ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੀਆਂ ਸਾਜ਼ਿਸ਼ੀ ਚਾਲਾਂ ਦੇ ਜਾਲ ਵਿੱਚ ਨਾ ਫਸਣ। ਮੋਰਚੇ ਨੇ ਕਿਹਾ ਕਿ ਭਾਜਪਾ ਦੀ ਹਰਿਆਣਾ ਇਕਾਈ ਵੱਲੋਂ ਪ੍ਰਸਤਾਵਿਤ ‘ਤਿਰੰਗਾ ਯਾਤਰਾ’ ਮੁੱਖ ਤੌਰ ’ਤੇ ਕਿਸਾਨਾਂ ਨੂੰ ਭੜਕਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਹੈ। ਕਿਸਾਨ ਆਗੂ ਡਾ ਦਰਸ਼ਨ ਪਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਇਸ ਮਨਘੜਤ ਯੋਜਨਾ ਨੂੰ ਵੇਖਣ ਤੇ ਰਾਸ਼ਟਰੀ ਝੰਡੇ ਦੀ ਆੜ ਵਿੱਚ ਗੰਦੀ ਚਾਲ ਨੂੰ ਕਾਮਯਾਬ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਕਿਸਾਨ ਕਿਤੇ ਵੀ ਵਿਰੋਧ ਨਾ ਕਰਨ ਅਤੇ ਕੌਮੀ ਝੰਡੇ ਦੇ ਸਤਿਕਾਰ ਨੂੰ ਵੀ ਯਕੀਨੀ ਬਣਾਇਆ ਜਾਵੇ।
ਮੋਰਚੇ ਨੇ ਸਪੱਸ਼ਟ ਕੀਤਾ ਕਿ ਭਾਜਪਾ, ਜੇਜੇਪੀ ਅਤੇ ਉਨ੍ਹਾਂ ਦੇ ਨੇਤਾਵਾਂ ਦਾ ਬਾਈਕਾਟ ਤੇ ਕਾਲੇ ਝੰਡਿਆਂ ਰਾਹੀਂ ਵਿਰੋਧ ਦੇ ਹੋਰ ਸਾਰੇ ਪ੍ਰੋਗਰਾਮ ਜਾਰੀ ਰਹਿਣਗੇ। ਕਿਸਾਨ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸੰਸਦ ਦੀ ਕਾਰਵਾਈ ਦੇ ਸਮਾਨਾਂਤਰ ਭਲਕੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੇ ਸੈਸ਼ਨ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਜਾਣਕਾਰੀ ਮੁਤਾਬਕ ਸੰਸਦ ਨੇ 107 ਘੰਟਿਆਂ ਵਿੱਚੋਂ ਸਿਰਫ 18 ਘੰਟਿਆਂ ਲਈ ਕੰਮ ਕੀਤਾ ਹੈ ਅਤੇ ਹਉਮੈਵਾਦੀ ਤੇ ਆਡੰਬਰਾਂ ਵਾਲੀ ਸਰਕਾਰ ਆਪਣੇ ਗੈਰ-ਜਮਹੂਰੀ ਕੰਮਕਾਜ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਗੱਲ ਨਾ ਸੁਣਨ ਵਿੱਚ ਕਰੋੜਾਂ ਰੁਪਏ ਗੁਆਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮਹੱਤਵਪੂਰਨ ਮਾਮਲੇ ਉਠਾਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ।
source https://punjabinewsonline.com/2021/08/02/%e0%a8%95%e0%a8%bf%e0%a8%b8%e0%a8%be%e0%a8%a8-%e0%a8%85%e0%a9%b0%e0%a8%a6%e0%a9%8b%e0%a8%b2%e0%a8%a8-%e0%a8%b5%e0%a8%bf%e0%a8%9a%e0%a8%95%e0%a8%be%e0%a8%b0-%e0%a8%a6%e0%a9%80-%e0%a8%ad%e0%a8%be/