ਪੰਜਾਬ ਪੁਲਿਸ ਨੇ ਸਿਆਸੀ ਰਣਨੀਤੀਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ (ਪੀਕੇ) ਦਾ ਨਾਂ ਵਰਤ ਕੇ ਕਾਂਗਰਸੀ ਅਹੁਦੇਦਾਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਭੜਕਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਪੁਲਿਸ ਨੇ ਲੁਧਿਆਣਾ ਥਾਣਾ ਡਵੀਜ਼ਨ ਨੰ। 6 ਵਿਚ ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਨਕਲੀ ਪੀਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਇੰਸਪੈਕਟਰ ਅਮਨਦੀਪ ਬਰਾੜ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਅਪਰਾਧੀ ਅਨਸਰਾਂ ਨੇ ਗਿਰੋਹ ਬਣਾਇਆ ਹੈ। ਇਕ ਜਣਾ ਲੰਘੇ ਹਫ਼ਤੇ ਤੋਂ ਸਿਆਸਤਦਾਨਾਂ ਤੇ ਲੋਕ ਨੁਮਾਇੰਦਿਆਂ ਨੂੰ ਫੋਨ ਕਰ ਕੇ ਖ਼ੁਦ ਨੂੰ ਪ੍ਰਸ਼ਾਂਤ ਕਿਸ਼ੋਰ ਦੱਸ ਕੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸਖ਼ਤ ਬਿਆਨ ਦੇਣ ਲਈ ਆਖ ਰਿਹਾ ਸੀ। ਕੁਝ ਆਗੂਆਂ ਵੱਲੋਂ ਦਿੱਲੀ ਵਿਚ ਕਾਂਗਰਸੀ ਲੀਡਰਸ਼ਿਪ ਨੂੰ ਮੁੱਖ ਮੰਤਰੀ ਦੀ ਸ਼ਿਕਾਇਤ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
ਥਾਣਾ ਇੰਚਾਰਜ ਮੁਤਾਬਕ ਗਿਰੋਹ ਦੇ ਗੁਰਗੇ ਸਿਆਸਤਦਾਨਾਂ ਨੂੰ ਕਹਿ ਰਹੇ ਸਨ ਕਿ ਇਸ ਕੰਮ ਬਦਲੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਤੇ ਉੱਚਾ ਅਹੁਦਾ ਮਿਲ ਸਕਦਾ ਹੈ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਇਹ ਅਨਸਰ ਦਿੱਲੀ ਰੋਡ ’ਤੇ ਸ਼ੇਰਪੁਰ ਚੌਕੀ ਲਾਗੇ ਸਰਗਰਮ ਹਨ। ਇਨ੍ਹਾਂ ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
source https://punjabinewsonline.com/2021/06/16/%e0%a8%a8%e0%a8%95%e0%a8%b2%e0%a9%80-pk-%e0%a8%a8%e0%a9%82%e0%a9%b0-%e0%a8%ad%e0%a8%be%e0%a8%b2%e0%a8%a6%e0%a9%80-%e0%a8%aa%e0%a9%81%e0%a8%b2%e0%a8%bf%e0%a8%b8-%e0%a8%95%e0%a9%88%e0%a8%aa%e0%a8%9f/