‘ਭਾਂਡੇ ਕਲੀ ਕਰਾ ਲਉ’ ਹੁਣ ਇਹ ਅਵਾਜ ਨਹੀਂ ਸੁਣਦੀ

ਆਮ ਗਲੀ-ਗਲੀ ਵਿਚ ਸੁਣੇ ਜਾਣ ਵਾਲੇ ਸ਼ਬਦ ‘ਭਾਂਡੇ ਕਲੀ ਕਰਾ ਲਉ’ ਅੱਜ ਪਿੰਡਾਂ ਵਿਚ ਕਿਤੇ ਕਿਤੇ ਜਾਂ ਕਦੇ ਸਾਲ ਵਿਚ ਗੁਰਦਵਾਰੇ ਜਾਂ ਪਿੰਡ ਦੀ ਸਾਂਝੀ ਥਾਂ ਉਤੇ ਇਕ ਜਾਂ ਦੋ ਵਾਰ ਸੁਣਨ ਨੂੰ ਮਿਲਦੇ ਹਨ। ਨਵੇਂ ਯੁੱਗ ਦੇ ਆਧਾਰ ’ਤੇ ਅੱਜ ਅਸੀਂ ਅਪਣੇ ਬਜ਼ੁਰਗਾਂ ਦੇ ਪੁਸ਼ਤੈਨੀ ਘਰ ਤਾਂ ਸਾਂਭ ਰਹੇ ਹਾਂ ਪਰ ਸਿਹਤ ਦੇ ਖ਼ਜ਼ਾਨੇ ਪਿੱਤਲ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਹਾਂ ਜਾਂ ਆਲੋਪ ਹੋਣ ਦੀ ਕਗਾਰ ਤੇ ਛੱਡ ਰਹੇ ਹਾਂ। ਸੈਰ ਦੀ ਥਾਂ ਮੋਟਰਸਾਈਕਲ ਜਾਂ ਕਾਰ ਨੇ ਲੈ ਲਈ ਹੈ, ਚੁੱਲ੍ਹੇ ਦੀ ਥਾਂ ਗੈਸ ਨੇ, ਇਕੱਠੇ ਬੈਠਣ ਦੀ ਥਾਂ ਟੀ।ਵੀ ਜਾਂ ਮੋਬਾਈਲ ਨੇ, ਪਿੱਤਲ ਦੇ ਭਾਂਡਿਆਂ ਦੀ ਥਾਂ ਅੱਜ ਸਟੀਲ ਜਾਂ ਕੱਚ ਦੇ ਬਣੇ ਬਰਤਨਾਂ ਨੇ ਲੈ ਲਈ ਹੈ ਜਿਨ੍ਹਾਂ ਨੇ ਸੌਖ ਤਾਂ ਬਹੁਤ ਦਿਤੀ ਹੈ ਪਰ ਇਨ੍ਹਾਂ ਨੇ ਸਾਡੀ ਸਿਹਤ ਦੇ ਖ਼ਜ਼ਾਨੇ ਨੂੰ ਖੋਖਲਾ ਕਰ ਦਿਤਾ ਹੈ।
ਜ਼ਿੰਕ, ਕਾਪਰ, ਲੋਹਾ ਮਹੱਤਵਪੂਰਨ ਪੌਸ਼ਕ ਤੱਤ ਹਨ ਜਿਨ੍ਹਾਂ ਦੀ ਬਦੌਲਤ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। ਉਦਾਹਰਣ ਵਜੋਂ ਕਾਪਰ ਦੇ ਭਾਂਡੇ ਵਿਚ ਪਾਣੀ ਰੱਖ ਕੇ ਪੀਣ ਨਾਲ ਇਮਿਊਨਟੀ ਵਧੀਆ ਹੁੰਦੀ ਹੈ, ਜ਼ਿੰਕ ਦੀ ਘਾਟ ਕਾਰਨ ਇਨਫ਼ੈਕਸ਼ਨ ਅਤੇ ਆਮ ਜ਼ੁਕਾਮ ਆਦਿ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਪੁਰਾਤਨ ਸਮਿਆਂ ਵਿਚ ਪਿੱਤਲ ਦੇ ਭਾਂਡੇ ਰਸੋਈ ਦਾ ਗਹਿਣਾ ਹੁੰਦੇ ਸਨ। ਅੱਜ ਦੇ ਦੌਰ ਵਿਚ ਦੇਖੀਏ ਤਾਂ ਪਿੱਤਲ ਦੀ ਵਰਤੋਂ ਸਿਰਫ਼ ਘਰ ਦੀ ਅੰਦਰੂਨੀ ਸਜਾਵਟ ਦਾ ਅਹਿਮ ਪੱਖ ਪੂਰਦੀ ਹੈ। ਪੁਰਾਤਨ ਸਮੇਂ ਵਿਚ ਪਿੱਤਲ ਘਰ ਦੀ ਸਜਾਵਟ ਹੀ ਨਹੀਂ ਬਲਕਿ ਸਿਹਤ ਦੀ ਤੰਦਰੁਸਤੀ ਲਈ ਵੀ ਇਕ ਵਰਦਾਨ ਤੋਂ ਘੱਟ ਨਹੀਂ ਸੀ।
ਆਯੂਰਵੈਦ ਅਨੁਸਾਰ ਜਿਸ ਬੰਦੇ ਦੇ ਸਰੀਰ ਦੀ ਪ੍ਰਵਿਰਤੀ ਕਫ਼ (ਰੇਸ਼ੇ) ਵਾਲੀ ਹੁੰਦੀ ਹੈ, ਉਨ੍ਹਾਂ ਲਈ ਇਸ ਦੀ ਵਰਤੋਂ ਬਹੁਤ ਲਾਹੇਵੰਦ ਹੁੰਦੀ ਹੈ ਕਿਉਂਕਿ ਇਹ ਅੱਗ ਦਾ ਕੰਮ ਕਰਦਾ ਹੈ ਭਾਵ ਸਰੀਰ ਦਾ ਤਾਪਮਾਨ ਵਧਾਉਂਦਾ ਹੈ ਜਿਸ ਨਾਲ ਕਫ ਪ੍ਰਵਿਰਤੀ ਘੱਟ ਜਾਂਦੀ ਹੈ। ਇਸ ਵਿਚ ਜਰਾਸੀਮਾਂ ਨੂੰ ਮਾਰਨ ਦੀ ਵੀ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ ਜੋ ਕਿ ਕੁੱਝ ਮਿੰਟਾਂ ਅਤੇ ਘੰਟਿਆਂ ਵਿਚ ਹੀ ਖ਼ਤਮ ਹੋ ਜਾਂਦੇ ਹਨ। ਇਸ ਵਿਚ ਰੋਗ ਨਾਸਕ ਗੁਣ ਵੀ ਹੁੰਦੇ ਹਨ ਜੋ ਰੋਗ ਫੈਲਾਉਣ ਵਾਲੇ ਬੈਕਟੀਰੀਆ ਨਾਲ ਲੜਨ ਦੇ ਸਮਰੱਥ ਹੁੰਦੇ ਹਨ। ਇਸ ਦੀ ਲੰਮੇ ਸਮੇਂ ਦੀ ਸੰਭਾਲ ਵਜੋਂ ਪਹਿਲੇ ਸਮਿਆਂ ਵਿਚ ਲੋਕ ਪਿੱਤਲ ਦੇ ਭਾਂਡਿਆਂ ਦੀ ਤਿਮਾਹੀ ਜਾਂ ਛਿਮਾਹੀ ਕਲੀ ਕਰਵਾਉਂਦੇ ਸਨ। ਕਲੀ ਕਰਨ ਵਾਲੇ ਨੂੰ ਕਲੀ ਵਾਲਾ ਕਿਹਾ ਜਾਂਦਾ ਸੀ।

ਕਲੀ : ਕਿਸੇ ਵੀ ਧਾਤ ਉਪਰ ਮਿਸ਼ਰਤ ਧਾਤ ਦੀ ਪਰਤ ਚੜ੍ਹਾਉਣ ਨੂੰ ਕਲੀ ਕਰਨਾ ਕਿਹਾ ਜਾਂਦਾ ਹੈ, ਜਿਵੇਂ ਕਾਪਰ, ਲੋਹਾ ਆਦਿ ਧਾਤਾਂ ਉਪਰ ਟਿਨ ਦੀ ਪਰਤ ਚੜ੍ਹਾਈ ਜਾਂਦੀ ਹੈ। ਇਸ ਨਾਲ ਧਾਤ ਦੀਆਂ ਬਣੀਆਂ ਵਸਤੂਆਂ ਤੇ ਜ਼ੰਗ ਨਹੀਂ ਲਗਦਾ। ਕਲੀ ਕਰਨ ਲਈ ਕਲੀ ਕਰਨ ਵਾਲੇ ਕੋਲ ਨੌਸ਼ਾਦਰ ਪਾਊਡਰ ਹੁੰਦਾ ਹੈ ਜੋ ਕਿ ਕਾਸਟਿਕ ਸੋਡਾ, ਅਮੋਨੀਅਮ ਕਲੋਰਾਈਡ ਅਤੇ ਪਾਣੀ ਦਾ ਮਿਸ਼ਰਣ ਹੁੰਦਾ ਹੈ। ਪਹਿਲਾਂ ਕਲੀ ਕਰਨ ਵਾਲੇ ਲੋਕ ਭਾਂਡਿਆਂ ਦੀ ਕਲੀ ਚਾਂਦੀ ਨਾਲ ਕਰਦੇ ਸਨ ਪ੍ਰੰਤੂ ਸਮੇਂ ਨਾਲ ਚਾਂਦੀ ਮਹਿੰਗੀ ਹੋਣ ਕਾਰਨ ਇਹ ਲੋਕ ਨੌਸ਼ਾਦਰ ਪਾਊਡਰ ਦੀ ਵਰਤੋਂ ਕਰਨ ਲੱਗ ਪਏ।

ਕਲੀ ਕਰਨ ਦੇ ਤਿੰਨ ਪੜਾਅ ਹਨ: ਪਹਿਲਾਂ ਭਾਂਡੇ ਨੂੰ ਪਾਣੀ ਨਾਲ ਧੋਤਾ ਜਾਂਦਾ ਹੈ ਅਤੇ ਫਿਰ ਕਾਸਟਿਕ ਸੋਡੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਂਦਾ ਹੈ। ਇਸ ਉਪਰੰਤ ਭਾਂਡੇ ਨੂੰ ਦੋ ਤੋਂ ਤਿੰਨ ਮਿੰਟ ਲਈ ਭੱਠੀ ਉਪਰ ਚੰਗੀ ਤਰ੍ਹਾਂ ਗਰਮ ਕੀਤਾ ਜਾਂਦਾ ਹੈ। ਜਦੋਂ ਬਰਤਨ ਹਲਕੇ ਗੁਲਾਬੀ ਰੰਗ ਵਿਚ ਆਉਣ ਲੱਗ ਜਾਂਦਾ ਹੈ ਤਾਂ ਫਿਰ ਟਿਨ ਦੀਆਂ ਧਾਰੀਆਂ ਨੂੰ ਗਰਮ ਭਾਂਡੇ ਉਪਰ ਲਗਾਇਆ ਜਾਂਦਾ ਹੈ ਜਾਂ ਰਖਿਆ ਜਾਂਦਾ ਹੈ ਜਿਸ ਨੂੰ ਕਾਸਟਿੰਗ ਕਰਨਾ ਕਹਿੰਦੇ ਹਨ ਅਤੇ ਨਾਲ ਹੀ ਨੌਸ਼ਾਦਰ ਪਾਊਡਰ ਨੂੰ ਭਾਂਡੇ ਉਤੇ ਛਿੜਕ ਦਿਤਾ ਜਾਂਦਾ ਹੈ। ਇਸ ਨਾਲ ਟਿਨ ਤੁਰਤ ਪਿਘਲ ਜਾਂਦਾ ਹੈ ਅਤੇ ਸੂਤੀ ਕਪੜੇ ਨਾਲ ਉਸ ਨੂੰ ਰਗੜ ਦਿਤਾ ਜਾਂਦਾ ਹੈ। ਰਗੜਨ ਉਪਰੰਤ ਚਿੱਟੇ ਰੰਗ ਦਾ ਧੂੰਆਂ ਨਿਕਲਦਾ ਹੈ ਜਿਸ ਦੀ ਸੁਗੰਧ ਅਜੀਬ ਜਿਹੀ ਹੁੰਦੀ ਹੈ ਜੋ ਕਿ ਅਮੋਨੀਆ ਗੈਸ ਹੁੰਦੀ ਹੈ। ਜਦੋਂ ਪਾਊਡਰ ਨੂੰ ਭਾਂਡੇ ਉਤੇ ਘਸਾਇਆ ਜਾਂਦਾ ਹੈ ਤਾਂ ਉਸ ਦੀ ਚਮਕ ਚਾਂਦੀ ਵਰਗੀ ਹੋ ਜਾਂਦੀ ਹੈ। ਅਖ਼ੀਰ ਵਿਚ ਬਰਤਨ ਨੂੰ ਠੰਢੇ ਪਾਣੀ ਵਿਚ ਡੁਬੋ ਦਿਤਾ ਜਾਂਦਾ ਹੈ।

ਅਜੋਕੇ ਯੁੱਗ ਵਿਚ ਜਿਥੇ ਪਿੱਤਲ ਸਿਰਫ਼ ਇਕ ਘਰ ਦੇ ਸ਼ਿੰਗਾਰ ਦੀ ਵਸਤੂ ਬਣ ਗਈ ਹੈ ਉੱਥੇ ਇਹ ਪੰਜਾਬੀ ਵਿਰਸੇ ਦੀ ਘਰ ਘਰ ਵਿਚ ਸਮਾਇਆ ਹੋਇਆ ਸਿਹਤ ਦਾ ਰਾਜ਼ ਵੀ ਸੀ। ਵਕਤ ਲੰਘਦਾ ਜਾ ਰਿਹਾ ਹੈ, ਪਿੱਤਲ ਮੁਕਦਾ ਜਾ ਰਿਹਾ ਹੈ, ਸਿਹਤ ਖ਼ਤਮ ਹੁੰਦੀ ਜਾ ਰਹੀ ਹੈ। ਲੋੜ ਹੈ ਸਮੇਂ ਨੂੰ ਸੰਜੋਣ ਦੇ ਨਾਲ-ਨਾਲ ਅਪਣੇ ਪੁਰਾਤਨ ਵਿਰਸੇ ਵਿਚੋਂ ਅਹਿਮ ਅਤੇ ਨਿਰੋਲ ਵਸਤਾਂ ਨੂੰ ਸਾਂਭਣ ਦੀ।
ਪ੍ਰਭਜੋਤ ਕੌਰ

The post ‘ਭਾਂਡੇ ਕਲੀ ਕਰਾ ਲਉ’ ਹੁਣ ਇਹ ਅਵਾਜ ਨਹੀਂ ਸੁਣਦੀ first appeared on Punjabi News Online.



source https://punjabinewsonline.com/2022/04/29/%e0%a8%ad%e0%a8%be%e0%a8%82%e0%a8%a1%e0%a9%87-%e0%a8%95%e0%a8%b2%e0%a9%80-%e0%a8%95%e0%a8%b0%e0%a8%be-%e0%a8%b2%e0%a8%89-%e0%a8%b9%e0%a9%81%e0%a8%a3-%e0%a8%87%e0%a8%b9-%e0%a8%85/
Previous Post Next Post

Contact Form