ਪ੍ਰੋ: ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ , 6 ਦਸੰਬਰ ਨੂੰ ਹੋਵੇਗਾ ਅੰਤਿਮ ਸੰਸਕਾਰ


‘ਭਾਰਤੀ ਲੋਕ ਨੀਚ ਕਿਵੇਂ ਬਣੇ’ ਸਣੇ ਤਿੰਨ ਦਰਜਨ ਪੁਸਤਕਾਂ ਦੇ ਰਚੇਤਾ ਸਨ ਪ੍ਰੋ: ਗੁਰਨਾਮ ਸਿੰਘ

ਸ੍ਰੀ ਮੁਕਤਸਰ ਸਾਹਿਬ 5 ਦਸੰਬਰ (ਕੁਲਦੀਪ ਸਿੰਘ ਘੁਮਾਣ) ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਜਿਗਰ ਦੇ ਕੈਂਸਰ ਦੇ ਇਲਾਜ ਵਾਸਤੇ ਪੀ ਜੀ ਆਈ ਚੰਡੀਗੜ੍ਹ ਵਿਖੇ ਦਾਖਲ ਉਘੇ ਦਲਿਤ ਚਿੰਤਕ, ਲੇਖਕ ਤੇ ਅਧਿਆਪਕ ਪ੍ਰੋ. ਗੁਰਨਾਮ ਸਿੰਘ ਮੁਕਤਸਰ ਆਖਰ 74 ਸਾਲਾ ਆਯੂ ਭੋਗ ਕੇ ਦੁਨੀਆ ਨੂੰ ਅਲਵਿਦਾ ਕਹਿ ਗਏ ਜਿਸ ਕਾਰਣ ਬੁੱਧੀਜੀਵੀ ਤੇ ਦਲਿਤ ਵਰਗ ’ਚ ਭਾਰੀ ਦੁੱਖ ਦੀ ਲਹਿਰ ਦੌੜ ਗਈ ਹੈ। ਪ੍ਰੋ. ਗੁਰਨਾਮ ਸਿੰਘ ਦੀ ਕਰੀਬ ਚਾਰ ਦਹਾਕਿਆਂ ਦੀ ਮਿਹਨਤ ਤੋਂ ਤਿਆਰ ਅਤੇ 1987 ਵਿੱਚ ਪ੍ਰਕਾਸ਼ਿਤ ਹੋਈ ਕਰੀਬ 13 ਸੌ ਪੰਨਿਆਂ ਦੀ ਪੁਸਤਕ ‘ਭਾਰਤੀ ਲੋਕ ਨੀਚ ਕਿਵੇਂ ਬਣੇ’ ਨੇ ਰਾਤੋ-ਰਾਤ ਬੁੱਧੀਜੀਵੀ ਵਰਗ ਦਾ ਧਿਆਨ ਖਿੱਚਿਆ। ਇਸ ਪੁਸਤਕ ਦੇ ਪਹਿਲੇ ਪ੍ਰਕਾਸ਼ਨ ਵਿੱਚ 99 ਪੁਸਤਕਾਂ ਦੇ ਹਵਾਲੇ ਦਰਜ ਸਨ ਤੇ ਹੁਣ ਤੱਕ ਛਪੇ ਕਰੀਬ ਦਸ ਐਡੀਸ਼ਨਾਂ ਵਿੱਚ ਉਹ ਨਵਾਂ ਵਾਧਾ ਕਰਦੇ ਰਹੇ। ਇਸਤੋਂ ਇਲਾਵਾ ਉਨ੍ਹਾਂ ਬਾਨਾਰਸਿ ਕੇ ਠੱਗ, ਝੂਠ ਨਾ ਬੋਲ ਪਾਂਡੇ, ਖੌਲਦਾ ਮਹਾਂਸਾਗਰ, ਧੱਮ ਸ਼ਰਣੰਮ, ਅਸੀਂ ਅਤੇ ਸਾਡੀ ਆਜ਼ਾਦੀ, ਕਹਿ ਰਵੀਦਾਸ ਚਮਾਰਾ, ਸਾਡੀ ਜਾਤੀ ਦੇ ਪ੍ਰਸੰਗ ਦਾ ਸੱਚ, ਪੰਜਾਬ ਦੀਆਂ ਜਾਤਾਂ ਦਾ ਜਾਤੀ ਹੰਕਾਰ, ਬਾਬਾ ਸਾਹਿਬ ਅੰਬੇਡਕਰ ਦਾ ਸਿੱਖ ਬਣਨ ਦਾ ਸੰਘਰਸ਼, ਅੱਤਿਆਚਾਰ ਤੇ ਸਮਾਜਿਕ ਖਾਖੋਸ਼ੀ, ਜੋ ਬਹੁਜਨ ਕੀ ਬਾਤ ਕਰੇਂਗੇ ਵੋਹ ਦਿੱਲੀ ਪਰ ਰਾਜ ਕਰੇਂਗੇ ਸਣੇ ਬਹੁਤ ਸਾਰੀਆਂ ਪੁਸਤਕਾਂ ਤੇ ਕਰੀਬ 25 ਮੁਲਕਾਂ ਵਿੱਚ ਲੈਕਚਰ ਦਿੱਤੇ। ਪ੍ਰੋ. ਗੁਰਨਾਮ ਸਿੰਘ ਦੇ ਉਸ ਘਰ ਵਿੱਚ ਰਹਿ ਰਹੇ ਉਨ੍ਹਾਂ ਦੇ ਕਰੀਬੀ ਮਿੱਤਰ ਪ੍ਰੋ. ਲੋਕ ਨਾਥ ਨੇ ਦੱਸਿਆ ਕਿ ਬਾਬੂ ਕਾਂਸ਼ੀ ਰਾਮ ਤੇ ਮਾਇਆ ਵਤੀ ਸਣੇ ਹਰ ਵੱਡੇ ਦਲਿਤ ਲੀਡਰ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਡੀ ਐਸ ਫੋਰ ਅਤੇ ਬਾਮਸੇਫ ਦੇ ਮਨਸੂਬੇ ਪ੍ਰੋਫੈਸਰ ਸਾਹਿਬ ਨੇ ਇਸ ਘਰ ਵਿੱਚ ਹੀ ਤਿਆਰ ਕੀਤੇ ਸਨ। ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਬਸਪਾ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ। ਮੁਕਤਸਰ ਲਾਗਲੇ ਪਿੰਡ ਧੂਲਕੋਟ ਵਿਖੇ 26 ਅਕਤੂਬਰ 1947 ਨੂੰ ਪੈਦਾ ਹੋਏ ਪ੍ਰੋ. ਗੁਰਨਾਮ ਸਿੰਘ ਨੇ ਐਮ. ਏ. ਪੰਜਾਬ ਅਤੇ ਰਾਜਨੀਤੀ ਸ਼ਾਸਤਰ ਕਰਨ ਤੋਂ ਬਾਅਦ ਸਕੂਲ ਅਧਿਆਪਕ ਤੇ ਪ੍ਰਿੰਸੀਪਲ ਵਜੋਂ ਨੌਕਰੀ ਕੀਤੀ। ਉਨ੍ਹਾਂ ਦੀ ਪਤਨੀ ਜਗਦੀਪ ਕੌਰ ਤੇ ਵੱਡੀ ਬੇਟੀ ਜਗਦੀਪ ਕੌਰ ਸੇਵਾਮੁਕਤ ਅਧਿਆਪਕ ਹਨ ਛੋਟੀ ਬੇਟੀ ਕਿਰਨਦੀਪ ਕੌਰ ਘਰੈਲੂ ਸਵਾਨੀ ਹੈ। ਜਗਦੀਪ ਕੌਰ ਨੇ ਦੱਸਿਆ ਕਿ ਪ੍ਰੋਫੈਸਰ ਸਾਹਿਬ ਨੇ ਸਿਆਸੀ ਆਗੂ ਵਜੋਂ ਨਹੀਂ ਸਗੋਂ ਇਕ ਮਿਸ਼ਨਰੀ ਵਜੋਂ ਸਮਾਜ ਦੇ ਦਲਿਤ ਅਤੇ ਹਾਸ਼ੀਆ ਗ੍ਰਸਤ ਲੋਕਾਂ ਨੂੰ ਜਾਗਰੁਕਤ ਕਰਨ ਲਈ ਕੰਮ ਕੀਤਾ। ਸਮੇਂ ਦੀਆਂ ਸਰਕਾਰਾਂ ਵੱਲੋਂ ਨਜ਼ਰ ਅੰਦਾਜ਼ ਕਰਨ ਦੇ ਬਾਵਜੂਦ ਬਹੁਤ ਸਾਰੀਆਂ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ 25 ਮੁਲਕਾਂ ਦੇ ਲੋਕਾਂ ਨੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਸੱਦਿਆ। ਜਗਦੀਪ ਕੌਰ ਨੇ ਦੱਸਿਆ ਕਿ ਪ੍ਰੋਫੈਸਰ ਸਾਹਿਬ ਦਾ ਅੰਤਮ ਸਸਕਾਰ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ 6 ਦਸੰਬਰ ਨੂੰ ਬਾਅਦ ਦੁਪਹਿਰ 12 ਵਜੇ ਕੀਤਾ ਜਾਵੇਗਾ।

The post ਪ੍ਰੋ: ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ , 6 ਦਸੰਬਰ ਨੂੰ ਹੋਵੇਗਾ ਅੰਤਿਮ ਸੰਸਕਾਰ first appeared on Punjabi News Online.



source https://punjabinewsonline.com/2021/12/06/%e0%a8%aa%e0%a9%8d%e0%a8%b0%e0%a9%8b-%e0%a8%97%e0%a9%81%e0%a8%b0%e0%a8%a8%e0%a8%be%e0%a8%ae-%e0%a8%b8%e0%a8%bf%e0%a9%b0%e0%a8%98-%e0%a8%ae%e0%a9%81%e0%a8%95%e0%a8%a4%e0%a8%b8%e0%a8%b0-%e0%a8%a8/
Previous Post Next Post

Contact Form