TheUnmute.com – Punjabi News: Digest for October 02, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

ਚੰਡੀਗੜ੍ਹ, 1 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਤੋਂ ਬਾਅਦ ਹਾਂਗਜ਼ੂ ਏਸ਼ਿਆਈ ਖੇਡਾਂ (ASIAN GAMES) ਵਿੱਚ ਭਾਰਤੀ ਦਲ ਵਿੱਚ ਸ਼ਾਮਲ ਪੰਜਾਬੀ ਖਿਡਾਰੀਆਂ ਵੱਲੋਂ ਪੰਜ ਸੋਨ ਤਗਮੇ ਜਿੱਤਣ ਲਈ ਵਧਾਈ ਦਿੱਤੀ।

ਇਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਖਿਡਾਰੀ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਖੇਡਾਂ ਵਿੱਚ ਤੇਜਿੰਦਰ ਪਾਲ ਸਿੰਘ ਤੂਰ ਅਤੇ ਜ਼ੋਰਾਵਰ ਸਿੰਘ ਸੰਧੂ ਨੇ ਸੋਨੇ ਦੇ ਤਗਮੇ ਜਿੱਤੇ, ਜਦੋਂ ਕਿ ਹਰਮਿਲਨ ਬੈਂਸ ਅਤੇ ਰਾਜੇਸ਼ਵਰੀ ਕੁਮਾਰੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ 13 ਖਿਡਾਰੀਆਂ ਨੇ ਪੰਜ ਸੋਨੇ, ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ (ASIAN GAMES) ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਖਿਡਾਰੀਆਂ ਨੇ ਪੰਜ ਸੋਨ ਤਗਮੇ ਜਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਤ ਨਹੀਂ ਹੈ ਕਿਉਂਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੂਬੇ ਦੇ ਕਈ ਹੋਰ ਖਿਡਾਰੀ ਵੀ ਹਿੱਸਾ ਲੈ ਰਹੇ ਹਨ। ਉਨ੍ਹਾਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਦੇਸ਼ ਦਾ ਨਾਮ ਹੋਰ ਰੌਸ਼ਨ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਪਹਿਲਾਂ ਹੀ ਹਰ ਸੰਭਵ ਯਤਨ ਕਰ ਰਹੀ ਹੈ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਖਿਡਾਰੀ ਏਸ਼ਿਆਈ ਖੇਡਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਨਕਦ ਇਨਾਮਾਂ ਅਤੇ ਹੋਰ ਸਹੂਲਤਾਂ ਨਾਲ ਉਤਸ਼ਾਹਿਤ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਦੀ ਤਿਆਰੀ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

The post ਮੁੱਖ ਮੰਤਰੀ ਨੇ 1962 ਜਕਾਰਤਾ ਏਸ਼ਿਆਈ ਖੇਡਾਂ ਤੋਂ ਬਾਅਦ ਪੰਜ ਸੋਨ ਤਗਮੇ ਜਿੱਤਣ ਲਈ ਪੰਜਾਬੀ ਖਿਡਾਰੀਆਂ ਨੂੰ ਦਿੱਤੀ ਵਧਾਈ appeared first on TheUnmute.com - Punjabi News.

Tags:
  • asian-games
  • jakarta
  • punjab-breaking
  • punjabi-players
  • sports

ਚੰਡੀਗੜ੍ਹ, 1 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਉੱਘੀਆਂ ਸਖਸ਼ੀਅਤਾਂ ਨੇ ਅੱਜ ਸੂਬੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਪ੍ਰੋਫੈਸਰ ਬੀ.ਸੀ. ਵਰਮਾ ਨਮਿੱਤ ਪ੍ਰਾਥਨਾ ਸਭਾ ਵਿੱਚ ਸ਼ਿਰਕਤ ਕਰਦਿਆਂ ਪ੍ਰੋ. ਵਰਮਾ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਮਾਤਾ ਮਨਸਾ ਦੇਵੀ ਕੰਪਲੈਕਸ ਵਿਖੇ ਪ੍ਰਾਥਨਾ ਸਭਾ ਵਿੱਚ ਪ੍ਰੋ. ਵਰਮਾ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਦਮਿਕ ਖੇਤਰ ਨੂੰ ਉਨ੍ਹਾਂ ਦੀ ਦੇਣ ਕਦੇ ਨਹੀਂ ਭੁਲਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਪਿੰਡ ਚਲੈਲਾ ਤੋਂ ਉੱਠ ਕੇ ਉਨ੍ਹਾਂ ਆਪਣੀ ਸਖਤ ਮਿਹਨਤ ਨਾਲ ਉੱਚ ਵਿਦਿਆ ਹਾਸਲ ਕਰਕੇ ਅਧਿਆਪਨ ਦੇ ਖੇਤਰ ਵਿੱਚ ਲਾਮਿਸਾਲ ਸੇਵਾਵਾਂ ਨਿਭਾਈਆਂ। ਉਨ੍ਹਾਂ ਕਿਹਾ ਕਿ ਜਿਵੇਂ ਫੁੱਲਾਂ ਤੇ ਟਹਿਣੀਆਂ ਤੋਂ ਪਤਾ ਲੱਗਦਾ ਹੈ ਕਿ ਦਰਖੱਤ ਕਿੰਨਾ ਮਜ਼ਬੂਤ ਹੈ, ਉਵੇਂ ਇਕ ਸੁਹਿਰਦ ਤੇ ਸਮਰਪਿਤ ਅਧਿਆਪਕ ਦੇ ਕਾਮਯਾਬ ਵਿਦਿਆਰਥੀ ਅਤੇ ਉਨ੍ਹਾਂ ਦੀ ਔਲਾਦ ਦੱਸਦੀ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੇ ਸੰਸਕਾਰ ਮਿਲੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋ. ਵਰਮਾ ਉੱਘੇ ਸਿੱਖਿਆ ਸ਼ਾਸਤਰੀ ਸਨ ਜੋ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਿਤ ਸਨ। ਉਨ੍ਹਾਂ ਕਿਹਾ ਕਿ ਪ੍ਰੋ. ਵਰਮਾ ਵੱਲੋਂ ਦਿਖਾਏ ਮਾਰਗ ਸਦਕਾ ਸਮੁੱਚੇ ਪਰਿਵਾਰ ਨੇ ਆਪਣੇ ਜੀਵਨ ਵਿੱਚ ਬੁਲੰਦੀਆਂ ਨੂੰ ਛੂਹਿਆ ਅਤੇ ਸਮਰਪਿਤ ਹੋ ਕੇ ਮਿਸ਼ਨਰੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ।ਉਨ੍ਹਾ ਵਰਮਾ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜਾਹਰ ਕਰਦਿਆਂ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣੇ ਅਧਿਆਪਕ ਪ੍ਰੋ. ਵਰਮਾ ਨੂੰ ਸਿਜਦਾ ਕਰਦਿਆਂ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰੋ ਵਰਮਾ ਸਾਡੇ ਆਦਰਸ਼ ਅਧਿਆਪਕ ਸਨ ਜੋ ਵਿਦਿਆਰਥੀਆਂ ਦੇ ਰੋਲ ਮਾਡਲ ਸਨ ਜਿਨ੍ਹਾਂ ਦੀ ਤਰਜੀਹ ਹਮੇਸ਼ਾ ਵਿਦਿਆਰਥੀ ਰਹੇ ਹਨ। ਪ੍ਰੋ ਵਰਮਾ ਹਮੇਸ਼ਾ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਘਰ ਮੁਫ਼ਤ ਪੜ੍ਹਾਉਂਦੇ।

ਰਸਮ ਪਗੜੀ ਤੇ ਆਰਤੀ ਤੋਂ ਪਹਿਲਾਂ ਸ੍ਰੀ ਗਰੁੜ ਪੁਰਾਣ ਜੀ ਦਾ ਭੋਗ ਪਾਇਆਂ ਗਿਆ ਅਤੇ ਲੀਜ਼ਾ ਡਾਬਰ ਦੀ ਮੰਡਲੀ ਵੱਲੋਂ ਭਜਨ ਕੀਤਾ ਗਿਆ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਗੁਰਮੀਤ ਸਿੰਘ ਖੁੱਡੀਆ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਮੌਜੂਦਾ ਵਿਧਾਇਕ, ਸਾਬਕਾ ਮੰਤਰੀ ਤੇ ਵਿਧਾਇਕ, ਡੀਜੀਪੀ ਗੌਰਵ ਯਾਦਵ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ, ਸਿਵਲ ਤੇ ਪੁਲਿਸ ਦੇ ਉੱਚ ਅਧਿਕਾਰੀ ਤੇ ਸੇਵਾ ਮੁਕਤ ਅਧਿਕਾਰੀ, ਵਕੀਲ ਭਾਈਚਾਰੇ ਅਤੇ ਪ੍ਰੈੱਸ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ, ਸਮਾਜਿਕ ਸੰਗਠਨਾਂ ਤੇ ਸਕੱਤਰੇਤ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਇਸ ਮੌਕੇ ਪੰਜਾਬ ਦੇ ਰਾਜਪਾਲ, ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋੰ, ਪਿੰਡ ਚਲੈਲਾ ਦੀ ਸਮੁੱਚੀ ਪੰਚਾਇਤ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ, ਮਾਡਰਨ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ, ਪੰਜਾਬ ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਜ਼ ਐਸੋਸੀਏਸ਼ਨ, ਕਾਲਜ ਤੇ ਟੀਚਰਜ਼ ਐਸੋਸੀਏਸ਼ਨ ਸਣੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

The post ਅਕਾਦਮਿਕ ਖੇਤਰ ਨੂੰ ਪ੍ਰੋ ਬੀ.ਸੀ. ਵਰਮਾ ਦੇ ਦੇਣ ਕਦੇ ਨਹੀਂ ਭੁਲਾਈ ਜਾਵੇਗੀ: CM ਭਗਵੰਤ ਮਾਨ appeared first on TheUnmute.com - Punjabi News.

Tags:
  • anurag-verma
  • cm-bhagwant-mann

ਰਾਜਪੁਰਾ (ਪਟਿਆਲਾ), 1 ਅਕਤੂਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਦੁਨੀਆ ਭਰ ਦੇ ਮੋਹਰੀ ਸਨਅਤਕਾਰ ਹੁਣ ਸੂਬੇ ਦਾ ਰੁਖ਼ ਕਰਨ ਲੱਗੇ ਹਨ।

ਨੀਦਰਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਫ਼ਸਲਾਂ ਦੀ ਖੇਤੀ ਕਰ ਰਹੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਫ਼ਸਲੀ ਵਿਭਿੰਨਤਾ ਲਈ ਨਵੇਂ ਰਾਹ ਤਲਾਸ਼ ਰਹੇ ਹਨ ਜਾਂ ਉਹ ਬਿਹਤਰ ਕਮਾਈ ਲਈ ਬਾਗ਼ਬਾਨੀ, ਡੇਅਰੀ, ਮੁਰਗੀ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਹੋਰ ਕਿੱਤਿਆਂ ਵੱਲ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਫੀਡ ਬਣਾਉਣ ਵਾਲੀਆਂ ਦੁਨੀਆ ਭਰ ਦੀਆਂ ਮੋਹਰੀ 10 ਮੋਹਰੀ ਕੰਪਨੀਆਂ ਵਿੱਚੋਂ ਇਕ ਡੀ ਹਿਊਜ਼ ਨੇ ਇੱਥੇ ਪਲਾਂਟ ਸਥਾਪਤ ਕਰਨ ਜਾ ਰਹੀ ਹੈ ਅਤੇ 138 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ ਵਿੱਚ ਬਣ ਰਹੇ ਇਸ ਨਾਲ ਪਲਾਂਟ ਨਾਲ ਅਜਿਹੇ ਕਿਸਾਨਾਂ ਦੀਆਂ ਉਮੀਦਾਂ ਜਗੀਆਂ ਹਨ। ਭਗਵੰਤ ਸਿੰਘ ਮਾਨ ਨੇ ਉਮੀਦ ਜਤਾਈ ਕਿ ਬਿਹਤਰੀਨ ਤਕਨਾਲੋਜੀ ਆਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਨੀਦਰਲੈਂਡ ਦੀ ਕਿਸੇ ਇਕ ਕੰਪਨੀ ਦਾ ਪੰਜਾਬ ਵਿੱਚ ਪਹਿਲਾ ਵੱਡਾ ਨਿਵੇਸ਼ ਹੈ। ਉਨ੍ਹਾਂ ਕਿਹਾ ਕਿ ਨੀਦਰਲੈਂਡ ਨੂੰ ਵਿਸ਼ਵ ਭਰ ਵਿੱਚ ਖੇਤੀਬਾੜੀ ਉਤਪਾਦਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਮੰਨਿਆ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਲਾਂਟ ਪਸ਼ੂਆਂ ਲਈ ਹਰੇਕ ਤਰ੍ਹਾਂ ਦੇ ਉਤਪਾਦ ਬਣਾਏਗਾ, ਜਿਨ੍ਹਾਂ ਵਿੱਚ ਕੰਪਾਊਂਡ ਫੀਡ, ਕਨਸਟਰੇਟਸ, ਬੇਸ ਮਿਕਸ ਤੇ ਡੇਅਰੀ ਮਿਨਰਲ ਮਿਕਸ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਦਾ ਪਹਿਲਾ ਪੜਾਅ ਸਾਲ 2025 ਦੀ ਪਹਿਲੀ ਤਿਮਾਹੀ ਤੱਕ ਮੁਕੰਮਲ ਹੋ ਜਾਵੇਗਾ, ਜਿਹੜਾ 180 ਕਿੱਲੋ ਮੀਟਰਿਕ ਟਨ ਪਸ਼ੂਆਂ ਦੀ ਫੀਡ ਤਿਆਰ ਕਰੇਗਾ। ਇਸ ਸਮਰੱਥਾ ਵਿੱਚ 240 ਕਿੱਲੋ ਮੀਟਰਿਕ ਟਨ ਤੱਕ ਵਾਧਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਸ ਫੈਕਟਰੀ ਵਿੱਚ ਉਤਪਾਦਨ ਲਈ ਦੋ ਲਾਈਨਾਂ ਹੋਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਪਿਛਲੇ ਸਾਲ ਨਿਵੇਸ਼ ਲਿਆਉਣ ਦਾ ਭਰੋਸਾ ਦਿੱਤਾ ਸੀ ਅਤੇ ਸੂਬਾ ਸਰਕਾਰ ਦੇ ਯਤਨਾਂ ਨਾਲ ਹੁਣ ਸਨਅਤਕਾਰ ਪੰਜਾਬ ਵੱਲ ਆ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਮੁੱਢ-ਕਦੀਮੋਂ ਉੱਦਮੀ ਅਤੇ ਲੀਡਰਸ਼ਿਪ ਦੇ ਗੁਣਾਂ ਨਾਲ ਭਰਪੂਰ ਹਨ, ਜਿਸ ਕਾਰਨ ਉਨ੍ਹਾਂ ਦੁਨੀਆ ਭਰ ਵਿੱਚ ਆਪਣੀ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਿਹਨਤ ਦਾ ਕੋਈ ਜਵਾਬ ਨਹੀਂ ਹੈ, ਜਿਸ ਕਾਰਨ ਪੰਜਾਬੀ ਹਰੇਕ ਖ਼ੇਤਰ ਵਿੱਚ ਆਪਣੀ ਛਾਪ ਛੱਡਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਉਤੇ ਪਹੁੰਚਾਉਣ ਲਈ ਇਸ ਉੱਦਮੀ ਭਾਵਨਾ ਦੀ ਢੁਕਵੀਂ ਵਰਤੋਂ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਹੁਣ ਤੱਕ ਪੰਜਾਬ ਵਿੱਚ 50840 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਉਨ੍ਹਾਂ ਕਿਹਾ ਕਿ ਟਾਟਾ ਸਟੀਲ ਨੇ ਜਮਸ਼ੇਦਪੁਰ ਤੋਂ ਬਾਅਦ ਪੰਜਾਬ ਵਿੱਚ ਸਭ ਤੋਂ ਵੱਡਾ ਨਿਵੇਸ਼ ਕੀਤਾ ਹੈ। ਉਨ੍ਹਾਂ ਨਾਲ ਹੀ ਆਖਿਆ ਕਿ ਜਿੰਦਲ ਸਟੀਲ, ਵਰਬੀਓ, ਕਲਾਸ, ਟੈਫੇ, ਹਿੰਦੋਸਤਾਨ ਲਿਵਰ ਤੇ ਹੋਰ ਕੰਪਨੀਆਂ ਵੀ ਪੰਜਾਬ ਵਿੱਚ ਨਿਵੇਸ਼ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ 2.25 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪਲਾਂਟ ਉਨ੍ਹਾਂ ਦੇ ਮੂੰਹ ਉਤੇ ਵੱਡੀ ਚਪੇੜ ਹੈ, ਜਿਹੜੇ ਕਹਿੰਦੇ ਸੀ ਕਿ ਪੰਜਾਬ ਵਿੱਚ ਕੋਈ ਵੱਡਾ ਨਿਵੇਸ਼ ਨਹੀਂ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸੂਬੇ ਕੋਲ ਉਦਯੋਗ ਪੱਖੀ ਸਿੰਗਲ ਵਿੰਡੋ ਸਿਸਟਮ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾ ਇਹ ਸਿਸਟਮ ਸਿਰਫ਼ ਢਕਵੰਜ ਹੁੰਦਾ ਸੀ ਅਤੇ ਇਸ ਦੀ ਸਹੀ ਵਰਤੋਂ ਨਹੀਂ ਹੁੰਦੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਐਮ.ਓ.ਯੂ. ਪਰਿਵਾਰਾਂ ਨਾਲ ਹੁੰਦੇ ਸਨ ਪਰ ਹੁਣ ਇਹ ਪੰਜਾਬ ਦੇ ਲੋਕਾਂ ਨਾਲ ਹੋ ਰਹੇ ਹਨ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਪਲਾਂਟ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਕ ਪ੍ਰੇਰਕ ਵਜੋਂ ਕੰਮ ਕਰੇਗਾ। ਲੋਕਾਂ ਨਾਲ ਆਪਣੀ ਭਾਵੁਕ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਵਾਂਗ ਨੀਦਰਲੈਂਡ ਦੇ ਲੋਕ ਵੀ ਮਿਹਨਤੀ ਤੇ ਸਹਿਣਸ਼ੀਲ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਲੋਕਾਂ ਦੀ ਮਦਦ ਨਾਲ ਆਰਥਿਕ ਵਿਕਾਸ ਦੀ ਇਕ ਨਵੀਂ ਕਹਾਣੀ ਲਿਖੀ ਜਾਵੇਗੀ।

ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਸਨਅਤਕਾਰ ਸੂਬੇੇ ਨੂੰ ਵਿਸ਼ਵ ਭਰ ਵਿੱਚ ਸਨਅਤੀ ਹੱਬ ਵਜੋਂ ਉਭਾਰਨ ਲਈ ਬਰਾਂਡ ਅੰਬੈਸਡਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਨਅਤ ਪੱਖੀ ਅਨੁਕੂਲ ਮਾਹੌਲ ਪ੍ਰਦਾਨ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀ ਆਪਣੇ ਉੱਦਮੀ ਸੁਭਾਅ ਕਾਰਨ ਇਸ ਸਨਅਤੀ ਵਿਕਾਸ ਨੂੰ ਨਵੀਆਂ ਉਚਾਈਆਂ ਉਤੇ ਲੈ ਕੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮੌਕਿਆਂ ਦੀ ਧਰਤੀ ਅਤੇ ਦੇਸ਼ ਦਾ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਕਾਰੋਬਾਰੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰ ਕੇ ਬੇਹੱਦ ਲਾਭ ਹੋਵੇਗਾ ਕਿਉਂਕਿ ਪੰਜਾਬ ਹੁਣ ਦੇਸ਼ ਦੇ ਸਨਅਤੀ ਧੁਰੇ ਵਜੋਂ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਫਿਰਕੂ ਸਦਭਾਵਨਾ, ਸਨਅਤਾ ਲਈ ਅਨੁਕੂਲ ਅਮਨ ਵਾਲਾ ਮਾਹੌਲ ਹੈ, ਜੋ ਸਨਅਤਾਂ ਦੇ ਸਮੁੱਚੇ ਵਿਕਾਸ, ਖ਼ੁਸ਼ਹਾਲੀ ਤੇ ਤਰੱਕੀ ਨੂੰ ਹੋਰ ਤੇਜ਼ੀ ਦੇ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰਾਂ ਨੂੰ ਆਪਣੇ ਕਾਰੋਬਾਰ ਤੇ ਫੈਕਟਰੀਆਂ ਵਧਾਉਣ ਲਈ ਇਸ ਅਨੁਕੂਲ ਮਾਹੌਲ ਅਤੇ ਬਿਹਤਰੀਨ ਬੁਨਿਆਦੀ ਢਾਂਚੇ, ਬਿਜਲੀ, ਹੁਨਰਮੰਦ ਮਨੁੱਖੀ ਵਸੀਲਿਆਂ ਅਤੇ ਬਿਹਤਰੀਨ ਸਨਅਤੀ ਤੇ ਕੰਮਕਾਜੀ ਮਾਹੌਲ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਦਯੋਗਪਤੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਨਵੇਂ ਵਿਚਾਰਾਂ ਤੇ ਖੋਜਾਂ ਲਈ ਤਿਆਰ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ ਸੂਬਾ ਹਰੇਕ ਖ਼ੇਤਰ ਵਿੱਚ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਰਿਹਾ ਹੈ।

The post ਪੰਜਾਬ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਵਿਸ਼ਵ ਭਰ ਦੇ ਮੋਹਰੀ ਸਨਅਤਕਾਰਾਂ ਪੰਜਾਬ ਦਾ ਰੁਖ਼ ਕਰਨ ਲੱਗੇ: ਮੁੱਖ ਮੰਤਰੀ appeared first on TheUnmute.com - Punjabi News.

Tags:
  • global-bussiness
  • global-bussiness-news
  • global-bussiness-tycoons
  • news

ਪੰਜਾਬ ਸਰਕਾਰ ਵੱਲੋਂ ਬਜੁਰਗਾਂ ਲਈ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਦਾ 3 ਅਕਤੂਬਰ ਨੂੰ ਫਰੀਦਕੋਟ ਤੋਂ ਆਗਾਜ਼

Sunday 01 October 2023 03:14 PM UTC+00 | Tags: afghanistan-health-news ayushman-health breaking-news faridkot health punjab-government saade-bjurag-sadda-maan

ਚੰਡੀਗੜ੍ਹ, 1 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵੱਲੋਂ ਬਜ਼ੁਰਗਾਂ ਦੇ ਅੰਤਰ ਰਾਸ਼ਟਰੀ ਦਿਵਸ ਦੇ ਦਿਹਾੜੇ ਨੂੰ ਸਮਰਪਿਤ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਸ਼ੁਰੂ ਕਰਨ ਦਾ ਇੱਕ ਨਵੇਕਲਾ ਉਪਰਾਲਾ ਕੀਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਜਿਲ੍ਹਾ ਫਰੀਦਕੋਟ ਤੋਂ 3 ਅਕਤੂਬਰ ਨੂੰ ਕੀਤੀ ਜਾਵੇਗੀ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੀ ਭਲਾਈ ਲਈ ਸੂਬੇ ਵਿੱਚ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਹਰ ਜਿਲ੍ਹਾ ਪੱਧਰ ਤੇ ਸਿਹਤ ਕੈਪ ਲਗਾਏ ਜਾਣਗੇ, ਜਿਥੇ ਬਜ਼ੁਰਗਾਂ ਨੂੰ ਪੂਰੀ ਜਰੀਏਟ੍ਰਿਕ (ਬੁਢਾਪੇ ਨਾਲ ਸਬੰਧਿਤ ਬਿਮਾਰੀਆਂ) ਜਾਂਚ, ਈ.ਐਨ.ਟੀ (ਕੰਨ ਨੱਕ ਗਲਾ) ਦੀ ਜਾਂਚ, ਅੱਖਾਂ ਦੀ ਜਾਂਚ, ਐਨਕਾਂ ਦੀ ਵੰਡ, ਅੱਖਾਂ ਦੀ ਸਰਜਰੀ ਦੀਆਂ ਮੁਫ਼ਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਬਜ਼ੁਰਗਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਬਜ਼ੁਰਗ ਵਿਅਕਤੀਆਂ ਦੇ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਣਗੇ ਅਤੇ ਬੁਢਾਪਾ ਪੈਨਸ਼ਨ ਦੇ ਫਾਰਮ ਵੀ ਭਰੇ ਜਾਣਗੇ।

ਡਾ. ਬਲਜੀਤ ਕੌਰ ਨੇ ਲੋੜਵੰਦ ਬਜ਼ੁਰਗਾਂ ਨੂੰ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ ਲਈ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਸਮੂਹ ਜ਼ਿਲ੍ਹਿਆਂ ਵਿੱਚ ਕ੍ਰਮਵਾਰ 3 ਅਕਤੂਬਰ ਨੂੰ ਫਰੀਦਕੋਟ, 5 ਅਕਤੂਬਰ ਨੂੰ ਮੋਗਾ, 9 ਅਕਤੂਬਰ ਨੂੰ ਲੁਧਿਆਣਾ, 11 ਅਕਤੂਬਰ ਨੂੰ ਮੁਕਤਸਰ ਸਾਹਿਬ, 13 ਅਕਤੂਬਰ ਨੂੰ ਫਿਰੋਜਪੁਰ, 16 ਅਕਤੂਬਰ ਨੂੰ ਫਾਜ਼ਿਲਕਾ, 18 ਅਕਤੂਬਰ ਨੂੰ ਬਠਿੰਡਾ, 20 ਅਕਤੂਬਰ ਨੂੰ ਮਾਨਸਾ, 23 ਅਕਤੂਬਰ ਨੂੰ ਸੰਗਰੂਰ, 25 ਅਕਤੂਬਰ ਨੂੰ ਮਾਲੇਰਕੋਟਲਾ, 27 ਅਕਤੂਬਰ ਨੂੰ ਬਰਨਾਲਾ, 30 ਅਕਤੂਬਰ ਨੂੰ ਪਠਾਨਕੋਟ, 1 ਨਵੰਬਰ ਨੂੰ ਗੁਰਦਾਸਪੁਰ,3 ਨਵੰਬਰ ਅਮ੍ਰਿੰਤਸਰ, 6 ਨਵੰਬਰ ਤਰਨਤਾਰਨ, 8 ਨਵੰਬਰ ਨੂੰ ਜਲੰਧਰ, 10 ਨਵੰਬਰ ਨੂੰ ਐਸ.ਬੀ.ਐਸ ਨਗਰ, 13 ਨਵੰਬਰ ਨੂੰ ਹੁਸ਼ਿਆਰਪੁਰ , 15 ਨਵੰਬਰ ਨੁੰ ਕਪੂਰਥਲਾ, 17 ਨਵੰਬਰ ਨੂੰ ਐਸ.ਏ.ਐਸ ਨਗਰ, 20 ਨਵੰਬਰ ਨੂੰ ਪਟਿਆਲਾ, 22 ਨਵੰਬਰ ਨੂੰ ਰੂਪਨਗਰ ਅਤੇ 24 ਨਵੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।

The post ਪੰਜਾਬ ਸਰਕਾਰ ਵੱਲੋਂ ਬਜੁਰਗਾਂ ਲਈ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਦਾ 3 ਅਕਤੂਬਰ ਨੂੰ ਫਰੀਦਕੋਟ ਤੋਂ ਆਗਾਜ਼ appeared first on TheUnmute.com - Punjabi News.

Tags:
  • afghanistan-health-news
  • ayushman-health
  • breaking-news
  • faridkot
  • health
  • punjab-government
  • saade-bjurag-sadda-maan
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form