ਭਾਰਤ ਵਿੱਚ ਰੁਜ਼ਗਾਰ ਪ੍ਰਾਪਤੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ । ਬਲੂਮਬਰਗ ਦੀ ਰਿਪੋਰਟ ਮੁਤਾਬਕ ਮੁੰਬਈ ਦੀ ਇੱਕ ਖੋਜ ਸੰਸਥਾ ‘ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ’ ਦੇ ਅੰਕੜਿਆਂ ਮੁਤਾਬਕ ਸਹੀ ਨੌਕਰੀ ਨਾ ਮਿਲਣ ਤੋਂ ਨਿਰਾਸ਼ ਲੱਖਾਂ ਭਾਰਤੀ, ਖਾਸ ਤੌਰ ਉੱਤੇ ਔਰਤਾਂ, ਕਿਰਤ ਸ਼ਕਤੀ ਵਿੱਚੋਂ ਬਾਹਰ ਹੋ ਗਏ ਹਨ ।
ਰਿਪੋਰਟ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ 2017 ਤੋਂ 2022 ਵਿਚਕਾਰ ਕਿਰਤ ਹਿੱਸੇਦਾਰੀ 46 ਫ਼ੀਸਦੀ ਤੋਂ ਘਟ ਕੇ 40 ਫ਼ੀਸਦੀ ਹੋ ਗਈ ਹੈ । ਔਰਤਾਂ ਦੀ ਸਥਿਤੀ ਹੋਰ ਵੀ ਖਰਾਬ ਹੈ । ਲੱਗਭੱਗ 2.1 ਕਰੋੜ ਲੋਕਾਂ ਨੇ ਰੁਜ਼ਗਾਰ ਛੱਡ ਦਿੱਤਾ ਹੈ ਤੇ ਸਿਰਫ਼ ਨੌਂ ਫੀਸਦੀ ਯੋਗ ਉਮੀਦਵਾਰਾਂ ਨੂੰ ਹੀ ਨੌਕਰੀ ਮਿਲੀ ਹੈ । ਰਿਪੋਰਟ ਮੁਤਾਬਕ ਭਾਰਤ ਵਿੱਚ ਕੰਮ ਕਰਨ ਲਈ ਯੋਗ ਉਮਰ ਦੇ 90 ਕਰੋੜ ਭਾਰਤੀਆਂ ਵਿੱਚੋਂ ਅੱਧੇ ਤੋਂ ਵੱਧ ਨੌਕਰੀ ਕਰਨਾ ਨਹੀਂ ਚਾਹੁੰਦੇ । ਇਹ ਗਿਣਤੀ ਅਮਰੀਕਾ ਤੇ ਰੂਸ ਦੀ ਕੁੱਲ ਅਬਾਦੀ ਦੇ ਬਰਾਬਰ ਬਣਦੀ ਹੈ ।
ਬੇਂਗਲੁਰੂ ਵਿੱਚ ਸੁਸਾਇਟੀ ਜਨਰਲ ਜੀ ਐੱਸ ਸੀ ਦੇ ਅਰਥਸ਼ਾਸਤਰੀ ਕੁਨਾਲ ਕੁੰਡੂ ਨੇ ਕਿਹਾ ਹੈ ਕਿ ਇਨ੍ਹਾਂ ਢੇਰੀ ਢਾਹ ਬੈਠੇ ਨੌਜਵਾਨਾਂ ਦੀ ਏਨੀ ਵੱਡੀ ਗਿਣਤੀ ਦਾ ਮਤਲਬ ਹੈ ਕਿ ਭਾਰਤ ਉਸ ਨਿਸ਼ਾਨੇ ਨੂੰ ਹਾਸਲ ਨਹੀਂ ਕਰ ਸਕੇਗਾ, ਜਿਸ ਦੀ ਜ਼ਿੰਮੇਵਾਰੀ ਜਵਾਨੀ ਸਿਰ ਹੁੰਦੀ ਹੈ ।
ਮੈਕਿਨਸੇ ਗਲੋਬਲ ਇੰਸਟੀਚਿਊਟ ਦੀ 2020 ਦੀ ਰਿਪੋਰਟ ਮੁਤਾਬਕ ਭਾਰਤ ਨੂੰ 2030 ਤੱਕ ਗੈਰ-ਖੇਤੀ ਖੇਤਰ ਵਿੱਚ 9 ਕਰੋੜ ਨਵੀਂਆਂ ਨੌਕਰੀਆਂ ਸਿਰਜਣ ਦੀ ਜ਼ਰੂਰਤ ਹੈ, ਜਿਸ ਲਈ 8 ਤੋਂ 8.5 ਫ਼ੀਸਦੀ ਵਿਕਾਸ ਦਰ ਦੀ ਲੋੜ ਹੈ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨੌਜਵਾਨਾਂ ਨੂੰ ਕੰਮ ਦੇਣ ਵੀ ਅਸਫ਼ਲਤਾ ਭਾਰਤ ਦੀਆਂ ਵਿਕਸਤ ਦੇਸ਼ ਦਾ ਦਰਜਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਲੀਹ ਤੋਂ ਲਾਹ ਸਕਦੀ ਹੈ ।
ਕਿਰਤ ਸ਼ਕਤੀ ਵਿੱਚ ਆਈ ਗਿਰਾਵਟ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ । ਸਾਲ 2016 ਵਿੱਚ ਕੀਤੀ ਗਈ ਨੋਟਬੰਦੀ ਨਾਲ ਹੀ ਅਰਥਵਿਵਸਥਾ ਲੜਖੜਾ ਗਈ ਸੀ ਤੇ ਉਪਰੋਂ ਜੀ ਐੱਸ ਟੀ ਨੇ ਇਸ ਨੂੰ ਹੋਰ ਧੱਕਾ ਲਾ ਦਿੱਤਾ ਸੀ । ਰਿਪੋਰਟ ਅਨੁਸਾਰ ਕਿਰਤ ਸ਼ਕਤੀ ਦੀ ਹਿੱਸੇਦਾਰੀ ਵਿੱਚ ਗਿਰਾਵਟ ਦੇ ਵੱਖੋ-ਵੱਖਰੇ ਕਾਰਨ ਹੋ ਸਕਦੇ ਹਨ । ਬੇਰੁਜ਼ਗਾਰ ਭਾਰਤੀਆਂ ਵਿੱਚ ਅਕਸਰ ਵਿਦਿਆਰਥੀ ਜਾਂ ਘਰੇਲੂ ਔਰਤਾਂ ਸ਼ਾਮਲ ਹੁੰਦੀਆਂ ਹਨ । ਇਨ੍ਹਾਂ ਵਿੱਚੋਂ ਕਈ ਕਿਰਾਏ ਤੋਂ ਹੋਣ ਵਾਲੀ ਆਮਦਨ, ਘਰ ਦੇ ਬਜ਼ੁਰਗਾਂ ਨੂੰ ਮਿਲਣ ਵਾਲੀ ਬੁਢਾਪਾ ਪੈਨਸ਼ਨ ਜਾਂ ਕਿਸੇ ਹੋਰ ਸਰਕਾਰੀ ਯੋਜਨਾ ਰਾਹੀਂ ਮਿਲਣ ਵਾਲੀ ਮਦਦ ਨਾਲ ਗੁਜ਼ਾਰਾ ਚਲਾਉਂਦੇ ਹਨ । ਤੇਜ਼ ਰਫ਼ਤਾਰ ਨਾਲ ਤਕਨੀਕੀ ਰੂਪ ਵਿੱਚ ਬਦਲ ਰਹੀ ਦੁਨੀਆ ਵਿੱਚ ਸਾਡੇ ਨੌਜਵਾਨ ਖੁਦ ਨੂੰ ਨੌਕਰੀ ਦੇ ਯੋਗ ਬਣਾ ਸਕਣ ਲਈ ਪ੍ਰਾਪਤ ਕੀਤੇ ਜਾਣ ਵਾਲੇ ਹੁਨਰ ਤੋਂ ਮਹਿਰੂਮ ਰਹਿ ਜਾਂਦੇ ਹਨ । ਇਸੇ ਤਰ੍ਹਾਂ ਔਰਤਾਂ ਦੇ ਪਛੜ ਜਾਣ ਪਿੱਛੇ ਸੁਰੱਖਿਆ ਦਾ ਮਸਲਾ ਜਾਂ ਘਰ ਦੀਆਂ ਜ਼ਿੰਮੇਵਾਰੀਆਂ ਮੁੱਖ ਕਾਰਨ ਹੁੰਦਾ ਹੈ । ਭਾਰਤ ਦੀ ਆਬਾਦੀ ਵਿੱਚ ਔਰਤਾਂ ਦੀ ਗਿਣਤੀ 49 ਫ਼ੀਸਦੀ ਹੈ, ਪ੍ਰੰਤੂ ਉਨ੍ਹਾਂ ਦਾ ਆਰਥਕ ਉਤਪਾਦਨ ਵਿੱਚ ਯੋਗਦਾਨ ਸਿਰਫ਼ 18 ਫੀਸਦੀ ਹੈ, ਜੋ ਕੌਮਾਂਤਰੀ ਔਸਤ ਤੋਂ ਅੱਧਾ ਹੈ ।
ਇਸ ਸਥਿਤੀ ਵਿੱਚ ਸਾਡੇ ਦੇਸ਼ ਦੀ ਵਿਕਸਤ ਦੇਸ਼ਾਂ ਦੇ ਬਰਾਬਰ ਖੜ੍ਹਾ ਹੋ ਸਕਣ ਦੀ ਆਸ ਮੁੰਗੇਰੀ ਲਾਲ ਦੇ ਸੁਫਨਿਆਂ ਤੋਂ ਵੱਧ ਕੁਝ ਨਹੀਂ ਹੈ ।
The post ਬੇਰੁਜ਼ਗਾਰਾਂ ਨੇ ਢਾਹੀ ਢੇਰੀ first appeared on Punjabi News Online.
source https://punjabinewsonline.com/2022/04/28/%e0%a8%ac%e0%a9%87%e0%a8%b0%e0%a9%81%e0%a8%9c%e0%a8%bc%e0%a8%97%e0%a8%be%e0%a8%b0%e0%a8%be%e0%a8%82-%e0%a8%a8%e0%a9%87-%e0%a8%a2%e0%a8%be%e0%a8%b9%e0%a9%80-%e0%a8%a2%e0%a9%87%e0%a8%b0%e0%a9%80/