ਅਫਗਾਨਿਸਤਾਨ ਤੇ ਕਬਜਾ ਕਰ ਰਹੇ ਤਾਲਿਬਾਨ ਦੇ ਬੁਲਾਰੇ ਮੁਹੰਮਦ ਸੁਹੇਲ ਸ਼ਾਹੀਨ ਦਾ ਭਾਰਤ ਬਾਰੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਭਾਰਤ ਫ਼ੌਜੀ ਤੌਰ ‘ਤੇ ਅਫ਼ਗ਼ਾਨਿਸਤਾਨ ਆਉਂਦਾ ਹੈ ਜਾਂ ਉਸ ਦੀ ਮੌਜੂਦਗੀ ਹੁੰਦੀ ਹੈ ਤਾਂ ਇਹ ਉਸ ਲਈ ਚੰਗਾ ਨਹੀਂ ਹੋਵੇਗਾ। ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਨੇ ਦੇਖਿਆ ਹੈ ਕਿ ਅਫ਼ਗ਼ਾਨਿਸਤਾਨ ਵਿਚ ਦੂਜੇ ਦੇਸ਼ਾਂ ਦੀਆਂ ਫ਼ੌਜਾਂ ਨਾਲ ਕੀ ਹੋਇਆ। ਇਹ ਉਸ ਦੇ ਲਈ ਇਕ ਖੁੱਲ੍ਹੀ ਕਿਤਾਬ ਵਾਂਗ ਹੈ।
ਕੰਧਾਰ ਨੂੰ ਵੀਰਵਾਰ ਰਾਤ ਨੂੰ ਤਾਲਿਬਾਨ ਨੇ ਕਬਜ਼ੇ ਵਿਚ ਕਰ ਲਿਆ ਅਤੇ ਸਰਕਾਰੀ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਕਿਸੇ ਤਰ੍ਹਾਂ ਹਵਾਈ ਮਾਰਗ ਰਾਹੀਂ ਭੱਜਣ ‘ਚ ਕਾਮਯਾਬ ਹੋ ਗਏ ਸਨ । ਇਸ ਤੋਂ ਪਹਿਲਾਂ ਤਾਲਿਬਾਨ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ ‘ਤੇ ਕਬਜ਼ਾ ਕਰ ਲਿਆ ਸੀ । ਹੁਣ ਉਨ੍ਹਾਂ ਨੇ ਕਾਬਲ ‘ਤੇ ਕਬਜ਼ਾ ਕਰਨਾ ਹੈ । ਇਸੇ ਦੌਰਾਨ ਅਮਰੀਕਾ ਕਾਬਲ ਤੋਂ ਆਪਣੇ ਦੂਤਘਰ ਦੇ ਕੁਝ ਸਟਾਫ ਨੂੰ ਕੱਢਣ ਲਈ ਤਿੰਨ ਹਜ਼ਾਰ ਫੌਜੀ ਭੇਜਣ ਦੀ ਯੋਜਨਾ ਬਣਾ ਰਿਹਾ ਹੈ । ਇੰਗਲੈਂਡ ਤੇ ਕੈਨੇਡਾ ਵੀ ਆਪਣੇ ਬੰਦੇ ਕੱਢਣ ਲਈ ਫੌਜੀ ਭੇਜਣ ਦੀ ਯੋਜਨਾ ਬਣਾ ਰਹੇ ਹਨ । ਬਲੋਚਿਸਤਾਨ ਦੇ ਨੇੜੇ ਚਮਨ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਸੈਂਕੜੇ ਅਫਗਾਨੀਆਂ ਨਾਲ ਝੜੱਪ ਹੋਈ ਹੈ, ਜਿਹੜੇ ਕਿ ਜਾਨ ਬਚਾਉਣ ਲਈ ਪਾਕਿਸਤਾਨ ਆ ਰਹੇ ਸਨ । ਪਾਕਿਸਤਾਨ ਦੇ ਬਲੋਚਿਸਤਾਨ ਵਿਚ ਰਹਿੰਦੇ ਤਾਲਿਬਾਨ ਦੀ ਮੰਗ ਹੈ ਕਿ ਪਾਕਿਸਤਾਨੀ ਅਫਗਾਨੀਆਂ ਨੂੰ ਬਿਨਾਂ ਵੀਜ਼ਾ ਆਉਣ ਦੇਵੇ । ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਨਾਲ ਲੱਗਦੇ ਦੇਸ਼ ਅਫਗਾਨ ਰਫਿਊਜ਼ੀਆਂ ਲਈ ਆਪਣੇ ਬਾਰਡਰ ਖੋਲ੍ਹਣ । ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਕਿਹਾ ਹੈ ਕਿ ਅਫਗਾਨਿਸਤਾਨ ‘ਚ ਮਨੁੱਖੀ ਤਬਾਹੀ ਹੋ ਰਹੀ ਹੈ ਕਿਉਂਕਿ ਹਜ਼ਾਰਾਂ ਲੋਕ ਘਰ ਛੱਡ ਗਏ ਹਨ ਤੇ ਭੁਖਮਰੀ ਦੀ ਹਾਲਤ ‘ਚ ਹਨ । ਮਈ ਤੋਂ ਢਾਈ ਲੱਖ ਤੋਂ ਵੱਧ ਲੋਕਾਂ ਨੂੰ ਉਜੜਨਾ ਪਿਆ ਹੈ, ਜਿਨ੍ਹਾਂ ਵਿਚ 80 ਫੀਸਦੀ ਔਰਤਾਂ ਤੇ ਬੱਚੇ ਹਨ । ਹਥਿਆਰਬੰਦ ਲੋਕ ਰਾਹਾਂ ਵਿਚ ਉਨ੍ਹਾਂ ਨੂੰ ਲੁੱਟ ਰਹੇ ਹਨ ।
source https://punjabinewsonline.com/2021/08/14/%e0%a8%ad%e0%a8%be%e0%a8%b0%e0%a8%a4-%e0%a9%9e%e0%a9%8c%e0%a8%9c%e0%a9%80-%e0%a8%b0%e0%a9%82%e0%a8%aa-%e0%a8%a4%e0%a9%8b%e0%a8%82-%e0%a8%85%e0%a9%9e%e0%a9%9a%e0%a8%be%e0%a8%a8%e0%a8%bf%e0%a8%b8/