ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਯੋਗੀ ਸਰਕਾਰ ਤੋਂ ਬਗਾਵਤ ਕਰਕੇ ਅਸਤੀਫ਼ਾ ਦੇਣ ਵਾਲੇ ਕਿਰਤ ਮੰਤਰੀ ਤੇ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਇਆ ਤੇ ਮੰਤਰੀ ਧਰਮ ਸਿੰਘ ਸੈਣੀ ਅੱਜ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸਮਾਗਮ ਦੌਰਾਨ ਅਪਣਾ ਦਲ (ਸੋਨੇਲਾਲ) ਦੇ ਵਿਧਾਇਕ ਅਮਰ ਸਿੰਘ ਚੌਧਰੀ ਅਤੇ ਭਾਜਪਾ ਤੋਂ ਅਸਤੀਫਾ ਦੇਣ ਵਾਲੇ ਪੰਜ ਵਿਧਾਇਕ ਭਗਵਤੀ ਸਾਗਰ, ਰੋਸ਼ਨਲਾਲ ਵਰਮਾ, ਵਿਨੇ ਸ਼ਾਕਰਿਆ, ਬ੍ਰੀਜੇਸ਼ ਪਰਜਾਪਤੀ ਅਤੇ ਮੁਕੇਸ਼ ਵਰਮਾ ਵੀ ਅੱਜ ਸਪਾ ਵਿੱਚ ਸ਼ਾਮਲ ਹੋ ਗਏ। ਇਹ ਸਾਰੇ ਸਮਾਜਵਾਦੀ ਪਾਰਟੀ ਦੇ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਅਗਵਾਈ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਰਾਜ ਦੇ ਕਿਰਤ ਮੰਤਰੀ ਮੌਰਿਆ ਦੇ ਅਸਤੀਫੇ ਨੇ ਉੱਤਰ ਪ੍ਰਦੇਸ਼ ਵਿੱਚ ਸੱਤਾਧਾਰੀ ਭਾਜਪਾ ਨੂੰ ਝਟਕਾ ਦਿੱਤਾ ਹੈ। ਇਸ ਦਾ ਪ੍ਰਭਾਵ ਵਿਧਾਨ ਸਭਾ ਚੋਣਾਂ ਦੇ ਨਾਲ 2024 ਦੀਆਂ ਲੋਕ ਸਭਾ ਚੋਣਾਂ ’ਤੇ ਵੀ ਪਵੇਗਾ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਹੁਣ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਭਾਜਪਾ ਅਗਾਮੀ ਯੂਪੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਤਿੰਨ-ਚੌਥਾਈ ਨਹੀਂ, ਬਲਕਿ ਤਿੰਨ ਜਾਂ ਚਾਰ ਸੀਟਾਂ ਹੀ ਜਿੱਤੇਗੀ। ਉਨ੍ਹਾਂ ਕਿਹਾ ਕਿ ਯੋਗੀ ਦੇ ‘80 ਬਨਾਮ 20’ ਦਾਅਵੇ ਦਾ ਇਹ ਮਤਲਬ ਹੈ ਕਿ ਆਗਾਮੀ ਯੂਪੀ ਚੋਣਾਂ ਵਿੱਚ ਸਿਰਫ਼ 20 ਫੀਸਦ ਆਬਾਦੀ ਹੀ ਭਾਜਪਾ ਦੀ ਹਮਾਇਤ ਕਰੇਗੀ ਜਦੋਂਕਿ 80 ਫੀਸਦ ਲੋਕ ਸਮਾਜਵਾਦੀ ਪਾਰਟੀ ਦੀ ਹਮਾਇਤ ਕਰਨਗੇ। ਯਾਦਵ ਨੇ ਕਿਹਾ ਕਿ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਦੀ ‘ਸਪਾ’ ਵਿੱਚ ਸ਼ਮੂਲੀਅਤ ਨਾਲ ਹੁਣ ਬਚਦੀ ਖੁਚਦੀ 20 ਫੀਸਦ ਆਬਾਦੀ ਵੀ ਭਾਜਪਾ ਤੋਂ ਕਿਨਾਰਾ ਕਰ ਲਏਗੀ। ਅਖਿਲੇਸ਼ ਯਾਦਵ ਇਥੇ ਭਾਜਪਾ ਨੂੰ ਅਲਵਿਦਾ ਆਖ ਕੇ ਆਏ ਮੌਰਿਆ ਤੇ ਹੋਰਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਦੇਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
The post ਯੋਗੀ ਦੇ ਭੱਜਦੇ ਮੰਤਰੀ ਤੇ MLA first appeared on Punjabi News Online.
source https://punjabinewsonline.com/2022/01/15/%e0%a8%af%e0%a9%8b%e0%a8%97%e0%a9%80-%e0%a8%a6%e0%a9%87-%e0%a8%ad%e0%a9%b1%e0%a8%9c%e0%a8%a6%e0%a9%87-%e0%a8%ae%e0%a9%b0%e0%a8%a4%e0%a8%b0%e0%a9%80-%e0%a8%a4%e0%a9%87-mla/