ਬਠਿੰਡਾ, 18 ਜਨਵਰੀ, ਬਲਵਿੰਦਰ ਸਿੰਘ ਭੁੱਲਰ
ਪੰਜਾਬ ਵਿਧਾਨ ਸਭਾ ਚੋਣਾਂ ਦਾ ਮੈਦਾਨ ਜਿਉਂ ਜਿਉਂ ਭਖਦਾ ਜਾ ਰਿਹਾ ਹੈ, ਤਿਉਂ ਤਿਉਂ ਉਮੀਦਵਾਰਾਂ ਦੇ ਵਿਰੋਧੀ ਵੀ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਵਿਰੋਧ ਨੂੰ ਭਖਾਉਣ ਵਿੱਚ ਮਸਰੂਫ਼ ਹਨ। ਵਿਧਾਨ ਸਭਾ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਪਾਰਟੀ ਨੇ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ, ਉਹ ਮੌਜੂਦਾ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਸਰੂਪ ਚੰਦ ਸਿੰਗਲਾ ਬਹੁਤ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤੇ ਸਨ। ਆਮ ਆਦਮੀ ਪਾਰਟੀ ਵੱਲੋਂ ਸ੍ਰੀ ਜਗਰੂਪ ਸਿੰਘ ਗਿੱਲ ਐਡਵੋਕੇਟ ਨੂੰ ਉਮੀਦਵਾਰ ਘੋਸਿਤ ਕੀਤਾ ਗਿਆ ਹੈ। ਭਾਜਪਾ ਤੇ ਪੰਜਾਬ ਕਾਂਗਰਸ ਪਾਰਟੀ ਗੱਠਜੋੜ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਅਜੇ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ।
ਸ੍ਰੀ ਸਰੂਪ ਚੰਦ ਸਿੰਗਲਾ ਨੇ ਸਭ ਤੋਂ ਪਹਿਲਾਂ ਚੋਣ ਮੁਹਿੰਮ ਅਰੰਭ ਦਿੱਤੀ ਸੀ। ਸ੍ਰੀ ਜਗਰੂਪ ਸਿੰਘ ਗਿੱਲ ਨੇ ਵੀ ਆਪਣੀ ਪਛੇਤ ਦੂਰ ਕਰ ਲਈ ਹੈ ਅਤੇ ਕਰੀਬ ਸਾਰੇ ਵਾਰਡਾਂ ਦੇ ਵੋਟਰਾਂ ਨਾਲ ਇੱਕ ਵਾਰ ਸੰਪਰਕ ਸਾਧ ਲਿਆ ਹੈ। ਸ੍ਰੀ ਮਨਪ੍ਰੀਤ ਸਿੰਘ ਭਾਵੇਂ ਤਿਆਰੀ ਵਿੱਚ ਤਾਂ ਸਨ ਅਤੇ ਲੋਕਾਂ ਤੱਕ ਪਹੁੰਚ ਰਹੇ ਸਨ ਪਰ ਅਸਲ ਮੁਹਿੰਮ ਤਾਂ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਹੀ ਮੰਨੀ ਜਾ ਸਕਦੀ ਹੈ। ਜਿੱਥੋਂ ਤੱਕ ਉਮੀਦਵਾਰਾਂ ਦੇ ਵਿਰੋਧੀਆਂ ਦਾ ਸੁਆਲ ਹੈ। ਸ੍ਰੀ ਸਿੰਗਲਾ ਦਾ ਪਾਰਟੀ ਨੀਤੀਆਂ ਤੇ ਕੰਮਾਂ ਸਦਕਾ ਤਾਂ ਵਿਰੋਧ ਹੋ ਰਿਹਾ ਹੈ, ਜਿਵੇਂ ਬੇਅਦਬੀ ਮਾਮਲੇ ਜਾਂ ਨਸ਼ਿਆਂ ਸਬੰਧੀ ਪਰ ਨਿੱਜੀ ਤੌਰ ਤੇ ਉਹਨਾਂ ਦਾ ਕੋਈ ਵਿਰੋਧ ਵਿਖਾਈ ਨਹੀਂ ਦੇ ਰਿਹਾ। ਲੋਕ ਉਹਨਾਂ ਦੀ ਸ਼ਰਾਫਤ ਦੀ ਕਦਰ ਕਰਦੇ ਹਨ।
ਸ੍ਰੀ ਜਗਰੂਪ ਸਿੰਘ ਗਿੱਲ ਦੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਤੇ ਤਾਂ ਕਾਬਜ ਹੋਈ ਹੀ ਨਹੀਂ, ਇਸ ਲਈ ਪਾਰਟੀ ਦੇ ਤੌਰ ਤੇ ਉਹਨਾਂ ਦਾ ਕੋਈ ਵਿਰੋਧ ਨਹੀਂ ਹੋ ਰਿਹਾ। ਸਖ਼ਸੀਅਤ ਦੇ ਤੌਰ ਤੇ ਵੀ ਸ੍ਰ: ਗਿੱਲ ਇੱਕ ਬੇਦਾਗ ਇਨਸਾਨ ਹਨ, ਕਈ ਅਹੁਦਿਆਂ ਤੇ ਰਹਿਣ ਦੇ ਬਾਵਜੂਦ ਉਹਨਾਂ ਤੇ ਕਦੇ ਵੀ ਭ੍ਰਿਸਟਾਚਾਰ ਦਾ ਕੋਈ ਦੋਸ਼ ਨਹੀਂ ਲੱਗਿਆ। ਉਹ ਸਾਫ਼ ਸੁਥਰੇ ਅਕਸ ਵਾਲੇ ਇਨਸਾਨ ਮੰਨੇ ਜਾਂਦੇ ਹਨ। ਸ੍ਰੀ ਮਨਪ੍ਰੀਤ ਸਿੰਘ ਬਾਦਲ ਪਿਛਲੇ ਪੰਜ ਸਾਲ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਹਨ। ਇਸ ਸਮੇਂ ਦੌਰਾਨ ਕਾਂਗਰਸ ਨੇ ਬੇਅਦਬੀ ਮਾਮਲਿਆਂ ਤੇ ਕੋਈ ਕਾਰਵਾਈ ਨਾ ਕਰਕੇ ਅਤੇ ਨਸ਼ਿਆਂ ਤੇ ਕਾਬੂ ਪਾਉਣ ਵਿੱਚ ਅਸਫ਼ਲਤਾ ਸਦਕਾ ਲੋਕਾਂ ਨੂੰ ਜੋ ਨਿਰਾਸ਼ ਕੀਤਾ ਹੈ ਉਸ ਸਦਕਾ ਕਾਂਗਰਸੀ ਉਮੀਦਵਾਰ ਦਾ ਵਿਰੋਧ ਹੋ ਰਿਹਾ ਹੈ। ਨਿੱਜੀ ਤੌਰ ਤੇ ਵੀ ਸਮੁੱਚੇ ਪੰਜਾਬ ਭਰ ਦੇ ਮੁਲਾਜਮਾਂ ਨੇ ਸ੍ਰੀ ਬਾਦਲ ਦਾ ਵਿਰੋਧ ਕਰਨ ਲਈ ਕਮਰਕਸੇ ਕਰ ਲਏ ਹਨ। ਸਮੁੱਚੇ ਰਾਜ ਚੋਂ ਇਸ ਹਲਕੇ ਦੇ ਮੁਲਾਜਮਾਂ ਅਤੇ ਆਪਣੇ ਰਿਸਤੇਦਾਰਾਂ ਆਦਿ ਨੂੰ ਫੋਨਾਂ ਰਾਹੀਂ ਅਪੀਲ ਕੀਤੀਆਂ ਜਾ ਰਹੀਆਂ ਹਨ, ਕਿ ਸ੍ਰੀ ਬਾਦਲ ਦੇ ਵਿੱਤ ਮੰਤਰੀ ਹੁੰਦਿਆਂ ਮੁਲਾਜਮਾਂ ਦੀਆਂ ਤਨਖਾਹਾਂ ਘਟਾਈਆਂ ਗਈਆਂ, ਤਨਖਾਹਾਂ ’ਚ ਕੱਟ ਲਗਾਏ ਗਏ, ਸਮੇਂ ਸਿਰ ਤਨਖਾਹਾਂ ਨਾ ਦਿੱਤੀਆਂ ਗਈਆਂ, ਵਾਧੇ ਦੇਣ ਤੇ ਰੋਕ ਲਗਾਈ ਗਈ। ਖਜ਼ਾਨਾ ਖਾਲੀ ਕਹਿ ਕੇ ਕਰਮਚਾਰੀਆਂ ਪੈਨਸ਼ਨਰਾਂ ਨੂੰ ਜਲੀਲ ਕੀਤਾ ਗਿਆ, ਜਦ ਕਿ ਆਪਣੇ ਨਜਦੀਕੀਆਂ ਦੀਆਂ ਤਿਜੌਰੀਆਂ ਭਰੀਆਂ ਗਈਆਂ। ਇਸ ਸਬੰਧੀ ਮੁਲਾਜਮਾਂ ਦੀ ਗੱਲ ਸੁਣਨੀ ਵੀ ਮੁਨਾਸਿਬ ਨਹੀਂ ਸਮਝੀ। ਉਹ ਵੋਟਰਾਂ ਨੂੰ ਅਪੀਲ ਕਰ ਰਹੇ ਹਨ ਕਿ ਪੰਜਾਬ ਤੇ ਕਰਮਚਾਰੀਆਂ ਤੇ ਤਰਸ ਕਰਦਿਆਂ ਕਾਂਗਰਸੀ ਉਮੀਦਵਾਰ ਨੂੰ ਛੱਡ ਕੇ ਹੋਰ ਜਿਸ ਨੂੰ ਮਰਜੀ ਵੋਟ ਪਾ ਦੇਣ। ਇਸਤੋਂ ਇਲਾਵਾ ਸ਼ਹਿਰ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਹੱਦਾਂ ਬੰਨੇ ਟੱਪ ਚੁੱਕਾ ਭ੍ਰਿਸਟਾਚਾਰ, ਨਜਾਇਜ ਕਬਜੇ ਆਦਿ ਦੀ ਵੀ ਪੂਰੀ ਚਰਚਾ ਹੋ ਰਹੀ ਹੈ।
ਉਮੀਦਵਾਰਾਂ ਵੱਲੋਂ ਚੋਣ ਸਰਗਰਮੀਆਂ ਤੇ ਵਿਰੋਧੀਆਂ ਵੱਲੋਂ ਵਿਰੋਧੀ ਪ੍ਰਚਾਰ ਦੋਵੇਂ ਭਖ਼ ਰਹੇ ਹਨ। ਪਰ ਅਜੇ ਕਈ ਹੋਰ ਉਮੀਦਵਾਰਾਂ ਦੇ ਮੈਦਾਨ ਵਿੱਚ ਆਉਣ ਦੀ ਉਡੀਕ ਵੀ ਹੋ ਰਹੀ ਹੈ। ਇਸ ਸੀਟ ਦਾ ਨਤੀਜਾ ਕੀ ਹੋਵੇਗਾ ਇਸ ਸੁਆਲ ਦਾ ਜਵਾਬ ਤਾਂ ਅਜੇ ਨਹੀਂ ਦਿੱਤਾ ਜਾ ਸਕਦਾ। ਪਰ ਨਤੀਜਾ ਅਣਕਿਆਸਿਆ ਆ ਜਾਣ ਦੀਆਂ ਸੰਭਾਵਨਾਵਾਂ ਵੀ ਰੱਦ ਨਹੀਂ ਕੀਤੀਆਂ ਜਾ ਸਕਦੀਆਂ।
The post ਬਠਿੰਡਾ ਹਲਕੇ ’ਚ ਚੋਣ ਸਰਗਰਮੀਆਂ ਨਾਲ ਉਮੀਦਵਾਰਾਂ ਦਾ ਵਿਰੋਧ ਵੀ ਭਖ਼ ਰਿਹੈ first appeared on Punjabi News Online.
source https://punjabinewsonline.com/2022/01/19/%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%b9%e0%a8%b2%e0%a8%95%e0%a9%87-%e0%a8%9a-%e0%a8%9a%e0%a9%8b%e0%a8%a3-%e0%a8%b8%e0%a8%b0%e0%a8%97%e0%a8%b0%e0%a8%ae%e0%a9%80/