
ਇੰਗਲਿਸ਼ ਚੈਨਲ ਪਾਰ ਕਰਦੇ ਹੋਏ ਕਿਸ਼ਤੀ ਡੁੱਬਣ ਕਾਰਨ ਬਰਤਾਨੀਆ ਜਾ ਰਹੇ ਘੱਟੋ-ਘੱਟ 31 ਪਰਵਾਸੀਆਂ ਦੀ ਮੌਤ ਹੋ ਗਈ। ਫਰਾਂਸ ਦੇ ਗ੍ਰਹਿ ਮੰਤਰੀ ਨੇ ਇਸ ਨੂੰ ਪਰਵਾਸੀਆਂ ਦੇ ਖ਼ਤਰਨਾਕ ਪਰਵਾਸ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਵੱਡੀ ਤ੍ਰਾਸਦੀ ਦੱਸਿਆ ਹੈ। ਗ੍ਰਹਿ ਮੰਤਰੀ ਗੈਰਾਲਡ ਦਾਰਮੈਨਿਨ ਨੇ ਕਿਹਾ ਕਿ ਅਨੁਮਾਨ ਹੈ ਕਿ ਕਿਸ਼ਤੀ ’ਤੇ 34 ਲੋਕ ਸਵਾਰ ਸਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਬੁੱਧਵਾਰ ਨੂੰ 31 ਲਾਸ਼ਾਂ ਮਿਲੀਆਂ ਜਿਨ੍ਹਾਂ ਵਿੱਚ ਪੰਜ ਮਹਿਲਾਵਾਂ ਅਤੇ ਇਕ ਲੜਕੀ ਸ਼ਾਮਲ ਹੈ ਜਦਕਿ ਦੋ ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਯਾਤਰੀ ਕਿਸ ਦੇਸ਼ ਤੋਂ ਹਨ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਵਿਚ ਜਿਊਂਦੇ ਬਚਣ ਵਾਲੇ ਲੋਕਾਂ ਦੀ ਭਾਲ ਲਈ ਫਰਾਂਸ-ਬਰਤਾਨੀਆ ਦੀ ਸਾਂਝੀ ਮੁਹਿੰਮ ਦੇਰ ਰਾਤ ਤੱਕ ਜਾਰੀ ਰਹੀ। ਦਾਰਮੈਨਿਨ ਨੇ ਫਰਾਂਸ ਦੇ ਬੰਦਰਗਾਹ ਸ਼ਹਿਰ ਕੈਲਿਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਨਾਲ ਸਬੰਧਤ ਹੋਣ ਦੇ ਸ਼ੱਕ ਵਿਚ ਚਾਰ ਸ਼ੱਕੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਅਦ ਵਿਚ ਦੋ ਸ਼ੱਕੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।ਕਿਸ਼ਤੀ ਡੁੱਬਣ ਕਾਰਨ 31 ਲੋਕਾਂ ਦੀ ਮੌਤ ਹੋਣ ਸਬੰਧੀ ਇਕ ਅੰਗਰੇਜ਼ੀ ਚੈਨਲ ’ਤੇ ਚੱਲੀ ਖ਼ਬਰ ਨੇ ਬਲਦੀ ਵਿਚ ਤੇਲ ਪਾ ਕੇ ਬਰਤਾਨੀਆ ਤੇ ਫਰਾਂਸ ਵਿਚਾਲੇ ਤਣਾਅ ਵਧਾ ਦਿੱਤਾ ਹੈ। ਇਸ ਘਟਨਾ ਨਾਲ ਇਕ ਵਾਰ ਮੁੜ ਤੋਂ ਇਹ ਮੁੱਦਾ ਭਖ਼ ਗਿਆ ਹੈ ਕਿ ਦੁਨੀਆ ਦੇ ਸਭ ਤੋਂ ਭੀੜ ਵਾਲੇ ਇਸ ਜਲ ਮਾਰਗ ਨੂੰ ਛੋਟੀਆਂ ਕਿਸ਼ਤੀਆਂ ਰਾਹੀਂ ਪਾਰ ਕਰਨ ਤੋਂ ਪਰਵਾਸੀਆਂ ਨੂੰ ਕਿਵੇਂ ਰੋਕਿਆ ਜਾਵੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਵੱਲੋਂ ਮਨੁੱਖੀ ਤਸਕਰਾਂ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਤਹੱਈਆ ਕੀਤੇ ਜਾਣ ਦੇ ਬਾਵਜੂਦ ਦੋਹਾਂ ਦੇਸ਼ਾਂ ਦੇ ਸਿਆਸਤਦਾਨ ਟੀਵੀ ਚੈਨਲਾਂ ’ਤੇ ਇਕ-ਦੂਜੇ ਖ਼ਿਲਾਫ਼ ਦੋਸ਼ ਮੜ ਰਹੇ ਹਨ। ਬਰਤਾਨਵੀ ਪੁਲੀਸ ਅਤੇ ਸਰਹੱਦੀ ਅਧਿਕਾਰੀਆਂ ਵੱਲੋਂ ਪਾਣੀਆਂ ਦੇ ਨਾਲ ਸਾਂਝੀ ਪੈਟਰੋਲਿੰਗ ਕਰਨ ਦੀ ਕੀਤੀ ਗਈ ਪੇਸ਼ਕਸ਼ ਨੂੰ ਰੱਦ ਕੀਤੇ ਜਾਣ ਲਈ ਬਰਤਾਨੀਆ ਦੇ ਅਧਿਕਾਰੀਆਂ ਨੇ ਫਰਾਂਸ ਦੀ ਆਲੋਚਨਾ ਕੀਤੀ। ਉੱਧਰ, ਫਰਾਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਤਾਨੀਆ ਇਸ ਸੰਕਟ ਨੂੰ ਹੋਰ ਬੜ੍ਹਾਵਾ ਦੇ ਰਿਹਾ ਹੈ ਕਿਉਂਕਿ ਜੇਕਰ ਪਰਵਾਸੀ ਇਹ ਜਲ ਮਾਰਗ ਲੰਘਣ ਵਿਚ ਸਫ਼ਲ ਹੋ ਜਾਂਦੇ ਹਨ ਤਾਂ ਉਨ੍ਹਾਂ ਲਈ ਦੇਸ਼ ਵਿਚ ਰਹਿਣਾ ਆਸਾਨ ਹੋ ਜਾਂਦਾ ਹੈ। ਉੱਧਰ, ਮੈਕਰੌਂ ਇਹ ਮਾਮਲਾ ਯੂਰਪੀ ਯੂਨੀਅਨ ਦੇ ਅਧਿਕਾਰੀਆਂ ਕੋਲ ਉਠਾਉਣ ਜਾ ਰਿਹਾ ਹੈ।
The post ਇੰਗਲਿਸ਼ ਚੈਨਲ ਵਿਚ ਡੁੱਬੀ ਕਿਸ਼ਤੀ : 31 ਮੌਤਾਂ first appeared on Punjabi News Online.
source https://punjabinewsonline.com/2021/11/26/%e0%a8%87%e0%a9%b0%e0%a8%97%e0%a8%b2%e0%a8%bf%e0%a8%b6-%e0%a8%9a%e0%a9%88%e0%a8%a8%e0%a8%b2-%e0%a8%b5%e0%a8%bf%e0%a8%9a-%e0%a8%a1%e0%a9%81%e0%a9%b1%e0%a8%ac%e0%a9%80-%e0%a8%95%e0%a8%bf%e0%a8%b6/
Sport:
PTC News