TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਅਨੂਪ ਵਿਰਕ ਪੂਰੇ ਹੋ ਗਏ Sunday 15 October 2023 02:24 PM UTC+00 | Tags: central-punjabi-writers news ਚੰਡੀਗੜ੍ਹ, 15 ਅਕਤੂਬਰ 2023: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਅਨੂਪ ਵਿਰਕ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ। ਇੰਨੀਂ ਦਿਨੀਂ ਅਮਰੀਕਾ ਵਿਚ ਰਹਿ ਰਹੇ ਸਨ। ਪ੍ਰੋ. ਅਨੂਪ ਵਿਰਕ ਦਾ ਜਨਮ ਲਹਿੰਦੇ ਪੰਜਾਬ ਦੇ ਪਿੰਡ ਨੱਢਾ ਵਿਚ 21 ਮਾਰਚ 1946 ਨੂੰ ਹੋਇਆ ਸੀ। ਪ੍ਰੋ. ਅਨੂਪ ਵਿਰਕ ਨੂੰ 2001 ਵਿੱਚ ਪੰਜਾਬ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ 2016 ਵਿੱਚ ਗਿਆਨੀ ਹੀਰਾ ਸਿੰਘ ਦਰਦ ਯਾਦਗਾਰੀ ਪੁਰਸਕਾਰ ਵੀ ਮਿਲਿਆ | ਇਸ ਤੋਂ ਇਲਾਵਾ ਪ੍ਰੋ. ਵਿਰਕ ਸਰਕਾਰੀ ਰਣਧੀਰ ਕਾਲਜ ਸੰਗਰੂਰ ਅਤੇ ਖ਼ਾਲਸਾ ਕਾਲਜ ਪਟਿਆਲਾ ਵਿਖੇ ਲੈਕਚਰਾਰ ਵੀ ਰਹੇ। ਪ੍ਰੋ. ਅਨੂਪ ਵਿਰਕ ਦੀਆਂ ਚੋਣਵੀਆਂ ਲਿਖਤਾਂ ਵਿਚ ਅਨੁਭਵ ਦੇ ਅੱਥਰੂ,ਪੌਣਾਂ ਦਾ ਸਿਰਨਾਵਾਂ, ਪਿੱਪਲ ਦੇ ਪੱਤਿਆ ਵੇ, ਦਿਲ ਅੰਦਰ ਦਰਿਆਉ, ਮਾਣੀ ਰੁਦਨ ਕਰੇਂਦੀ ਯਾਰ, ਦੁੱੱਖ ਦੱਸਣ ਦਰਿਆ, ਰੂਹਾਂ ਦੇ ਰੂਬਰੂ ਸ਼ਾਮਲ ਹਨ। ਉਨ੍ਹਾਂ ਦਾ ਸਾਹਿਤ ਰਚਨਾ ਦੇ ਨਾਲ ਨਾਲ ਸਾਹਿਤਕ ਜਥੇਬੰਦੀਆਂ ਵਿਚ ਵੀ ਵੱਡਾ ਯੋਗਦਾਨ ਸੀ। ਉਨ੍ਹਾਂ ਦੇ ਪ੍ਰਗੀਤਕ ਕਵਿਤਾ ਵਿਚ ਵੱਡਾ ਨਾਂ ਸੀ। ਉਹ ਮਕਤਲ ਦੇ ਸੰਪਾਦਕ ਵੀ ਰਹੇ।
The post ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਅਨੂਪ ਵਿਰਕ ਪੂਰੇ ਹੋ ਗਏ appeared first on TheUnmute.com - Punjabi News. Tags:
|
ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਪੂਰੇ ਹੋ ਗਏ Sunday 15 October 2023 02:30 PM UTC+00 | Tags: former-election-commissioner manohar-gill manohar-singh-gill news ਚੰਡੀਗੜ੍ਹ, 15 ਅਕਤੂਬਰ 2023: ਅੱਜ ਸਾਬਕਾ ਕੇਂਦਰੀ ਮੰਤਰੀ ਤੇ ਭਾਰਤ ਸਾਬਕਾ ਇਲੈਕਸ਼ਨ ਕਮਿਸ਼ਨਰ ਮਨੋਹਰ ਸਿੰਘ ਗਿੱਲ ਦਾ ਦਿੱਲੀ ਵਿਖੇ ਦਿਹਾਂਤ ਹੋ ਗਿਆ। ਮਨੋਹਰ ਗਿੱਲ ਦਾ ਜਨਮ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਅਲਾਦੀਨਪੁਰ ਵਿੱਚ ਹੋਇਆ ਸੀ। ਹੁਣ ਲੰਮੇ ਸਮੇਂ ਤੋਂ ਦਿੱਲੀ ਵਿੱਚ ਹੀ ਰਹਿ ਰਹੇ ਸਨ। ਜਾਣਕਾਰੀ ਦਿੰਦਿਆਂ ਪਰਿਵਾਰ ਦੇ ਨਜ਼ਦੀਕੀ ਸਾਬਕਾ ਚੇਅਰਮੈਨ ਸੁਬੇਗ ਸਿੰਘ ਧੁੰਨ ਨੇ ਦੱਸਿਆ ਕਿ ਇਹ ਪਿੰਡ ਅਲਾਦੀਨਪੁਰ ਤੇ ਜ਼ਿਲ੍ਹਾ ਤਰਨ ਤਾਰਨ ਲਈ ਬੜੀ ਮੰਦਭਾਗੀ ਖ਼ਬਰ ਹੈ ਕਿਉਂਕਿ ਉਨ੍ਹਾਂ ਨੇ ਖੇਡ ਮੰਤਰੀ ਹੁੰਦਿਆਂ ਤਰਨ ਤਾਰਨ ਜ਼ਿਲ੍ਹੇ ਲਈ ਬਹੁਤ ਵੱਡੇ ਉਪਰਾਲੇ ਕੀਤੇ ਸਨ। The post ਭਾਰਤ ਦੇ ਸਾਬਕਾ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਪੂਰੇ ਹੋ ਗਏ appeared first on TheUnmute.com - Punjabi News. Tags:
|
ਮੇਰੇ ਸ਼ਬਦ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਲਈ ਸਿਰਫ਼ ਇੱਕ ਚਿਤਾਵਨੀ ਸਨ: ਕੁਲਤਾਰ ਸਿੰਘ ਸੰਧਵਾਂ Sunday 15 October 2023 02:32 PM UTC+00 | Tags: kultar-singh-sandhwan ਚੰਡੀਗੜ੍ਹ, 15 ਅਕਤੂਬਰ 2023: ਸਮਾਜ ਦੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਹਰ ਕਿਸੇ ਲਈ ਨਹੀਂ ਸਗੋਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਲਈ ਕੀਤੀ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਸਪੀਕਰ ਨੇ ਕਿਹਾ ਕਿ ਇੱਕ ਸੱਭਿਅਕ ਸਮਾਜ ਵਿੱਚ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਿਰਫ਼ ਚੇਤਾਵਨੀ ਦਿੱਤੀ ਸੀ ਕਿ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚਿਤਾਵਨੀ ਦਾ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਤੋਂ ਸਿਵਾਏ ਹੋਰ ਕੋਈ ਵੀ ਉਦੇਸ਼ ਨਹੀਂ ਸੀ। ਸਪੀਕਰ ਨੇ ਕਿਹਾ ਕਿ ਕੁਝ ਸਵਾਰਥੀ ਲੋਕ ਉਹਨਾਂ ਦੇ ਬਿਆਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚੇਤਾਵਨੀ ਸਿਰਫ਼ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਵਾਲਿਆਂ ਲਈ ਸੀ। ਉਨ੍ਹਾਂ ਕਿਹਾ ਕਿ ਉਹਨਾਂ ਨੇ ਇਹਨਾਂ ਸਖ਼ਤ ਸ਼ਬਦਾਂ ਦੀ ਵਰਤੋਂ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕੀਤੀ ਹੈ ਅਤੇ ਜੇਕਰ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫ਼ੀ ਚਾਹੁੰਦੇ ਹਨ। The post ਮੇਰੇ ਸ਼ਬਦ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਲਈ ਸਿਰਫ਼ ਇੱਕ ਚਿਤਾਵਨੀ ਸਨ: ਕੁਲਤਾਰ ਸਿੰਘ ਸੰਧਵਾਂ appeared first on TheUnmute.com - Punjabi News. Tags:
|
ਆਪ ਸਰਕਾਰ ਨੇ ਮਹਿਜ਼ 18 ਮਹੀਨਿਆਂ 'ਚ ਨੌਜਵਾਨਾਂ ਨੂੰ 37100 ਸਰਕਾਰੀ ਨੌਕਰੀਆਂ ਦਿੱਤੀਆਂ: CM ਭਗਵੰਤ ਮਾਨ Sunday 15 October 2023 02:38 PM UTC+00 | Tags: aam-aadmi-party government-jobs latest-news punjab punjab-government the-unmute-breaking-news the-unmute-punjabi-news ਚੰਡੀਗੜ੍ਹ, 15 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗਾਰੰਟੀ ਪੂਰੀ ਕਰਨ ਦੇ ਸਫ਼ਰ ਨੂੰ ਜਾਰੀ ਰੱਖਦੇ ਹੋਏ ਆਪਣੀ ਸਰਕਾਰ ਦੇ ਮਹਿਜ਼ 18 ਮਹੀਨਿਆਂ ਦੇ ਕਾਰਜਕਾਲ ਵਿੱਚ 37100 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ ਇੱਥੇ ਮਿਊਂਸਪਲ ਭਵਨ ਵਿਖੇ ਗ੍ਰਹਿ ਮਾਮਲੇ, ਟਰਾਂਸਪੋਰਟ ਅਤੇ ਮਾਲ ਵਿਭਾਗਾਂ ਦੇ ਨਵੇਂ ਭਰਤੀ ਹੋਏ 304 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਲਈ ਕਰਵਾਏ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਸ਼ੁਰੂਆਤ ਵਿੱਚ ਪਹਿਲੇ ਨਵਰਾਤੇ ਦੇ ਪਵਿੱਤਰ ਮੌਕੇ ਦੀ ਲੋਕਾਂ ਨੂੰ ਵਧਾਈ ਦਿੱਤੀ। ਨਵੇਂ ਭਰਤੀ ਹੋਏ ਨੌਜਵਾਨਾਂ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਹ ਇਕ ਇਤਿਹਾਸਕ ਮੌਕਾ ਹੈ ਕਿਉਂਕਿ ਨੌਜਵਾਨ ਹੁਣ ਰਸਮੀ ਤੌਰ ਉਤੇ ਸੂਬਾ ਸਰਕਾਰ ਦੇ ਪਰਿਵਾਰ ਦੇ ਮੈਂਬਰ ਬਣ ਗਏ ਹਨ। ਭਗਵੰਤ ਸਿੰਘ ਮਾਨ ਨੇ ਇਸ ਵਿਲੱਖਣ ਪ੍ਰਾਪਤੀ ਲਈ ਇਨ੍ਹਾਂ ਉਮੀਦਵਾਰਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਕਿਉਂਕਿ ਉਹ ਸਖ਼ਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਕਾਮਯਾਬ ਹੋਏ ਹਨ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬਾ ਸਰਕਾਰ ਪੁਲਿਸ ਨੂੰ ਵਿਗਿਆਨਕ ਲੀਹਾਂ ‘ਤੇ ਆਧੁਨਿਕ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਦੇ ਆਪਣੇ ਮੁਢਲੇ ਫਰਜ਼ ਨੂੰ ਨਿਭਾਉਣ ਦੇ ਨਾਲ-ਨਾਲ ਹਮੇਸ਼ਾ ਹੀ ਦੇਸ਼ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਬਦਲਦੇ ਹਾਲਤਾਂ ਵਿੱਚ ਫੋਰਸ ਲਈ ਚੁਣੌਤੀਆਂ ਕਈ ਗੁਣਾ ਵੱਧ ਗਈਆਂ ਹਨ, ਜਿਸ ਕਾਰਨ ਇਨ੍ਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਆਧੁਨਿਕੀਕਰਨ ਹੋਣਾ ਸਮੇਂ ਦੀ ਲੋੜ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇੱਕ ਪਾਸੇ ਸੂਬੇ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਠੱਲ੍ਹ ਪਾਉਣ ਅਤੇ ਦੂਜੇ ਪਾਸੇ ਸੂਬੇ ਦੀਆਂ ਸੜਕਾਂ ‘ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸੂਬਾ ਸਰਕਾਰ ਨੇ 'ਸੜਕ ਸੁਰੱਖਿਆ ਫੋਰਸ' ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਵਿਸ਼ੇਸ਼ ਫੋਰਸ ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸਿਆਂ ਵਿੱਚ ਗੁਆਚ ਰਹੀਆਂ ਕਈ ਕੀਮਤੀ ਜਾਨਾਂ ਨੂੰ ਬਚਾਉਣ ਲਈ ਇੱਕ ਅਹਿਮ ਭੂਮਿਕਾ ਨਿਭਾਏਗੀ ਅਤੇ ਇਸ ਫੋਰਸ ਨੂੰ ਅੰਨ੍ਹੇਵਾਹ ਡਰਾਈਵਿੰਗ ਕਰਨ ਨੂੰ ਰੋਕਣ ਅਤੇ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਹੋਰ ਸੜਕ ਹਾਦਸਿਆਂ ਦੀ ਰੋਕਥਾਮ ਦਾ ਕੰਮ ਸੌਂਪਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਅਤਿ ਆਧੁਨਿਕ ਯੰਤਰਾਂ ਨਾਲ ਲੈਸ 144 ਵਾਹਨਾਂ ਹਰ 30 ਕਿਲੋਮੀਟਰ ਬਾਅਦ ਸੜਕਾਂ ‘ਤੇ ਤਾਇਨਾਤ ਕੀਤੇ ਜਾਣਗੇ ਅਤੇ ਇਨ੍ਹਾਂ ਵਾਹਨਾਂ ਵਿੱਚ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾਉਣ ਲਈ ਮੈਡੀਕਲ ਕਿੱਟ ਵੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਬਹੁਤ ਮਾਣ ਅਤੇ ਤਸੱਲੀ ਹੋ ਰਹੀ ਹੈ ਕਿ ਸੂਬਾ ਸਰਕਾਰ ਨੇ ਮੁਲਾਜ਼ਮਾਂ ਨਾਲ ਲਗਦੇ 'ਕੱਚੇ' ਸ਼ਬਦ ਨੂੰ ਖਤਮ ਕਰਕੇ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਅੜਚਣਾਂ ਪਾਰ ਕਰਦਿਆਂ 12710 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰੈਗੂਲਰ ਹੋਣ ਨਾਲ ਇਨ੍ਹਾਂ ਅਧਿਆਪਕਾਂ ਨੂੰ ਛੁੱਟੀਆਂ ਸਮੇਤ ਹੋਰ ਲਾਭ ਦੇ ਨਾਲ-ਨਾਲ ਤਨਖਾਹਾਂ ਵਿੱਚ ਪੰਜ ਫੀਸਦੀ ਦਾ ਸਾਲਾਨਾ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ, ਜਿਸ ਲਈ ਪ੍ਰਕਿਰਿਆ ਪਹਿਲਾਂ ਹੀ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਖਾਸ ਕਰਕੇ ਸਰਕਾਰੀ ਖੇਤਰ ਵਿੱਚ ਭਰਤੀਆਂ ਮੌਕੇ ਭਾਈ-ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਉਨ੍ਹਾਂ ਕਿਹਾ ਕਿ ਰਸੂਖਵਾਨ ਲੋਕ ਖੁਦ ਹੀ ਇਨ੍ਹਾਂ ਪ੍ਰੀਖਿਆਵਾਂ ਦੇ ਪੇਪਰ ਲੀਕ ਕਰਵਾ ਕੇ ਮੋਟੀਆਂ ਰਕਮਾਂ ਲੈ ਕੇ ਅਯੋਗ ਵਿਅਕਤੀਆਂ ਦੇ ਪਿਛਲੇ ਦਰਵਾਜ਼ੇ ਰਾਹੀਂ ਦਾਖ਼ਲੇ ਕਰਵਾਉਂਦੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਮਾੜੀ ਪ੍ਰਥਾ ਨੂੰ ਖ਼ਤਮ ਕੀਤਾ ਹੈ ਅਤੇ ਹੁਣ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਨੌਕਰੀਆਂ ਮਿਲ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਪਰਵਾਸ ਦੇ ਰੁਝਾਨ ਦਾ ਪੁੱਠਾ ਗੇੜ ਸ਼ੁਰੂ ਹੋ ਗਿਆ ਹੈ ਕਿਉਂਕਿ ਜੋ ਨੌਜਵਾਨ ਰੋਜ਼ਗਾਰ ਲਈ ਵਿਦੇਸ਼ ਗਏ ਸਨ, ਉਹ ਹੁਣ ਸੂਬੇ ਵਿੱਚ ਸਰਕਾਰੀ ਨੌਕਰੀਆਂ ਲੈਣ ਲਈ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਜਿਸ ਨਾਲ ਨੌਜਵਾਨ ਪੰਜਾਬ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਬਰਾਬਰ ਦੇ ਹਿੱਸੇਦਾਰ ਬਣ ਸਕਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇ ਕੇ ਉਨ੍ਹਾਂ ਦੇ ਵੱਧ ਅਧਿਕਾਰਾਂ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਵਾਸਤੇ ਅੱਠ ਹਾਈ-ਟੈਕ ਸੈਂਟਰ ਖੋਲ੍ਹ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ਵਿੱਚ ਵੱਕਾਰੀ ਅਹੁਦਿਆਂ ‘ਤੇ ਸੇਵਾ ਨਿਭਾਉਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਨੌਜਵਾਨਾਂ ਨੂੰ ਉੱਚ ਅਹੁਦਿਆਂ ਦੇ ਕਾਬਲ ਬਣਾ ਕੇ ਦੇਸ਼ ਦੀ ਸੇਵਾ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਆਪਣੇ ਅਹੁਦੇ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰਨ ਅਤੇ ਉਨ੍ਹਾਂ ਦੀ ਖੱਜਲ-ਖੁਆਰੀ ਦੀ ਬਜਾਏ ਇਨਸਾਫ ਦਿਵਾਉਣ ਲਈ ਸਮਝਦਾਰੀ ਅਤੇ ਦਿਆਨਦਾਰੀ ਨਾਲ ਡਿਊਟੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ ਜਿਸ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਸੂਬੇ ਦੇ ਵਿਕਾਸ ਤੇ ਤਰੱਕੀ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਭਗਵੰਤ ਸਿੰਘ ਮਾਨ ਨੇ ਨੌਜਵਾਨਾਂ ਨੂੰ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਅਤੇ 'ਰੰਗਲਾ ਪੰਜਾਬ' ਸਿਰਜਣ ਲਈ ਉਨ੍ਹਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਮਾਲ ਮੰਤਰੀ ਮੰਤਰੀ ਬ੍ਰਮ ਸ਼ੰਕਰ ਜਿੰਪਾ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਡੀ.ਜੀ.ਪੀ. ਗੌਰਵ ਯਾਦਵ,ਵਿੱਤ ਕਮਿਸ਼ਨਰ (ਮਾਲ) ਕੇ.ਏ.ਪੀ. ਸਿਨਹਾ, ਸਕੱਤਰ ਗ੍ਰਹਿ ਗੁਰਕਿਰਤ ਕ੍ਰਿਪਾਲ ਸਿੰਘ, ਸਕੱਤਰ ਟਰਾਂਸਪੋਰਟ ਦਿਲਰਾਜ ਸਿੰਘ ਸੰਧਾਵਾਲੀਆ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। The post ਆਪ ਸਰਕਾਰ ਨੇ ਮਹਿਜ਼ 18 ਮਹੀਨਿਆਂ ‘ਚ ਨੌਜਵਾਨਾਂ ਨੂੰ 37100 ਸਰਕਾਰੀ ਨੌਕਰੀਆਂ ਦਿੱਤੀਆਂ: CM ਭਗਵੰਤ ਮਾਨ appeared first on TheUnmute.com - Punjabi News. Tags:
|
ਜੇਕਰ ਕੋਈ ਵਿਰੋਧੀ ਆਗੂ ਨਾ ਵੀ ਆਇਆ ਤਾਂ ਵੀ ਮੈਂ ਬਹਿਸ ਲਈ ਜ਼ਰੂਰ ਜਾਵਾਂਗਾ: CM ਭਗਵੰਤ ਮਾਨ Sunday 15 October 2023 02:41 PM UTC+00 | Tags: aam-aadmi-party cm-bhagwant-mann debate punjab-government punjab-news the-unmute-breaking-news the-unmute-punjabi-news ਚੰਡੀਗੜ੍ਹ, 15 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਵਿੱਚ ਵਿਰੋਧੀ ਨੇਤਾਵਾਂ ਵੱਲੋਂ ਭੱਜ ਜਾਣ ਦੀਆਂ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅਸਲ ਵਿੱਚ ਇਨ੍ਹਾਂ ਲੀਡਰਾਂ ਨੂੰ ਆਪਣੇ ਗੁਨਾਹਾਂ ਤੋਂ ਪਰਦਾ ਚੁੱਕੇ ਜਾਣ ਦਾ ਡਰ ਸਤਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਸੂਬੇ ਨੂੰ ਬਰਬਾਦ ਕਰਨ ਵਾਲੇ ਲੋਕਾਂ ਨਾਲ ਗੰਢਤੁੱਪ ਸੀ ਜਿਸ ਕਰਕੇ ਉਹ ਇਕ ਨਵੰਬਰ ਦੀ ਬਹਿਸ ਵਿੱਚ ਆਉਣ ਤੋਂ ਪਾਸਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਸੂਬੇ ਦੇ ਲਹੂ ਨਾਲ ਭਿੱਜੇ ਹੋਏ ਹਨ ਕਿਉਂਕਿ ਇਨ੍ਹਾਂ ਲੀਡਰਾਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਹਮੇਸ਼ਾ ਗੱਦਾਰੀ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਵੱਲੋਂ ਸੂਬੇ ਨਾਲ ਕਮਾਏ ਧ੍ਰੋਹ ਲਈ ਕਦੇ ਵੀ ਮੁਆਫ਼ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹਿਸ ਪੰਜਾਬ ਨੂੰ ਕੀਹਨੇ ਅਤੇ ਕਿਵੇਂ ਲੁੱਟਣ ਉਤੇ ਕੇਂਦਰਿਤ ਹੋਵੇਗੀ ਜਿਸ ਵਿੱਚ ਕੁਨਬਾਪ੍ਰਸਤੀ (ਭਾਈ-ਭਤੀਜਾ, ਜੀਜਾ-ਸਾਲਾ), ਪੱਖਪਾਤ, ਟੋਲ ਪਲਾਜ਼ੇ, ਨੌਜਵਾਨਾਂ, ਖੇਤੀਬਾੜੀ, ਵਪਾਰ-ਦੁਕਾਨਦਾਰ, ਗੁਰਬਾਣੀ ਅਤੇ ਦਰਿਆਈ ਪਾਣੀਆਂ ਉਤੇ ਡਾਕਾ ਮਾਰਨ ਸਣੇ ਸੂਬੇ ਨਾਲ ਸਬੰਧਤ ਮਸਲਿਆਂ ਉਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਸਾਰੇ ਮਸਲਿਆਂ ਉਤੇ ਪੰਜਾਬ ਨਾਲ ਧੋਖਾ ਕੀਤਾ ਹੈ ਜਿਸ ਲਈ ਉਨ੍ਹਾਂ ਨੂੰ ਲੋਕਾਂ ਅੱਗੇ ਜੁਆਬਦੇਹ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਡਰ ਆਉਣ ਜਾਂ ਨਾ ਆਉਣ ਪਰ ਉਹ ਬਹਿਸ ਲਈ ਇਨ੍ਹਾਂ ਨੇਤਾਵਾਂ ਦੀਆਂ ਕੁਰਸੀਆਂ ਡਾਹ ਕੇ ਰੱਖਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਲੋਕ ਕਾਮਯਾਬ ਹੋਣ ਤੋਂ ਵੀ ਭੈਭੀਤ ਹੋ ਜਾਂਦੇ ਸਨ ਕਿਉਂਕਿ ਇਹ ਲੀਡਰ ਲੋਕਾਂ ਦੇ ਕਾਰੋਬਾਰ ਵਿੱਚ ਜਬਰੀ ਹਿੱਸਾ-ਪੱਤੀ ਪਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਏਸੇ ਕਰਕੇ ਇਹ ਲੀਡਰ ਸੱਚ ਦਾ ਸਾਹਮਣਾ ਕਰਨ ਤੋਂ ਡਰਦੇ ਹਨ ਅਤੇ ਬਹਿਸ ਵਿੱਚ ਨਾ ਆਉਣ ਲਈ ਇਕ ਤੋਂ ਬਾਅਦ ਇਕ ਬਹਾਨੇਬਾਜ਼ੀ ਘੜ ਰਹੇ ਹਨ। The post ਜੇਕਰ ਕੋਈ ਵਿਰੋਧੀ ਆਗੂ ਨਾ ਵੀ ਆਇਆ ਤਾਂ ਵੀ ਮੈਂ ਬਹਿਸ ਲਈ ਜ਼ਰੂਰ ਜਾਵਾਂਗਾ: CM ਭਗਵੰਤ ਮਾਨ appeared first on TheUnmute.com - Punjabi News. Tags:
|
ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ Sunday 15 October 2023 02:44 PM UTC+00 | Tags: aam-aadmi-party cm-bhagwant-mann latest-news malerkotla paddy-straw punjab punjabi-news the-unmute-breaking-news ਚੰਡੀਗੜ੍ਹ, 15 ਅਕਤੂਬਰ 2023: ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਫਿਰੋਜ਼ਪੁਰ ਕੁਠਾਲਾ ਦਾ 26 ਸਾਲਾ ਕਿਸਾਨ ਗੁਰਪ੍ਰੀਤ ਸਿੰਘ ਕੁਠਾਲਾ ਝੋਨੇ ਦੀ ਪਰਾਲੀ ਤੋਂ ਚੰਗੀ ਕਮਾਈ ਕਰ ਰਿਹਾ ਹੈ। ਝੋਨੇ ਦੀ ਪਰਾਲੀ ਨੂੰ ਜ਼ਿਆਦਾਤਰ ਕਿਸਾਨ ਬੋਝ ਸਮਝਦੇ ਹਨ, ਜਦੋਂ ਕਿ ਕਿਸਾਨ ਗੁਰਪ੍ਰੀਤ ਸਿੰਘ ਨੇ ਮੌਕੇ ਦਾ ਭਰਪੂਰ ਲਾਹਾ ਲੈਂਦਿਆਂ ਇਸ ਨੂੰ ਆਪਣੀ ਕਮਾਈ ਦਾ ਸਾਧਨ ਬਣਾਇਆ। ਉਸ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 50 ਫੀਸਦੀ ਸਬਸਿਡੀ ‘ਤੇ ਪਰਾਲੀ ਦੇ ਪ੍ਰਬੰਧਨ ਲਈ ਮਸ਼ੀਨਾਂ ਜਿਵੇਂ ਸਟਰਾਅ ਰੇਕ ਅਤੇ ਬੇਲਰ ਖਰੀਦ ਕੇ ਮੌਕੇ ਦਾ ਪੂਰਾ ਲਾਭ ਉਠਾਇਆ। ਇਹ ਅਗਾਂਹਵਧੂ ਕਿਸਾਨ 12ਵੀਂ ਪਾਸ ਹੈ ਅਤੇ ਉਹ 40 ਏਕੜ ਜ਼ਮੀਨ 'ਤੇ ਖੇਤੀ ਕਰਦਾ ਹੈ ਜਿਸ ਵਿਚ 10 ਏਕੜ ਉਸਦੇ ਆਪਣੇ ਜਦੋਂਕਿ 30 ਏਕੜ ਠੇਕੇ ਉੱਤੇ ਹੈ। ਉਸ ਨੇ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨਾਲ ਇਕਰਾਰਨਾਮਾ ਕਰਕੇ ਪਿਛਲੇ ਸਾਲ 12000 ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਕਰਕੇ ਲਗਭਗ 16 ਲੱਖ ਰੁਪਏ ਕਮਾਏ ਸਨ। ਹੁਣ ਇਸ ਨੌਜਵਾਨ ਕਿਸਾਨ ਨੇ ਆਪਣੇ ਦੋਸਤ ਸੁਖਵਿੰਦਰ ਸਿੰਘ ਦੀ ਮਦਦ ਨਾਲ ਦੋ ਬੇਲਰ ਅਤੇ ਦੋ ਰੇਕਸ ਸਮੇਤ ਚਾਰ ਨਵੀਆਂ ਮਸ਼ੀਨਾਂ ਖਰੀਦੀਆਂ ਹਨ। ਇਸ ਸਾਲ ਇਕ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਦੀ ਉਮੀਦ ਜ਼ਾਹਿਰ ਕਰਦਿਆਂ ਇਸ ਨੌਜਵਾਨ ਕਿਸਾਨ ਨੇ ਦੱਸਿਆ ਕਿ ਉਸ ਨੇ ਇਸ ਸੀਜ਼ਨ ਵਿੱਚ ਸੰਗਰੂਰ ਆਰ.ਐਨ.ਜੀ. ਬਾਇਓ ਗੈਸ ਪਲਾਂਟ, ਪੰਜਗਰਾਈਆਂ ਨੂੰ 160 ਰੁਪਏ ਪ੍ਰਤੀ ਕੁਇੰਟਲ ਅਤੇ 10 ਰੁਪਏ ਪ੍ਰਤੀ ਗੱਠ ਦੀ ਢੋਆ-ਢੁਆਈ ਦੇ ਹਿਸਾਬ ਨਾਲ 18 ਹਜ਼ਾਰ ਕੁਇੰਟਲ ਪਰਾਲੀ ਦੀਆਂ ਗੱਠਾਂ ਦੀ ਸਪਲਾਈ ਲਈ ਸਮਝੌਤਾ ਸਹੀਬੱਧ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਪੁਸਵ ਬੇਲਰ, ਮਾਨਸਾ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ 5000 ਕੁਇੰਟਲ ਪਰਾਲੀ ਦੀਆਂ ਗੱਠਾਂ ਮੁਹੱਈਆ ਕਰਵਾਉਣ ਲਈ ਵੀ ਸਮਝੌਤਾ ਕੀਤਾ ਹੈ। ਉਸ ਵੱਲੋਂ ਪੰਜ ਹਜ਼ਾਰ ਕੁਇੰਟਲ ਪਰਾਲੀ ਸਥਾਨਕ ਗੁੱਜਰ ਭਾਈਚਾਰੇ ਨੂੰ ਸਪਲਾਈ ਕੀਤੀ ਜਾਵੇਗੀ। ਉਸ ਨੇ ਦੱਸਿਆ ਕਿ ਉਹ ਆਪਣੀ ਜ਼ਮੀਨ ਅਤੇ ਹੋਰ ਨੇੜਲੇ ਪਿੰਡਾਂ ਵਿੱਚੋਂ ਲਗਭਗ 20,000 ਕੁਇੰਟਲ ਗੱਠਾਂ ਸਟੋਰ ਕਰਕੇ ਇਸ ਨੂੰ ਆਫ਼ ਸੀਜ਼ਨ ਵਿੱਚ ਲਗਭਗ 280 ਰੁਪਏ ਦੇ ਹਿਸਾਬ ਨਾਲ ਪੇਪਰ ਮਿੱਲਾਂ, ਬਾਇਓ-ਸੀਐਨਜੀ ਪਲਾਂਟਾਂ ਨੂੰ ਸਪਲਾਈ ਕਰੇਗਾ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਵਾਤਾਵਰਣ ਸੁਰੱਖਿਆ ਲਈ ਸੂਬਾ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਦੇਣ ਲਈ ਇਸ ਨੌਜਵਾਨ ਕਿਸਾਨ ਨੂੰ ਵਧਾਈ ਦਿੰਦਿਆਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਤੋਂ ਪ੍ਰੇਰਨਾ ਲੈ ਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਰਾਲੀ ਨੂੰ ਨਾ ਸਾੜਨ ਸਬੰਧੀ ਲੋਕ ਹਿੱਤ ਵਿੱਚ ਚਲਾਈ ਜਾ ਮੁਹਿੰਮ ਦਾ ਹਿੱਸਾ ਬਣਨ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਦੀ ਰੋਕਥਾਮ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਮੌਜੂਦਾ ਵਾਢੀ ਦੇ ਸੀਜ਼ਨ ਦੌਰਾਨ ਸੂਬੇ ਦੇ ਕਿਸਾਨਾਂ ਨੂੰ ਸਬਸਿਡੀ ‘ਤੇ ਸਰਫੇਸ ਸੀਡਰਾਂ ਸਮੇਤ ਲਗਭਗ 24,000 ਸੀ.ਆਰ.ਐਮ. ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। The post ਝੋਨੇ ਦੀ ਪਰਾਲੀ ਤੋਂ ਲੱਖਾਂ ਰੁਪਏ ਕਮਾ ਰਿਹੈ ਮਾਲੇਰਕੋਟਲਾ ਦਾ ਕਿਸਾਨ appeared first on TheUnmute.com - Punjabi News. Tags:
|
ਪੰਜਾਬ ਦੇ ਵਿਕਾਸ ਪੁਰਸ਼ ਸ. ਮਨੋਹਰ ਸਿੰਘ ਗਿੱਲ ਦੇ ਦਿਹਾਂਤ 'ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ Sunday 15 October 2023 03:01 PM UTC+00 | Tags: punjabi-lok-virasat-academy ਲੁਧਿਆਣਾ 15 ਅਕਤੂਬਰ 2023: ਭਾਰਤ ਦੇ ਸਾਬਕਾ ਖੇਡ ਮੰਤਰੀ, ਮੁੱਖ ਚੋਣ ਕਮਿਸ਼ਨਰ ਤੇ ਪੰਜਾਬ ਦੇ ਵਿਕਾਸ ਪੁਰਸ਼ ਸਃ ਮਨੋਹਰ ਸਿੰਘ ਗਿੱਲ ਦੇ ਦਿਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਆਪਣੇ ਹਰ ਸਵਾਸ ਵਿੱਚ ਪੰਜਾਬ ਦੀ ਚਿੰਤਾ ਤੇ ਸੁਚੇਤ ਅਗਵਾਈ ਕਰਨ ਵਾਲੇ ਸਃ ਮਨੋਹਰ ਸਿੰਘ ਗਿੱਲ ਦਾ ਦਿਹਾਂਤ ਬੇਅੰਤ ਦੁੱਖਦਾਈ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ ਵਿੱਚ ਆਉਣ ਤੋਂ ਬਾਦ ਉਨ੍ਹਾਂ ਪੰਜਾਬ ਵਿੱਤ ਪਹਿਲੀ ਖੰਡ ਮਿੱਲ ਬਟਾਲਾ ਚ ਲੁਆਈ। ਉਹ ਡਾਃ ਮ ਸ ਰੰਧਾਵਾ ਦੇ ਪ੍ਰਸ਼ਾਸਨਿਕ ਚੇਲੇ ਸਨ ਤੇ ਸੁਪਨਿਆਂ ਵਿੱਚ ਸਃ ਪ੍ਰਤਾਪ ਸਿੰਘ ਕੈਰੋਂ ਵਰਗੇ ਦ੍ਰਿੜ ਵਿਅਕਤੀ ਬਣੇ ਰਹੇ। ਉਨ੍ਹਾਂ ਇਹ ਗੱਲ ਮੇਰੇ ਨਾਲ ਬਾਤਚੀਤ ਕਰਦਿਆਂ ਬਹੁਤ ਵਾਰ ਦੁਹਰਾਈ ਕਿ ਮੈਂ ਦੋਹਾਂ ਦਾ ਸੁਮੇਲ ਬਣਨ ਦੀ ਕੋਸ਼ਿਸ਼ ਵਿੱਚ ਉਮਰ ਭਰ ਲੱਗਾ ਰਿਹਾ। ਪੰਜਾਬ ਵਿੱਚ ਸ਼ਹੀਦਾਂ ਦੇ ਬੁੱਤ ਵਿਸ਼ਵ ਪ੍ਰਸਿੱਧ ਕਲਾਕਾਰ ਰਾਮ ਸੁਤਾਰ ਵਰਗਿਆਂ ਤੋਂ ਬਣਵਾਏ, ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਪਾਖਰਪੁਰਾ, ਕਿੜੀ ਮੰਗਿਆਲ ਤੇ ਹੋਰ ਥਾਵਾਂ ਤੇ ਭਵਨ ਬਣਵਾਏ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਲਈ ਵੱਡੀ ਗਰਾਂਟ ਭੇਜੀ, ਗੌਰਮਿੰਟ ਕਾਲਿਜ ਲੁਧਿਆਣਾ ਦੇ ਵਿਦਿਆਰਥੀ ਹੋਣ ਨਾਤੇ ਲੱਖਾਂ ਰੁਪਏ ਵਿਕਾਸ ਕਾਰਜਾਂ ਲਈ ਐੱਮ ਪੀ ਲੈਡ ਫੰਡ ਚੋਂ ਦਿੱਤੇ, ਤਰਨਤਾਰਨ ਸਥਿਤ ਗੁਰੂ ਅਰਜਨ ਦੇਵ ਖਾਲਸਾ ਸਕੂਲ ਦੇ ਵਿਦਿਆਰਥੀ ਰਹੇ ਹੋਣ ਕਾਰਨ ਵਿਸ਼ਾਲ ਖੇਡ ਸਟੈਡੀਅਮ ਬਣਵਾਇਆ, ਖਡੂਰ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਸੰਤ ਸੇਵਾ ਸਿੰਘ ਜੀ ਦਾ ਸਾਥ ਦਿੱਤਾ। ਉਹ ਸੱਚ ਮੁੱਚ ਪੰਜਾਬ ਦੇ ਵਿਕਾਸ ਪੁਰਸ਼ ਸਨ। ਵੱਡੇ ਵੀਰ ਹੋਣ ਨਾਤੇ ਉਹ ਲਾਡ ਨਾਲ ਘੂਰ ਵੀ ਲੈਂਦੇ ਸਨ ਤੇ ਪਿਆਰ ਨਾਲ ਸਮਝਾਉਣਾ ਵੀ ਜਾਣਦੇ ਸਨ। ਉਨ੍ਹਾਂ ਦਾ ਵਿਛੋੜਾ ਸਾਰੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਲਈ ਬੇਹੱਦ ਦੁੱਖਦਾਈ ਹੈ। ਪੰਜਾਬੀ ਪੀਡੀਆ ਅਨੁਸਾਰ ਸੁਤੰਤਰਤਾ ਉਪਰੰਤ ਪੰਜਾਬ ਦੇ ਵਿਕਾਸ ਅਤੇ ਜੀਵਨ ਦੇ ਅਨੇਕਾਂ ਖੇਤਰਾਂ ਵਿਚ ਪ੍ਰਭਾਵਸ਼ਸਾਲੀ ਯੋਗਦਾਨ ਪਾਉਣ ਵਾਲੇ ਉੱਚ ਪ੍ਰਬੰਧਕੀ ਅਧਿਕਾਰੀਆਂ ਵਿਚ ਸਵਰਗੀ ਮਹਿੰਦਰ ਸਿੰਘ ਰੰਧਾਵਾ ਤੋਂ ਪਿੱਛੋਂ ਡਾ. ਮਨੋਹਰ ਸਿੰਘ ਗਿੱਲ ਦਾ ਨਾਂ ਸਭ ਤੋਂ ਉੱਪਰ ਰੱਖਿਆ ਜਾ ਸਕਦਾ ਹੈ। ਡਾ. ਮਨੋਹਰ ਸਿੰਘ ਗਿੱਲ ਦਾ ਜਨਮ 14 ਜੂਨ, 1936 ਨੂੰ ਕਰਨਲ ਸ. ਪਰਤਾਪ ਸਿੰਘ ਗਿੱਲ (ਸਾਬਕਾ ਲੈਫ.ਗਵਰਨਰ ਗੋਆ)ਦੇ ਘਰ ਹੋਇਆ। ਇਸ ਨੇ ਮੁੱਢਲੀ ਵਿਦਿਆ ਗੁਰੂ ਅਰਜਨ ਦੇਵ ਖਾਲਸਾ ਸਕੂਲ ਤਰਨਤਾਰਨ,ਸੇਂਟ ਫ਼ੀਡੈਲਿਸ ਹਾਈ ਸਕੂਲ, ਮਸੂਰੀ ਅਤੇ ਸੇਂਟ ਜਾਰਜ ਕਾਲਜ ਤੋਂ ; ਬੀ.ਏ. ਸਰਕਾਰੀ ਕਾਲਜ, ਲੁਧਿਆਣਾ ਤੋਂ ਐਮ. ਏ. (ਅੰਗਰੇਜ਼ੀ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ। ਵਿਦਿਆਰਥੀ ਜੀਵਨ ਦੌਰਾਨ ਮਨੋਹਰ ਸਿੰਘ ਗਿੱਲ ਨੇ ਖੇਡਾਂ ਅਤੇ ਵਿਦਿਅਕ ਪ੍ਰਤੀਯੋਗਤਾਵਾਂ ਵਿਚ ਤਮਗੇ ਜਿੱਤੇ ਅਤੇ ਅਨੇਕ ਸਨਮਾਨ ਪ੍ਰਾਪਤ ਕੀਤੇ। ਐਮ.ਏ. ਕਰਨ ਉਪਰੰਤ ਇਹ ਭਾਰਤੀ ਪ੍ਰਸ਼ਾਸਕੀ ਸੇਵਾਵਾਂ ਲਈ ਚੁਣਿਆ ਗਿਆ ਅਤੇ ਆਈ. ਏ. ਐਸ. ਬਣਨ ਤੋਂ ਛੇਤੀ ਹੀ ਪਿੱਛੋਂ ਇਸ ਨੂੰ ਸਮੁੱਚੇ ਕਾਡਰ ਵਿਚੋਂ ਇਕ ਸਾਲ ਛੁੱਟੀ ਦੇ ਕੇ ਕੁਈਨਜ਼ ਕਾਲਜ ਕੈਂਬਰਿਜ (ਯੂ ਕੇ)ਭੇਜਿਆ ਗਿਆ ਜਿਥੇ ਇਨ੍ਹਾਂ ਨੇ ਅਰਥਸ਼ਾਸਤਰ ਅਤੇ ਮਾਨਵ ਵਿਗਿਆਨ ਦਾ ਅਧਿਐਨ ਕੀਤਾ। ਸੰਨ 1961 ਵਿਚ ਇਸ ਨੂੰ ਲਾਹੌਲ ਸਪਿਤੀ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ। ਆਪ ਅੰਬਾਲਾ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਵੀ ਰਹੇ। ਕਣਕ ਅਤੇ ਟਮਾਟਰ ਦੇ ਉੱਤਮ ਬੀਜ ਤਿਅਰ ਕਰਵਾ ਕੇ ਇਸ ਇਲਾਕੇ ਦੀ ਆਰਥਿਕਤਾ ਨੂੰ ਸਮੁੱਚੇ ਪੰਜਾਬ ਦੀ ਖੇਤੀ ਪ੍ਰਧਾਨ ਆਰਥਿਕਤਾ ਨਾਲ ਇਕਸੁਰ ਕੀਤਾ ਅਤੇ ਸਥਾਨਕ ਲੋਕਾਂ ਦੀ ਆਮਦਨ ਵਿਚ ਵਰਣਨਯੋਗ ਵਾਧਾ ਕੀਤਾ। ਇਸ ਨੇ ਇਥੋਂ ਦੇ ਅਨੁਭਵ ਉੱਪਰ ਆਧਾਰਤ 'ਹਿਮਾਲੀਅਨ ਵੰਡਰਲੈਂਡ- ਟ੍ਰੈਵਲਜ਼ ਇਨ ਲਾਹੌਲ-ਸਪਿਤੀ' ਅਤੇ 'ਫੋਕ ਟੇਲਜ਼ ਆਫ ਲਾਹੌਲ' ਦੋ ਪੁਸਤਕਾਂ ਵੀ ਲਿਖੀਆਂ ।ਲਾਹੌਲ ਸਪਿਤੀ ਦੀਆਂ ਲੋਕ ਕਹਾਣੀਆਂ ਨਾਮ ਹੇਠ ਉਨ੍ਹਾਂ ਦੀ ਦੂਜੀ ਰਚਨਾ ਦਾ ਅਨੁਵਾਦ ਡਾਃ ਜਗਵਿੰਦਰ ਜੋਧਾ ਨੇ ਕੀਤਾ ਹੈ ਜਿਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ। ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵੱਜੋਂ ਨਿਯੁਕਤ ਹੋਣ ਨਾਲ ਡਾ. ਗਿੱਲ ਦੇ ਪ੍ਰਸ਼ਾਸਕੀ ਜੀਵਨ ਦਾ ਨਵਾਂ ਅਧਿਆਇ ਆਰੰਭ ਹੋਇਆ। ਇਸ ਵਿਭਾਗ ਦੀ ਜ਼ਿੰਮੇਵਾਰੀ ਨੂੰ ਇਸ ਨੇ ਪੰਜਾਬ ਸਹਿਕਾਰਤਾ ਲਹਿਰ ਦੇ ਬਾਨੀ ਸਰ ਮਾਲਕਾਮ ਡਾਰਲਿੰਗ ਅਤੇ ਡਬਲਿਊ. ਐਚ. ਕਾਲਵਰਟ ਦੇ ਜਾਨਸ਼ੀਨ ਵੱਜੋਂ ਮੰਨਿਆ ਅਤੇ ਨਿਭਾਇਆ। ਇਸ ਵਿਭਾਗ ਦਾ ਵਿਆਪਕ ਢਾਂਚਾ ਦੇਸ਼ ਦੇ ਵੱਡੇ ਤੋਂ ਵੱਡੇ ਨਿਗਮ ਦੇ ਬਰਾਬਰ ਹੈ ਜਿਸ ਵਿਚ ਪੇਂਡੂ ਸਹਿਕਾਰੀ ਸਭਾਵਾਂ ਤੋਂ ਸ਼ੁਰੂ ਕਰ ਕੇ ਮਾਰਕਫੈਡ ਤੀਕ ਸਹਿਕਾਰੀ ਬੈਂਕ ਅਤੇ ਸਹਿਕਾਰੀ ਰਿਣ ਪ੍ਰਕਾਰਜ ਸਭ ਕੁਝ ਆਉਂਦਾ ਹੈ। ਇਸ ਸਮੇਂ ਦੌਰਾਨ ਡਾ. ਗਿੱਲ ਨੇ 1974 ਈ. ਵਿਚ ਦੱਖਣ-ਏਸ਼ੀਆਈ ਅਧਿਐਨ ਕੇਂਦਰ ਵੱਲੋਂ ਪ੍ਰਕਾਸ਼ਿਤ ਹੋਣ ਵਾਲੀ ਆਪਣੀ ਪੁਸਤਕ ਦੀ ਰੂਪ ਰੇਖਾ ਵੀ ਘੜਨੀ ਆਰੰਭ ਕੀਤੀ। ਪੰਜਾਬ ਦੇ ਸਹਿਕਾਰਤਾ ਖੇਤਰ ਵਿਚ ਡਾ. ਗਿੱਲ ਦੇ ਇਸ ਮੁੱਲਵਾਨ ਯੋਗਦਾਨ ਨੂੰ ਵੇਖਦੇ ਹੋਏ ਕੇਂਦਰੀ ਸਰਕਾਰ ਨੇ ਇਸ ਨੂੰ ਕੌਮੀ ਸਹਿਕਾਰਤਾ ਵਿਕਾਸ ਨਿਗਮ (N.C.D.C) ਦਾ ਮੈਨੇਜਿੰਗ ਡਾਇਰੈੱਕਟਰ ਬਣਾਇਆ ਗਿਆ। ਇਸ ਦੀ ਰਹਿਨੁਮਾਈ ਹੇਠ ਬਹੁਤਾ ਝਾੜ ਦੇਣ ਵਾਲੀਆਂ ਕਣਕ ਅਤੇ ਝੋਨੇ ਦੀਆਂ ਕਿਸਮਾਂ ਪੈਦਾ ਕਰਨ ਵਿਚ ਪੰਜਾਬ ਦੇ ਖੇਤੀ ਸੈਕਟਰ ਨੇ ਵੱਡੀ ਪੁਲਾਂਘ ਪੁੱਟੀ। ਪੰਜਾਬ ਵਿਚ ਡਾ. ਗਿੱਲ ਦੇ ਕੰਮ ਦੀ ਮਹੱਤਤਾ ਨੂੰ ਦੇਖਦੇ ਹੋਏ ਵਿਸ਼ਵ ਬੈਂਕ ਵੱਲੋਂ ਇਸ ਨੂੰ ਨਾਈਜੀਰੀਆ ਦੇ ਸਕੇਟੋ ਖੇਤੀ-ਬਾੜੀ ਵਿਕਾਸ ਯੋਜਨਾ ਦਾ ਪ੍ਰੋਗਰਾਮ ਮੈਨੇਜਰ ਥਾਪਿਆ ਗਿਆ। ਇਸ ਪ੍ਰੋਗਰਾਮ ਦੇ ਘੇਰੇ ਵਿਚ ਕਾਨੂੰ, ਬਾਅਚੀ ਅਤੇ ਸਕੇਟੋ ਦੇ ਖੇਤਰ ਆਉਣੇ ਸਨ। ਇਸ ਪ੍ਰਾੱਜੈਕਟ ਦੀ ਮੈਨੇਜਰੀ ਤੇ ਤਾਇਨਾਤ ਹੋਣ ਵਾਲਾ ਇਹ ਪਹਿਲਾ ਗੈਰ ਗੋਰਾ ਅਧਿਕਾਰੀ ਸੀ। ਇਕ ਤਰ੍ਹਾਂ ਨਾਲ ਇਹ ਨਾਈਜੀਰੀਆ ਦੇ ਵਿਸ਼ਾਲ ਖੇਤਰ ਦਾ ਸੁਪਰ ਵਿਕਾਸ ਕਮਿਸ਼ਨਰ ਸੀ। ਇਸ ਨੇ ਨਾਈਜੀਰੀਆ ਵਰਗੇ ਗਰੀਬ ਦੇਸ਼ ਲਈ ਬਹੁਤ ਹੀ ਢੁੱਕਵੀਂ ਤੇ ਸਸਤੀ ਭਾਰਤੀ ਤਕਨੀਕ ਦੀ ਵਰਤੋਂ ਲਾਗੂ ਕੀਤੀ ਜਿਸ ਨਾਲ ਵਿੱਤੀ ਫਜ਼ੂਲ ਖਰਚੀ ਤੋਂ ਬਚਾਓ ਹੋ ਸਕਿਆ। ਵਿਸ਼ਵ ਬੈਂਕ ਨੇ ਇਸ ਵੱਲੋਂ ਲਾਗੂ ਕੀਤੇ ਮਾਡਲ ਨੂੰ ਫਾਦਮਾ ਦਰਿਆਈ ਵਾਦੀ ਵਿਚ ਵੀ ਲਾਗੂ ਕੀਤਾ। ਇਸ ਨਾਲ ਡਾ. ਗਿੱਲ ਦੀ ਯੋਗਤਾ ਸੰਸਾਰ ਪੱਧਰ ਤੇ ਸਥਾਪਤ ਹੋ ਗਈ। ਨਾਈਜੀਰੀਆ ਤੋਂ ਵਾਪਸੀ ਤੇ ਇਸ ਨੂੰ 1985 ਈ. ਵਿਚ ਪੰਜਾਬ ਦਾ ਵਿਕਾਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਅਤੇ ਖੇਤੀਬਾੜੀ, ਸਹਿਕਾਰਤਾ, ਡੇਅਰੀ, ਮੱਛੀਪਾਲਣ, ਭੂਮੀ ਸੰਗ੍ਰਹਿਣ ਅਤੇ ਵਿਕਾਸ ਦੇ ਵਿਭਾਗ ਸੌਂਪੇ ਗਏ। ਡਾ. ਗਿੱਲ ਨੇ ਮੰਡੀ ਬੋਰਡ ਦੇ ਸਾਧਨਾਂ ਦੀ ਸੁਯੋਗ ਵਰਤੋਂ ਕਰ ਕੇ ਪੰਜਾਬ ਵਿਚ 30 ਹਜ਼ਾਰ ਕਿ. ਮੀ. ਪੇਂਡੂ ਸੜਕਾਂ ਦਾ ਆਧੁਨਿਕ ਲੀਹਾਂ ਤੇ ਨਿਰਮਾਣ ਕਰਵਾਇਆ ਜਿਸ ਵਿਚ ਪ੍ਰੀਮਿਕਸ ਦੀ ਵਰਤੋਂ ਲਾਜ਼ਮੀ ਕੀਤੀ। ਵਿਚੋਲਿਆਂ ਦੀ ਲੁੱਟ ਤੋਂ ਬਚਾਓ ਅਤੇ ਛੋਟੇ ਕਿਸਾਨਾਂ ਨੂੰ ਮੰਡੀ ਉਪਲਬਧ ਕਰਵਾਉਣ ਹਿਤ ਆਪਣੀ ਮੰਡੀ ਸਕੀਮ ਚਾਲੂ ਕੀਤੀ। ਉਪ-ਮੰਡਲ ਪੱਧਰ ਤੇ ਵਿਕਾਸ ਭਵਨਾਂ ਦੇ ਨਿਰਮਾਣ ਕਰਵਾਏ। ਫ਼ਸਲਾਂ ਲਈ ਮੌਸਮ ਦੀ ਜਾਣਕਾਰੀ ਵਾਲਾ ਰੇਡੀਓ ਪ੍ਰਸਾਰਣ ਆਰੰਭ ਕੀਤਾ। ਡੈਨਮਾਰਕ ਦੀਆਂ ਲੀਹਾਂ ਤੇ ਦੁੱਧ ਸੰਭਾਲ ਦੀ ਪ੍ਰਣਾਲੀ ਨੂੰ ਲਾਗੂ ਕੀਤਾ। ਸੰਨ 1988 ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਨੂੰ ਉਚੇਚਾ ਮਸ਼ਵਰੇ ਲਈ ਬੁਲਾਇਆ ਅਤੇ ਰਸਾਇਣਾਂ ਤੇ ਪੈਟਰੋ ਕੈਮੀਕਲਜ਼ ਵਿਭਾਗ ਵਿਚ ਸਕੱਤਰ ਨਿਯੁਕਤ ਕੀਤਾ। ਇਸ ਦੇ ਯਤਨਾਂ ਸਦਕਾ ਮੋਹਾਲੀ ਵਿਚ ਫਾਰਮਾਸਿਉਟੀਕਲ ਸਿੱਖਿਆ ਅਤੇ ਖੋਜ ਦਾ ਰਾਸ਼ਟਰੀ ਇਨਸਟੀਚਿਊਟ ਸਥਾਪਤ ਕੀਤਾ ਗਿਆ ਸੀ। ਨਰਸਿਮਹਾ ਰਾਓ ਦੀ ਸਰਕਾਰ ਸਮੇਂ ਇਸ ਨੇ ਆਪਣੇ ਮਨਪਸੰਦ ਖੇਤੀਬਾੜੀ ਵਿਭਾਗ ਵਿਚ ਬਦਲੀ ਕਰਵਾ ਲਈ। ਇਸ ਦੇ ਸਮੇਂ ਭਾਰਤ ਨੇ ਪਹਿਲੀ ਵਾਰ ਬਦੇਸ਼ਾਂ ਨੂੰ ਅਨਾਜ ਨਿਰਯਾਤ ਕੀਤਾ। ਸੰਨ 1993 ਵਿਚ ਇਹ ਚੋਣ ਕਮਿਸ਼ਨਰ ਅਤੇ 1996 ਈ. ਵਿਚ ਭਾਰਤ ਦਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਹੋਇਆ। ਇਸ ਨੇ ਇਸ ਪਦਵੀ ਉੱਪਰ ਠਰ੍ਹੰਮੇ ਅਤੇ ਦ੍ਰਿੜਤਾ ਨਾਲ ਲਗਾਤਾਰ ਬੁਨਿਆਦੀ ਸੁਧਾਰਾਂ ਦਾ ਸਿਲਸਿਲਾ ਜਾਰੀ ਰੱਖਿਆ। ਕਰੋੜਾਂ ਵੋਟਰਾਂ ਨੂੰ ਵੋਟਰ ਪਛਾਣ ਪੱਤਰ ਬਣਵਾ ਕੇ ਦਿੱਤੇ ਗਏ। ਇਲੈਕਟ੍ਰਾੱਨਿਕ ਵੋਟਿੰਗ ਮਸ਼ੀਨਾਂ ਦੀ ਵਰਤੋਂ ਚਾਲੂ ਕੀਤੀ ਗਈ। ਵੋਟਾਂ ਦੌਰਾਨ ਧਨ ਦੀ ਵਰਤੋਂ ਘਟਾਉਣ ਲਈ ਚੋਣ ਪ੍ਰਚਾਰ ਦਾ ਸਮਾਂ ਘੱਟ ਕੀਤਾ ਗਿਆ। ਚੋਣਾਂ ਦੇ ਐਲਾਨ ਵਾਲੇ ਦਿਨ ਤੋਂ ਹੀ ਮਾਡਲ ਚੋਣਜ਼ਾਬਤਾ ਲਾਗੂ ਕੀਤਾ। ਰਾਜਨੀਤਕ ਦਲਾਂ ਦੀਆਂ ਅੰਦਰੂਨੀ ਚੋਣਾਂ ਸਮੇਂ ਸਿਰ ਕਰਨੀਆਂ ਲਾਜ਼ਮੀ ਕੀਤੀਆਂ। ਡਾ. ਗਿੱਲ ਦੇ ਵਡੇਰੇ ਮਾਝੇ ਦੇ ਪ੍ਰਸਿੱਧ ਪਿੰਡ ਅਲਾਦੀਨ ਪੁਰ (ਤਰਨਤਾਰਨ ) ਦੇ ਨਿਵਾਸੀ ਸਨ। ਇਸ ਦੇ ਪਿਤਾ ਸ. ਪਰਤਾਪ ਸਿੰਘ ਗਿੱਲ ਭਾਰਤੀ ਫ਼ੌਜ ਵਿਚੋਂ ਕਰਨਲ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਰਾਜਨੀਤੀ ਵਿਚ ਪੂਰੀ ਤਰ੍ਹਾਂ ਸਰਗਰਮ ਰਹੇ ਅਤੇ ਗੋਆ ਦੇ ਉਪ-ਰਾਜਪਾਲ ਵੀ ਰਹੇ। ਇਸ ਤਰ੍ਹਾਂ ਡਾ. ਗਿੱਲ ਨੂੰ ਦਲੇਰੀ, ਅਨੁਸ਼ਾਸਨ ਅਤੇ ਸਮਾਜਕ ਚੇਤਨਾ ਆਪਣੇ ਪਿਤਾ ਪਾਸੋਂ ਵਿਰਸੇ ਵਿਚ ਪ੍ਰਾਪਤ ਹੋਈ। ਸ਼ਾਇਦ ਇਸੇ ਲਈ ਇਸ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਸਮੇਂ ਨਿੱਜੀ ਹਿੱਤਾਂ ਨਾਲੋਂ ਵਿਆਪਕ ਸਮਾਜਕ ਅਤੇ ਰਾਸ਼ਟਰੀ ਹਿੱਤਾਂ ਨੂੰ ਸਦਾ ਸਾਹਮਣੇ ਰਖਿਆ। ਇਹ ਇਸ ਦੇ ਸਵੈ-ਅਨੁਸ਼ਾਸਨ ਦਾ ਕਮਾਲ ਹੈ ਕਿ ਆਪਣੇ ਲੰਬੇ ਪ੍ਰਬੰਧਕੀ ਕਾਰਜਕਾਲ ਦੌਰਾਨ ਇਹ ਕਦੇ ਵੀ ਬੇਲੋੜੇ ਵਿਵਾਦ ਦਾ ਕਾਰਨ ਨਹੀਂ ਬਣਿਆ ਸਗੋਂ ਕਈ ਅਤਿ ਨਾਜ਼ੁਕ ਫੈਸਲੇ ਲੈ ਕੇ ਇਸ ਨੇ ਆਪਣੀ ਜਾਤ ਨੂੰ ਕਦੇ ਵਿਵਾਦਾਸਪਦ ਨਹੀਂ ਬਣਨ ਦਿੱਤਾ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵੱਜੋਂ ਕਈ ਬਹੁਦਰਸ਼ੀ ਸੁਧਾਰ ਲਾਗੂ ਕਰ ਕੇ ਵੀ ਭਾਰਤ ਦੀ ਪੇਚਦਾਰ ਰਾਜਸੀ ਸੰਰਚਨਾ ਇਸ ਉੱਪਰ ਉਂਗਲ ਨਹੀ ਉਠਾ ਸਕੀ। 14 ਅਪ੍ਰੈਲ 2004 ਨੂੰ ਇਸ ਨੇ ਰਾਜ ਸਭਾ ਦੇ ਮੈਂਬਰ ਵੱਜੋਂ ਸੁਹੰ ਚੁੱਕੀ। ਪਦਮ ਵਿਭੂਸ਼ਨ ਜਿਹੇ ਉੱਚ ਸਨਮਾਨ ਨਾਲ ਸੁਸ਼ੋਭਿਤ ਪੰਜਾਬ ਦੇ ਇਸ ਹੋਣਹਾਰ ਪੁੱਤਰ ਦੀ ਲਿਆਕਤ ਤੋਂ ਦੇਸ਼ ਅਤੇ ਪੰਜਾਬੀਆਂ ਨੇ ਬਹੁਤ ਲਾਭ ਲਿਆ। ਆਪ ਦੀ ਅਗਵਾਈ ਹੇਠ ਹੀ ਨਵੀਂ ਦਿੱਲੀ ਵਿੱਚ ਕਾਮਨਵੈਲਥ ਖੇਡਾਂ ਹੋਈਆਂ। The post ਪੰਜਾਬ ਦੇ ਵਿਕਾਸ ਪੁਰਸ਼ ਸ. ਮਨੋਹਰ ਸਿੰਘ ਗਿੱਲ ਦੇ ਦਿਹਾਂਤ ‘ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest