਸਾਹਿਬ ਪਲਾਜ਼ਾ ਵਿਖੇ ਹੋਵੇਗੀ। ਵਾਤਾਵਰਣ, ਸਿਹਤ, ਲੜਕੀਆਂ ਲਈ ਸਿੱਖਿਆ, ਮੈਡੀਕਲ ਕੈਂਪਾਂ ਅਤੇ ਅੰਗ ਦਾਨ ‘ਤੇ ਜਾਗਰੂਕਤਾ ਕੈਂਪਾਂ ਵੀ ਸੇਵਾ ਸਟ੍ਰੀਟ ਦਾ ਹਿੱਸਾ ਹੋਣਗੇ।

24-25 ਫਰਵਰੀ: ਕਾਰਨੀਵਲ ਪਰੇਡ

24 ਤਰੀਕ ਨੂੰ ਕਾਰਨੀਵਾਲ ਪਰੇਡ ਦਾ ਰਸਤਾ ਰੈਡ ਕਰਾਸ ਤੋਂ ਰਣਜੀਤ ਐਵੀਨਿਊ ਗਰਾਊਂਡ ਵੱਲ ਹੋਵੇਗਾ ਅਤੇ 25 ਤਰੀਕ ਨੂੰ ਟ੍ਰਿਲਿਅਮ ਮਾਲ ਤੋਂ ਰਣਜੀਤ ਐਵੀਨਿਊ ਗਰਾਊਂਡ ਵੱਲ ਹੋਵੇਗਾ। ਇਹ ਕਾਰਨੀਵਲ ਰੰਗ, ਸੰਗੀਤ ਅਤੇ ਖੁਸ਼ੀਆਂ ਬਿਖੇਰਦੇ ਹੋਏ ਪੰਜਾਬ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰੇਗਾ। ਮਹਿਲਾ ਫੁਲਕਾਰੀ ਨੂੰ ਕਾਰਨੀਵਾਲ ਵਿੱਚ ਇੱਕ ਮੁੱਖ ਭਾਗੀਦਾਰ ਵਜੋਂ ਸ਼ਾਮਲ ਕੀਤਾ ਗਿਆ ਹੈ, ਜੋ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦਾ ਹੈ।

24-29 ਫਰਵਰੀ: ਡਿਜੀਟਲ ਫੈਸਟ

ਡਿਜੀਟਲ ਫੈਸਟ ਸਮਰ ਪੈਲੇਸ ਵਿਖੇ ਮਨਾਇਆ ਜਾਵੇਗਾ। ਇਹ ਪੰਜਾਬ ਦੀ ਵਿਰਾਸਤ, ਬਹਾਦਰੀ, ਸੱਭਿਆਚਾਰ ਅਤੇ ਪਕਵਾਨਾਂ ਨੂੰ ਪ੍ਰਦਰਸ਼ਿਤ ਕਰੇਗਾ, ਜੋ ਪੰਜਾਬ ਦੀ ਮਹਿਮਾ ਉਜਾਗਰ ਕਰਦੇ ਹਨ।

29 ਫਰਵਰੀ: ਸਮਾਪਤੀ ਸਮਾਗਮ

ਤਾਲ ਚੌਕ, ਰਣਜੀਤ ਐਵੀਨਿਊ ਵਿਖੇ ਉੱਘੇ ਗਾਇਕ ਸਿਕੰਦਰ ਸਲੀਮ ਦੀ ਪੇਸ਼ਕਾਰੀ ਨਾਲ ਸ਼ਾਨਦਾਰ ਸਮਾਪਤੀ ਸਮਾਗਮ ਕਰਵਾਇਆ ਜਾਵੇਗਾ |

The post 23 ਫਰਵਰੀ ਤੋਂ ਪੰਜਾਬ ਦੀ ਸੱਭਿਆਚਾਰਕ ਸ਼ਾਨ, ਪਰੰਪਰਾਵਾਂ ਦੀ ਜੀਵੰਤ ਝਲਕ ਦਰਸਾਉਣ ਲਈ ਕਰਵਾਇਆ ਜਾਵੇਗਾ 7 ਰੋਜ਼ਾ ਮੈਗਾ ‘ਰੰਗਲਾ ਪੰਜਾਬ’ ਸਮਾਗਮ appeared first on TheUnmute.com - Punjabi News.

Tags:
  • aam-aadmi-party
  • arvind-kejriwal
  • breaking-news
  • cm-bhagwant-mann
  • latest-news
  • news
  • punjab
  • punjab-government
  • rangla-punjab
  • rangla-punjab-craft-fair
  • rangla-punjab-festival
  • the-unmute-breaking-news

ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਇਆ

Thursday 22 February 2024 01:33 PM UTC+00 | Tags: breaking-news harjot-singh-bains language-department-fazilka mother-language-day news punjabi-news

ਫਾਜ਼ਿਲਕਾ, 22 ਫਰਵਰੀ 2024: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਕੌਮਾਂਤਰੀ ਮਾਤ-ਭਾਸ਼ਾ ਦਿਵਸ ਦੇ ਮੌਕੇ ਵਿਚਾਰ ਚਰਚਾ ਸਮਾਗਮ ਡਾਇਰੈਕਟਰ ਭਾਸ਼ਾ ਵਿਭਾਗ ਡਾ: ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਕ ਅਨੁਸਾਰ ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਵਿਖੇ ਆਯੋਜਿਤ ਕੀਤਾ। ਇਸ ਵਿੱਚ ਮਾਤ-ਭਾਸ਼ਾ ਸਬੰਧੀ ਸਾਹਿਤਕ ਗਤੀਵਿਧੀਆਂ ਦੀ ਪੇਸ਼ਕਾਰੀ ਅਤੇ ਵਿਚਾਰ ਚਰਚਾ ਕੀਤੀ ਗਈ।।

ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਓਤਰੇਜਾ ਨੇ ਆਏ ਹੋਏ ਸਾਹਿਤਕਾਰ, ਕਲਮਕਾਰਾਂ ਤੇ ਕਲਾਕਾਰਾਂ ਦਾ ਸਵਾਗਤ ਕਰਦਿਆਂ ਮਾਤ-ਭਾਸ਼ਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਮੁੱਖ ਵਕਤਾ ਡਾ: ਤਰਸੇਮ ਸ਼ਰਮਾ ਨੇ ਮਾਤ-ਭਾਸ਼ਾ ਦੇ ਪ੍ਰਸਾਰ 'ਚ ਸਿੱਖਿਆ ਸੰਸਥਾਵਾਂ ਦੇ ਯੋਗਦਾਨ ਦੇ ਵਿਸ਼ੇ ਤੇ ਗੱਲ ਕਰਦਿਆਂ ਮਾਂ-ਬੋਲੀ ਦੀ ਲੋੜ, ਮਹੱਤਤਾ ਤੇ ਚੁਣੋਤੀਆਂ ਬਾਰੇ ਚਰਚਾ ਕੀਤੀ।

ਡਾ: ਰੇਖਾ ਸੂਦ ਹਾਡਾਂ ਪ੍ਰਿੰਸੀਪਲ ਨੇ ਮਾਤ ਭਾਸ਼ਾ ਬਾਰੇ ਬੋਲਦਿਆਂ ਇਲਾਕੇ ਦੀਆਂ ਉਪ-ਬੋਲੀਆਂ ਨੂੰ ਅੱਗੇ ਲਿਆਉਣ ਬਾਰੇ ਕਿਹਾ। ਇਸ ਮੌਕੇ ਮਾਂ ਬੋਲੀ ਨੂੰ ਸਮਰਪਿਤ ਗੀਤ ਤੇ ਕਵਿਤਾਵਾਂ ਦੀ ਪੇਸ਼ਕਾਰੀ ਅਭੀਜੀਤ ਅਬੋਹਰ, ਗੌਰਵ ਸ਼ਰਮਾ, ਸੁਰਿੰਦਰ ਨਿਮਾਣਾ, ਗੁਰਪ੍ਰੀਤ ਸਿੰਘ ਡਬੱਵਾਲਾ, ਜਸਵਿੰਦਰ ਲਫ਼ਜ਼, ਗੁਰਤੇਜ ਬੁਰਜਾ ਆਦਿ ਨੇ ਕੀਤੀ। ਖੋਜ ਅਫ਼ਸਰ ਪਰਮਿੰਦਰ ਰੰਧਾਵਾਂ ਨੇ ਸਮਾਗਮ ਵਿੱਚ ਪਹੁੰਚੇ। ਮੁੱਖ ਮਹਿਮਾਨ ਅਤੇ ਸਾਰੇ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਸਮਾਪਣ ਤੇ ਲੋਕ ਗਾਇਕ ਜਸਵੰਤ ਜੱਸੀ ਦਾ ਵਿਸ਼ੇਸ ਸਨਮਾਨ ਕੀਤਾ।

ਭਾਸ਼ਾ ਮੰਚ ਦੀਆਂ ਗਤੀਵਿਧੀਆਂ ਸਬੰਧੀ ਡਾ: ਰੇਖਾ ਸੂਦ ਹਾਡਾਂ ਦੇ ਮਾਰਗਦਰਸ਼ਨ ਵਿੱਚ ਡਾ: ਸ਼ਕੁੰਤਲਾ ਮਿੱਢਾ ਵੱਲੋਂ ਤਿਆਰ ਕੀਤਾ ਪਾਠਕ੍ਰਮ ਵੀ ਜਾਰੀ ਕੀਤਾ। ਰਜਿੰਦਰ ਮਾਜ਼ੀ ਦੀ ਸੰਪਾਦਨਾ ਵਿੱਚ 'ਮੇਲਾ' ਮੈਗਜ਼ੀਨ ਦਾ 25ਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇ ਗਜ਼ਲਗੋ ਆਤਮਾ ਰਾਮ ਰੰਜਨ , ਦਰਸ਼ਨ ਲਾਲ ਚੁੱਘ (ਸਮਾਜਸੇਵੀ), ਡਾ: ਸ਼ਕੁੰਤਲਾ ਮਿੱਢਾ, ਤੇਜਿੰਦਰ ਸਿੰਘ ਖਾਲਸਾ, ਸੁਖਜਿੰਦਰ ਸਿੰਘ ਢਿੱਲੋਂ, ਅਤੇ ਬਿੰਸ਼ਬਰ ਸਾਮਾ ਨੂੰ ਵੀ ਦਾ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਤੇ ਗੀਤਾਂ ਦੀ ਪੇਸ਼ਕਾਰੀ ਲਈ ਉਹਨਾਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਪ੍ਰੋ: ਕਮਲੇਸ਼ ਅਤੇ ਪ੍ਰੋ: ਰਾਜਵੀਰ ਕੌਰ ਵੱਲੋਂ ਕੀਤਾ ਗਿਆ।

The post ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਕੌਮਾਂਤਰੀ ਮਾਤ-ਭਾਸ਼ਾ ਦਿਵਸ ਮਨਾਇਆ appeared first on TheUnmute.com - Punjabi News.

Tags:
  • breaking-news
  • harjot-singh-bains
  • language-department-fazilka
  • mother-language-day
  • news
  • punjabi-news

ਖਰੜ, 22 ਫਰਵਰੀ 2024: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਆਪ ਦੀ ਸਰਕਾਰ ਆਪ ਦੇ ਦੁਆਰ” ਮੁਹਿੰਮ ਤਹਿਤ ਲਗਾਏ ਗਏ ਕੈਂਪਾਂ ਦਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਕੈਂਪਾਂ ਵਿਚ ਜਾ ਕੇ ਭਰਪੂਰ ਲਾਹਾ ਲੈ ਕੇ ਆਪਣੀਆਂ ਸਮਸਿਆਵਾਂ ਦਾ ਨਿਪਟਾਰਾ ਕਰਵਾ ਰਹੇ ਹਨ, ਜਿਸ ਨਾਲ ਕੈਂਪਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਪ ਮੰਡਲ ਮੈਜਿਸਟਰੇਟ, ਖਰੜ, ਗੁਰਮੰਦਰ ਸਿੰਘ ਨੇ ਦੱਸਿਆ ਕਿ ਖਰੜ ਉਪ ਮੰਡਲ ਦੇ ਪਿੰਡ ਧਨੋੜਾਂ, ਨਾਡਾ, ਤੋਗਾ, ਸ਼ਿੰਗਾਰੀਵਾਲਾ ਅਤੇ ਮਸਤਗੜ੍ਹ ਵਿਖੇ ਲਾਏ ਕੈਂਪ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਸੇਵਾਵਾਂ ਦਾ ਲਾਭ ਲੈ ਰਹੇ ਹਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ਐੱਸ.ਡੀ.ਐਮ ਨੇ ਦੱਸਿਆ ਕਿ “ਆਪ ਦੀ ਸਰਕਾਰ ਆਪ ਦੇ ਦੁਆਰ” ਕੈਂਪਾਂ ਵਿੱਚ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਲੋਕਾਂ ਲਈ ਬਹੁਤ ਹੀ ਲਾਭਦਾਇਕ ਸਿਧ ਹੋ ਰਹੀਆਂ ਹਨ, ਆਮ ਨਾਗਰਿਕ ਘਰ ਬੈਠੇ ਹੀ ਵੱਧ ਤੋਂ ਵੱਧ ਲਾਹਾ ਲੈ ਰਹੇ ਹਨ ਅਤੇ ਆਪਣੇ ਲੰਮੇ ਸਮੇਂ ਤੋਂ ਲੰਬਿਤ ਚਲੇ ਆ ਰਹੇ ਕੰਮਾਂ ਦਾ ਨਿਪਟਾਰਾ ਹੋਣ ਨਾਲ ਖੁਸ਼ ਨਜਰ ਆ ਰਹੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪਲਾਈਨ 1076 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ,ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

The post ਖਰੜ ਉਪ ਮੰਡਲ ਦੇ ਪਿੰਡ ਧਨੋੜਾਂ, ਨਾਡਾ, ਤੋਗਾ, ਸ਼ਿੰਗਾਰੀਵਾਲਾ ਅਤੇ ਮਸਤਗੜ੍ਹ, ਵਿਖੇ ਲਾਏ ਕੈਂਪ appeared first on TheUnmute.com - Punjabi News.

Tags:
  • breaking-news
  • camps
  • news

ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਫਰਵਰੀ 2024: ਵਿਧਾਇਕ ਕੁਲਵੰਤ ਸਿੰਘ ਵੱਲੋਂ ‘ਆਪ’ ਦੀ ਸਰਕਾਰ, ਆਪ ਦਾ ਦੁਆਰ ਮੁਹਿੰਮ ਤਹਿਤ ਜ਼ਿਲ੍ਹੇ ਦੀ ਸਬ-ਡਿਵੀਜ਼ਨ ਮੋਹਾਲੀ ਦੇ ਪਿੰਡ ਸੈਖਣ ਮਾਜਰਾ (Sekhan Majra) ਵਿੱਚ ਲਗਾਏ ਗਏ ਵਿਸ਼ੇਸ਼ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹਨਾਂ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਪਹੁੰਚ ਕੇ ਲਾਭ ਉਠਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 6 ਫਰਵਰੀ ਨੂੰ ਨਾਗਰਿਕ ਸੇਵਾਵਾਂ ਦਾ ਲਾਭ ਘਰ-ਘਰ ਪਹੁੰਚਾਉਣ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਹਨਾਂ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਰੋਜ਼ਾਨਾ ਲੋਕਾਂ ਦੇ ਘਰ-ਘਰ ਜਾ ਕੇ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੈਂਪ ਉਨ੍ਹਾਂ ਨੂੰ ਮੌਕੇ ‘ਤੇ ਹੀ 44 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਅਤੇ ਉਨ੍ਹਾਂ ਦਾ ਵਿਤੀ ਖਰਚ ਅਤੇ ਕੀਮਤੀ ਸਮਾਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੈਲਪਲਾਈਨ ਨੰਬਰ 1076 ਵੀ ਸ਼ੁਰੂ ਕੀਤਾ ਗਿਆ ਹੈ, ਜਿੱਥੋਂ ਲੋਕ ਘਰ ਬੈਠੇ ਹੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਯਾਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ‘ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ‘ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

The post MLA ਕੁਲਵੰਤ ਸਿੰਘ ਨੇ ਸਬ-ਡਿਵੀਜ਼ਨ ਮੋਹਾਲੀ ਦੇ ਪਿੰਡ ਸੈਖਣ ਮਾਜਰਾ ਵਿਖੇ ਲੱਗੇ ਸੁਵਿਧਾ ਕੈਂਪ ਦਾ ਲਿਆ ਜ਼ਾਇਜ਼ਾ appeared first on TheUnmute.com - Punjabi News.

Tags:
  • breaking-news
  • mla-kulwant-singh
  • mohali
  • news
  • sekhan-majra

ਚੰਡੀਗੜ੍ਹ, 22 ਫਰਵਰੀ 2024: ਕਿਸਾਨਾਂ ਵਿਰੁੱਧ ਹਰਿਆਣਾ ਪੁਲਿਸ ਦੀ ਬਰਬਰਤਾ ਤੇ ਵਹਿਸ਼ੀਆਨਾ ਕਾਰਵਾਈ ਨੂੰ ਅਸਹਿਣਯੋਗ ਕਰਾਰ ਦਿੰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਕੇਂਦਰ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨੂੰ ਕਾਨੂੰਨੀ ਬਣਾਉਣ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪ੍ਰਵਾਨ ਕਰਨਾ ਚਾਹੀਦਾ ਹੈ।

ਸੰਧਵਾਂ ਨੇ ਕਿਹਾ ਕਿ ਜਦੋਂ 2021 ਵਿੱਚ ਮੋਦੀ ਸਰਕਾਰ ਨੇ ਸਾਰੀਆਂ ਮੰਗਾਂ ਮੰਨ ਲਈਆਂ ਸਨ ਅਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਫਿਰ ਹੁਣ ਕਿਸਾਨਾਂ ਨੂੰ ਦਿੱਲੀ ਜਾ ਕੇ ਆਪਣੀ ਆਵਾਜ਼ ਬੁਲੰਦ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ ਹੈ।ਪੰਜਾਬੀ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਦਰਦਨਾਕ ਕਤਲ ਲਈ ਹਰਿਆਣਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ 'ਤੇ ਆਪਣੇ ਹੱਕ ਮੰਗਣ ਲਈ ਕੀਤੇ ਜਾ ਰਹੇ ਅੱਤਿਆਚਾਰ ਅਸਹਿਣਯੋਗ ਹਨ ਅਤੇ ਇਹ ਬੰਦ ਹੋਣੇ ਚਾਹੀਦੇ ਹਨ।

The post ਕਿਸਾਨਾਂ ਖਿਲਾਫ ਤਸ਼ੱਦਦ ਅਸਹਿਣਯੋਗ, ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਨੂੰ ਸਾਰੀਆਂ ਮੰਗਾਂ ਫੌਰੀ ਮੰਨਣ ਦੀ ਕੀਤੀ ਮੰਗ appeared first on TheUnmute.com - Punjabi News.

Tags:
  • breaking-news
  • farmers-protest
  • news
  • punjab-vidhan-sabha-speakar
  • sandhwan

24 ਫਰਵਰੀ ਤੋਂ 25 ਫਰਵਰੀ 2024 ਤੱਕ ਫਾਜਿਲਕਾ ਵਿਖੇ ਕਰਵਾਏ ਜਾਣਗੇ ਐਥਲੇਟਿਕਸ ਦੇ ਟ੍ਰਾਇਲ

Thursday 22 February 2024 01:55 PM UTC+00 | Tags: athletics-trials breaking-news fazilka games gurpreet-singh-bajwa news nws punjab shaheed-bhagat-singh-buhmantvi-sports-stadium sports

ਫਾਜ਼ਿਲਕਾ, 22 ਫਰਵਰੀ 2024: ਜ਼ਿਲ੍ਹਾ ਖੇਡ ਅਫਸਰ ਫਾਜ਼ਿਲਕਾ ਸ. ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਪੀ.ਆਈ.ਐਸ. ਵਿੱਚ ਸੈਸ਼ਨ 2024-25 ਦੌਰਾਨ ਅੰਡਰ 14,17, ਤੇ 19 ਉਮਰ ਵਰਗ ਦੇ ਖਿਡਾਰੀਆਂ ਦੇ ਸਿਲੈਕਸ਼ਨ ਟ੍ਰਾਇਲ (Athletics trials) ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆ ਵਿੱਚ ਵੱਖ-ਵੱਖ ਖੇਡਾਂ ਦੇ ਟ੍ਰਾਇਲ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸੇ ਤਹਿਤ ਮਿਤੀ 24 ਫਰਵਰੀ 2024 ਤੋਂ 25 ਫਰਵਰੀ 2024 ਤੱਕ ਸ਼ਹੀਦ ਭਗਤ ਸਿੰਘ ਬੁਹਮੰਤਵੀ ਖੇਡ ਸਟੇਡੀਅਮ, ਫਾਜਿਲਕਾ ਵਿਖੇ ਐਥਲੇਟਿਕਸ ਦੇ ਟ੍ਰਾਇਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਉਪਰੋਕਤ ਮਿਤੀਆਂ ਨੂੰ ਸਵੇਰੇ 9 ਵਜੇ ਖੇਡ ਸ਼ਹੀਦ ਭਗਤ ਸਿੰਘ ਬੁਹਮੰਤਵੀ ਖੇਡ ਸਟੇਡੀਅਮ, ਫਾਜਿਲਕਾ ਵਿੱਚ ਰਿਪੋਰਟ ਕਰ ਸਕਦੇ ਹਨ।

The post 24 ਫਰਵਰੀ ਤੋਂ 25 ਫਰਵਰੀ 2024 ਤੱਕ ਫਾਜਿਲਕਾ ਵਿਖੇ ਕਰਵਾਏ ਜਾਣਗੇ ਐਥਲੇਟਿਕਸ ਦੇ ਟ੍ਰਾਇਲ appeared first on TheUnmute.com - Punjabi News.

Tags:
  • athletics-trials
  • breaking-news
  • fazilka
  • games
  • gurpreet-singh-bajwa
  • news
  • nws
  • punjab
  • shaheed-bhagat-singh-buhmantvi-sports-stadium
  • sports

ਐਸ.ਡੀ.ਐਮ. ਮਲੋਟ ਵੱਲੋਂ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Thursday 22 February 2024 02:01 PM UTC+00 | Tags: breaking-news lok-sabha-elections punjab-lok-sabha-elections sdm-malout voter voter-awareness-van

ਮਲੋਟ, 22 ਫਰਵਰੀ 2024: ਭਾਰਤੀ ਚੋਣ ਕਮਿਸ਼ਨ ਅਤੇ ਚੋਣ ਕਮਿਸ਼ਨ ਪੰਜਾਬ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਅਤੇ ਚੋਣਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਐਸ.ਡੀ.ਐਮ., ਮਲੋਟ ਡਾ. ਸੰਜੀਵ ਕੁਮਾਰ ਵੱਲੋਂ ਵੋਟਰ ਜਾਗਰੂਕਤਾ ਵੈਨ (voter awareness van) ਨੂੰ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੇ ਦਿਸ਼ੇ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਮਲੋਟ ਵਿਖੇ ਇਹ ਵੋਟਰ ਜਾਗਰੂਕਤਾ ਵੈਨ 'ਚੋਣਾਂ (voter awareness van) ਦਾ ਪਰਵ ਦੇਸ਼ ਦਾ ਗਰਵ' ਅਧੀਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਵੋਟਰਾਂ ਨੂੰ ਜਾਗਰੂਕ ਕਰੇਗੀ।

ਉਨ੍ਹਾਂ ਦੱਸਿਆ ਕਿ ਇਹ ਵੋਟਰ ਜਾਗਰੂਕਤਾ ਵੈਨ ਵਿਧਾਨ ਸਭਾ ਹਲਕਾ ਮਲੋਟ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚ ਕੇ ਆਡੀਓ-ਵੀਡੀਓ ਰਾਹੀਂ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰੇਗੀ ਅਤੇ ਇਸ ਦਾ ਮੁੱਖ ਉਦੇਸ਼ ਖਾਸ ਕਰਕੇ ਨੌਜਵਾਨ ਵੋਟਰਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕੀਤਾ ਜਾ ਸਕੇ।

The post ਐਸ.ਡੀ.ਐਮ. ਮਲੋਟ ਵੱਲੋਂ ਵੋਟਰ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ appeared first on TheUnmute.com - Punjabi News.

Tags:
  • breaking-news
  • lok-sabha-elections
  • punjab-lok-sabha-elections
  • sdm-malout
  • voter
  • voter-awareness-van

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਫਰਵਰੀ 2024: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਨੂੰ ਨਿਰਧਾਰਤ ਸਮੇਂ 'ਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਥਾਨਕ ਜ਼ਿਲ੍ਹਾ (Mohali) ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰੋਜੈਕਟਾਂ ਦੇ ਚੱਲ ਰਹੇ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਅਜਿਹਾ ਵਤੀਰਾ ਅਪਣਾਉਣ ਵਾਲੇ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਦਾ ਕੰਮ ਜਲਦ ਨੇਪਰੇ ਚਾੜ੍ਹਿਆ ਜਾਵੇ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ 143 ਖੇਡ ਮੈਦਾਨ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 37 ਬਣ ਗਏ ਹਨ ਤੇ 76 ਸਬੰਧੀ ਕੰਮ ਜਾਰੀ ਹੈ। ਇਹਨਾਂ ਕਾਰਜਾਂ ਉੱਤੇ ਹੁਣ ਤੱਕ ਕਰੀਬ 344 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ।

ਇਸ ਦੇ ਨਾਲ ਨਾਲ ਵਧੀਕ ਡਿਪਟੀ ਕਮਿਸ਼ਨਰ ਨੇ ਐਮਪੀਲੈਡ ਤਹਿਤ ਬਕਾਇਆ ਪ੍ਰੋਜੈਕਟਾਂ ਨੂੰ ਫੌਰੀ ਸਿਰੇ ਚੜ੍ਹਾਉਣ ਦੇ ਨਿਰਦੇਸ਼ ਵੀ ਦਿੱਤੇ। ਸ਼੍ਰੀਮਤੀ ਚੌਧਰੀ ਨੇ ਪਖਾਨਿਆਂ, ਛਪੜਾਂ ਦੀ ਸਾਫ-ਸਫਾਈ, ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ, ਨਜ਼ਾਇਜ ਕਬਜ਼ਿਆਂ ਨੂੰ ਛੁਡਵਾਉਣ, ਪਿੰਡਾਂ ਦੀ ਦਿੱਖ ਨੂੰ ਸੁਧਾਰਨ ਹਿੱਤ ਕੀਤੇ ਜਾਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ।

ਪਿੰਡਾਂ ਵਿੱਚ 'ਅੰਮ੍ਰਿਤ ਸਰੋਵਰ' ਦੇ ਕੰਮਾਂ ਵਿੱਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (Mohali) ਨੇ ਕਿਹਾ ਕਿ ਮਹਾਤਮਾ ਗਾਂਧੀ ਦਿਹਾਤੀ ਰੋਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਹੇਠ ਮਗਨਰੇਗਾ ਵਰਕਰਾਂ ਤੋਂ ਵੱਧ ਤੋਂ ਵੱਧ ਵੱਖ ਵੱਖ ਕਾਰਜ ਕਰਵਾਏ ਜਾਣ। ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਮਗਨਰੇਗਾ ਦਿਹਾਤੀ ਖੇਤਰਾਂ ਵਿਚ ਨਾ ਕੇਵਲ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ ਸਗੋਂ ਇਸ ਨਾਲ ਦਿਹਾਤੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ ਨਾਲ ਲੋਕਾਂ ਦਾ ਆਰਥਿਕ ਪੱਧਰ ਵੀ ਉਚਾ ਹੋ ਰਿਹਾ ਹੈ।

ਉਹਨਾਂ ਨੇ ਮਗਨਰੇਗਾ ਤਹਿਤ ਪਿੰਡਾਂ ਵਿਚ ਮਿੰਨੀ ਜੰਗਲ ਵਿਕਸਤ ਕਰਨ, ਸਾਂਝਾ ਜਲ ਤਾਲਾਬ ਸਕੀਮ ਤਹਿਤ ਹੋਰ ਤਾਲਾਬ ਬਣਾਉਣ, ਸਕੂਲਾਂ ਵਿਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਢਾਂਚਾ ਵਿਕਸਤ ਕਰਨ, ਛਪੜਾਂ ਨੂੰ ਸਾਫ਼ ਕਰਨ ਤੇ ਗਾਰ ਕੱਢਣ ਲਈ ਮਗਨਰੇਗਾ ਵਰਕਰਾਂ ਦੀ ਸ਼ਮੂਲੀਅਤ ਯਕੀਨੀ ਬਨਾਉਣ ਲਈ ਕਿਹਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਕਾਰਜਾਂ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਖੁਦ ਫੀਲਡ ਵਿਚ ਜਾ ਕੇ ਪ੍ਰੋਜ਼ੈਕਟਾਂ ਦੀ ਨਿਗਰਾਨੀ ਕਰਨ। ਪਿੰਡਾਂ ਦੀ ਸਾਫ ਸਫਾਈ ਅਹਿਮ ਮਕਸਦ ਹੈ, ਜਿਸ ਵਾਸਤੇ ਜ਼ਿਲ੍ਹੇ ਦੇ ਬੀ.ਡੀ.ਓਜ਼ ਖੁਦ ਨਿਰੀਖਣ ਕਰਨ ਤਾਂ ਜੋ ਪਿੰਡਾਂ ਨੂੰ ਮਾਡਲ ਪਿੰਡ ਦੇ ਰੂਪ ਵਿਚ ਬਦਲਿਆ ਜਾ ਸਕੇ। ਇਸ ਮੌਕੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

The post ਮੋਹਾਲੀ ਦੇ ਪਿੰਡਾਂ ‘ਚ ਖੇਡ ਮੈਦਾਨ ਬਣਾਉਣ ਦਾ ਕੰਮ ਛੇਤੀ ਨੇਪਰੇ ਚਾੜ੍ਹਿਆ ਜਾਵੇ: ਵਧੀਕ ਡਿਪਟੀ ਕਮਿਸ਼ਨਰ appeared first on TheUnmute.com - Punjabi News.

Tags:
  • breaking-news
  • mohali
  • mohali-playgrounds
  • news
  • sports-ground

ਫਾਜ਼ਿਲਕਾ 22 ਫਰਵਰੀ 2024: ਐਮ.ਆਰ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਿੰਸੀਪਲ ਦੀ ਅਗਵਾਈ ਵਿਚ ਕਾਲਜ ਮੈਨੇਜਮੈਂਟ ਦੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨਾਲ ਬੈਠਕ ਹੋਈ। ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਇਸ ਮੌਕੇ ਵਿਦਿਆਰਥੀਆਂ ਦੀ ਮੰਗ ਤੇ ਹਦਾਇਤ ਕੀਤੀ ਕਿ ਜਿਹੜੇ ਵਿਦਿਆਰਥੀਆਂ ਨੇ ਵਜ਼ੀਫੇ ਲਈ ਅਪਲਾਈ ਕਰਨ ਤੋਂ ਰਹਿ ਗਏ ਹਨ ਅਤੇ ਜਿੰਨੀ ਦੇਰ ਤੱਕ ਪੋਰਟਲ ਖੁੱਲਾ ਹੈ ਉਹਨਾਂ ਦੇ ਫਾਰਮ ਪੋਰਟਲ ਤੇ ਲਏ ਜਾ ਸਕਦੇ ਹਨ। ਇਸੇ ਤਰਹਾਂ ਉਹਨਾਂ ਨੇ ਵਿਦਿਆਰਥੀਆਂ ਨੂੰ ਵੀ ਸੁਝਾਅ ਦਿੱਤਾ ਕਿ ਜਿਨਾਂ ਵਿਦਿਆਰਥੀਆਂ ਦੇ ਫਾਰਮਾਂ ਤੇ ਓਬਜੈਕਸ਼ਨ ਲੱਗਿਆ ਹੈ ਉਹ ਜਲਦ ਤੋਂ ਜਲਦ ਉਹ ਤਰੂਟੀ ਦੂਰ ਕਰਕੇ ਕਾਲਜ ਦੇ ਨੂੰ ਸੂਚਿਤ ਕਰਨ ਤਾਂ ਜੋ ਉਹਨਾਂ ਦਾ ਵਜ਼ੀਫਾ ਨਾ ਰੁਕੇ।

ਇਸੇ ਤਰਹਾਂ ਉਹਨਾਂ ਨੇ ਕਿਹਾ ਕਿ ਜਿਨਾਂ ਵਿਦਿਆਰਥੀਆਂ ਦਾ ਵਜ਼ੀਫਾ ਆ ਗਿਆ ਹੈ ਉਹ ਪਹਿਲਾਂ ਤੋਂ ਤੈਅ ਨਿਯਮਾਂ ਅਨੁਸਾਰ ਆਪਣੀ ਫੀਸ ਜਲਦ ਤੋਂ ਜਲਦ ਭਰਨ। ਇਸ ਮੌਕੇ ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਹਾਲਤ ਵਿੱਚ ਖੱਜਲ ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਹਨਾਂ ਦੀ ਹਰ ਪ੍ਰਕਾਰ ਨਾਲ ਸਹਾਇਤਾ ਕੀਤੀ ਜਾਵੇਗੀ।

ਪਰ ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜਦੋਂ ਉਹਨਾਂ ਦਾ ਵਜ਼ੀਫਾ ਆ ਜਾਵੇ ਤਾਂ ਪਹਿਲਾਂ ਤੋਂ ਤੈਅ ਨਿਯਮ ਅਨੁਸਾਰ ਉਹ ਬਿਨਾਂ ਦੇਰੀ ਆਪਣੀ ਫੀਸ ਅਦਾ ਕਰ ਦੇਣ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਜਿੰਨ੍ਹਾਂ ਵਿਦਿਆਰਥੀਆਂ ਦਾ ਵਜੀਫਾ ਆ ਗਿਆ ਹੈ ਉਹ ਤਰੰਤ ਆਪਣੀ ਫੀਸ ਭਰ ਦੇਣਗੇ।

The post ਸਰਕਾਰੀ ਕਾਲਜ ਦੇ ਵਿਦਿਆਰਥੀ ਤੇ ਮੈਨੇਜਮੈਂਟ ਦੀ DC ਡਾ. ਸੇਨੂ ਦੁੱਗਲ ਨਾਲ ਹੋਈ ਬੈਠਕ appeared first on TheUnmute.com - Punjabi News.

Tags:
  • breaking-news
  • dr-senu-duggal
  • government-college
  • news

ਪੰਜਾਬ 'ਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

Thursday 22 February 2024 02:18 PM UTC+00 | Tags: aam-aadmi-party breaking-news cm-bhagwant-mann horticulture latest-news news punjab punjab-government punjabi-news silk-production

ਚੰਡੀਗੜ੍ਹ, 22 ਫਰਵਰੀ 2024: ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਤਹਿਤ ਰੇਸ਼ਮ ਉਤਪਾਦਨ (silk production) ਸਣੇ ਹੋਰਨਾਂ ਫ਼ਸਲਾਂ ਨੂੰ ਹੁਲਾਰਾ ਦੇਣ ਸਬੰਧੀ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਬਾਗ਼ਬਾਨੀ ਵਿਭਾਗ ਵੱਲੋਂ ਸੈਰੀਕਲਚਰ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।

ਇਥੋਂ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟ੍ਰੇਸ਼ਨ (ਮਗਸੀਪਾ) ਵਿਖੇ ਕੇਂਦਰ ਰੇਸ਼ਮ ਬੋਰਡ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਕਮਿਸ਼ਨਰ ਸ੍ਰੀਮਤੀ ਨੀਲਿਮਾ, ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਅਤੇ ਕੇਂਦਰ ਰੇਸ਼ਮ ਬੋਰਡ ਦੇ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ।

ਮੁੱਖ ਮਹਿਮਾਨ ਸ੍ਰੀਮਤੀ ਨੀਲਿਮਾ ਨੇ ਆਪਣੇ ਸੰਬੋਧਨ ਦੌਰਾਨ ਸੂਬੇ ਵਿੱਚ ਰੇਸ਼ਮ ਉਤਪਾਦਨ (silk production) ਨੂੰ ਪ੍ਫੂਲਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡਾਇਰੈਕਟਰ ਬਾਗ਼ਬਾਨੀ ਨੇ ਦੱਸਿਆ ਕਿ ਰੇਸ਼ਮ ਉਤਪਾਦਨ ਦਾ ਕਿੱਤਾ ਪੰਜਾਬ ਵਿੱਚ ਮੁੱਖ ਤੌਰ ‘ਤੇ ਕੰਢੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਦੇ ਛੋਟੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸੈਰੀਕਲਚਰ ਸਕੀਮਾਂ ਅਧੀਨ ਵੱਖ-ਵੱਖ ਗਤੀਵਿਧੀਆਂ ਜਿਵੇਂ ਪਲਾਂਟੇਸ਼ਨ, ਕੀਟ ਪਾਲਣ ਘਰ, ਰੇਰਿੰਗ ਉਪਕਰਣ, ਟ੍ਰੇਨਿੰਗ, ਐਕਸਪੋਜ਼ਰ ਵਿਜ਼ਿਟ ਆਦਿ ਅਧੀਨ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।

ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸੈਰੀਕਲਚਰ ਦੇ ਵਿਕਾਸ ਸਬੰਧੀ ਵਿਸ਼ਾ ਮਾਹਰਾਂ ਅਤੇ ਸਾਇੰਸਦਾਨਾਂ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਤਕਨੀਕੀ ਜਾਣਕਾਰੀ ਦਿੱਤੀ ਗਈ। ਕੇਂਦਰੀ ਰੇਸ਼ਮ ਬੋਰਡ ਦੇ ਸਹਾਇਕ ਸਕੱਤਰ ਦਸ਼ਰਥੀ ਬਹੇਰਾ, ਸਾਇੰਟਿਸਟ-ਡੀ ਬੰਗਲੌਰ ਸਦੀਕੀ ਅਲੀ, ਡਾਇਰੈਕਟਰ, ਸੀ.ਐਸ.ਆਰ. ਐਂਡ ਟੀ.ਆਈ, ਪਾਮਪੁਰ ਐਨ.ਕੇ. ਭਾਟੀਆ, ਸਾਇੰਟਿਸਟ-ਡੀ ਸਰਦਾਰਾ ਸਿੰਘ ਅਤੇ ਸੁਰਿੰਦਰ ਭੱਟ ਨੇ ਰੇਸ਼ਮ ਉਤਪਾਦਨ ਸਬੰਧੀ ਵੱਖ-ਵੱਖ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।

ਟ੍ਰੇਨਿੰਗ ਪ੍ਰੋਗਰਾਮ ਦੌਰਾਨ ਵਿਭਾਗ ਦੇ ਸੈਰੀਕਲਚਰ ਵਿੰਗ ਵੱਲੋਂ ਵੱਖ-ਵੱਖ ਗਤੀਵਿਧੀਆਂ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਤੋਂ ਇਲਾਵਾ ਗੋਆ ਇੰਸਟੀਚਿਊਟ ਆਫ਼ ਟ੍ਰੇਨਿੰਗ ਸਟੱਡੀਜ਼ ਦੇ ਅਧਿਕਾਰੀਆਂ ਵੱਲੋ ਸ਼ਖ਼ਸੀਅਤ ਵਿਕਾਸ, ਸਵੈ-ਜਾਗਰੂਕਤਾ, ਸਮਾਂ ਪ੍ਰਬੰਧਨ ਅਤੇ ਡੈਲੀਗੇਸ਼ਨ ਸਕਿੱਲ ਆਦਿ ਸਬੰਧੀ ਸਿਖਲਾਈ ਦਿੱਤੀ ਗਈ।

ਟ੍ਰੇਨਿੰਗ ਵਿੱਚ ਵਿਭਾਗ ਦੇ ਸਹਾਇਕ ਡਾਇਰੈਕਟਰ ਦਲਬੀਰ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਬਾਜਵਾ ਸਣੇ ਸੂਬੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।

The post ਪੰਜਾਬ ‘ਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ appeared first on TheUnmute.com - Punjabi News.

Tags:
  • aam-aadmi-party
  • breaking-news
  • cm-bhagwant-mann
  • horticulture
  • latest-news
  • news
  • punjab
  • punjab-government
  • punjabi-news
  • silk-production

ਚੰਡੀਗੜ੍ਹ, 22 ਫਰਵਰੀ 2024: ਹਰਿਆਣਾ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਇਜਲਾਸ ਦੌਰਾਨ ਸਦਨ ਦੇ ਆਗੂ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਤੁਰੰਤ ਫੈਸਲੇ ਲੈਣ ਦੀ ਆਪਣੀ ਵਚਨਬੱਧਤਾ ਦੁਹਰਾਈ। ਸਦਨ ‘ਚ ਚਰਚਾ ਦੌਰਾਨ ਤਿਗਾਂਵ ਦੇ ਵਿਧਾਇਕ ਰਾਜੇਸ਼ ਨਾਗਰ ਨੇ ਦੱਸਿਆ ਕਿ ਤਿਗਾਂਵ ਅਤੇ ਗ੍ਰੇਟਰ ਫਰੀਦਾਬਾਦ ਇਕ ਵੱਡਾ ਖੇਤਰ ਬਣ ਗਏ ਹਨ। ਇਸ ਲਈ ਤਿਗਾਂਵ ਨੂੰ ਸਬ-ਡਿਵੀਜ਼ਨ ਬਣਾਇਆ ਜਾਵੇ। ਇਸੇ ਤਰ੍ਹਾਂ ਕਈ ਵਿਧਾਇਕਾਂ ਨੇ ਵੀ ਸ਼ਹਿਰੀ ਖੇਤਰਾਂ ਵਿੱਚ ਸਾਲਾਂ ਤੋਂ ਰਹਿ ਰਹੇ ਲੋਕਾਂ ਨੂੰ ਰਿਹਾਇਸ਼ੀ ਜਾਇਦਾਦ ਦੇ ਮਾਲਕੀ ਹੱਕ ਦੇਣ ਦੀ ਮੰਗ ਉਠਾਈ ਸੀ, ਜਿਸ ਨੂੰ ਮੁੱਖ ਮੰਤਰੀ ਨੇ ਤੁਰੰਤ ਪੂਰਾ ਕੀਤਾ।

ਇਜਲਾਸ ਦੌਰਾਨ ਹੀ ਮੁੱਖ ਮੰਤਰੀ (Manohar Lal) ਨੇ ਤਿਗਾਂਵ ਨੂੰ ਸਬ-ਡਿਵੀਜ਼ਨ ਬਣਾਉਣ ਦਾ ਐਲਾਨ ਕੀਤਾ ਅਤੇ ਇਸ ਦੀ ਰਸਮੀ ਕਾਰਵਾਈ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਸ਼ਹਿਰਾਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਸਾਲਾਂ ਤੋਂ ਮਕਾਨ ਬਣਾ ਰਹੇ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ਇੱਕ ਹਫ਼ਤੇ ਦੇ ਅੰਦਰ ਨੀਤੀ ਲਿਆਉਣ ਦਾ ਐਲਾਨ ਵੀ ਕੀਤਾ। ਇਸ ਨੀਤੀ ਤਹਿਤ ਜਿਹੜੇ ਲੋਕ 20 ਸਾਲਾਂ ਤੋਂ ਰਿਹਾਇਸ਼ੀ ਪਲਾਟਾਂ ਵਿੱਚ ਮਕਾਨ ਬਣਾ ਰਹੇ ਹਨ, ਉਨ੍ਹਾਂ ਨੂੰ ਮਾਲਕੀ ਦਾ ਹੱਕ ਮਿਲ ਸਕੇਗਾ।

ਵਰਨਣਯੋਗ ਹੈ ਕਿ ਮੁੱਖ ਮੰਤਰੀ ਦੀ ਪਹਿਲਕਦਮੀ ‘ਤੇ ਸ਼ਹਿਰਾਂ, ਨਗਰ ਪਾਲਿਕਾਵਾਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀਆਂ ਜਾਇਦਾਦਾਂ 20 ਸਾਲਾਂ ਤੋਂ ਲੀਜ਼ ‘ਤੇ ਲੈ ਕੇ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਚਲਾ ਰਹੇ ਲੋਕਾਂ ਨੂੰ ਪਹਿਲਾਂ ਹੀ ਮਾਲਕੀ ਦਿੱਤੀ ਜਾ ਚੁੱਕੀ ਹੈ |

The post ਸ਼ਹਿਰੀ ਖੇਤਰਾਂ ‘ਚ 20 ਸਾਲਾਂ ਤੋਂ ਰਿਹਾਇਸ਼ੀ ਪਲਾਟਾਂ ‘ਚ ਰਹਿ ਰਹੇ ਲੋਕਾਂ ਨੂੰ ਮਿਲੇਗਾ ਮਾਲਕੀ ਹੱਕ: CM ਮਨੋਹਰ ਲਾਲ appeared first on TheUnmute.com - Punjabi News.

Tags:
  • breaking-news
  • cm-manohar-lal
  • haryana-vidhan-sabha
  • manohar-lal
  • nes
  • news
  • residential-plots
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form