ਸ੍ਰੀ ਮੋਦੀ ਆਪਣੀਆਂ ਨਾਕਾਮੀਆਂ ਤੇ ਅਸਫਲਤਾਵਾਂ ਖੁਲਦਿਲੀ ਨਾਲ ਪ੍ਰਵਾਨ ਕਰਨ

ਬਲਵਿੰਦਰ ਸਿੰਘ ਭੁੱਲਰ

ਪ੍ਰਧਾਨ ਮੰਤਰੀ ਸ੍ਰੀ ਮੋਦੀ ਆਪਣੀਆਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੀਆਂ ਨਾਕਾਮੀਆਂ ਤੇ ਅਸਫਲਤਾਵਾਂ ਨੂੰ ਵੀ ਇਮਾਨਦਾਰੀ ਤੇ ਖੁਲਦਿਲੀ ਨਾਲ ਪ੍ਰਵਾਨ ਕਰਨ, ਤਾਂ ਜੋ ਦੇਸ਼ ਦੇ ਲੋਕਾਂ ਨੂੰ ਅਸਲੀਅਤ ਦੀ ਸਹੀ ਜਾਣਕਾਰੀ ਹਾਸਲ ਹੋ ਸਕੇ ਤੇ ਉਹ ਆਪਣੇ ਸੁਝਾਅ ਪੇਸ਼ ਕਰ ਸਕਣ। ਦੇਸ਼ ਵਿੱਚ ਪੈਦਾ ਹੋਈਆਂ ਘਾਟਾਂ ਤੇ ਕੁਰੀਤੀਆਂ ਨੂੰ ਦੂਰ ਕਰਨ ਲਈ ਜਨਤਾ ਦੀ ਰਾਇ ਅਤੀ ਮਹੱਤਵਪੂਰਨ ਹੁੰਦੀ ਹੈ ਅਤੇ ਤਰੱਕੀ ਕਰਨ ਵਾਲੇ ਦੁਨੀਆਂ ਦੇ ਹਰ ਦੇਸ਼ ਨੇ ਲੋਕ ਮਸ਼ਵਰਾ ਹਾਸਲ ਕਰਕੇ ਹੀ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਕਰੀਬ ਸੱਤ ਸਾਲਾਂ ਦੇ ਰਾਜਭਾਗ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਇਉਂ ਪੇਸ਼ ਕਰ ਰਹੇ ਹਨ, ਜਿਵੇਂ ਇਸ ਰਾਜ ਦੌਰਾਨ ਲੋਕਾਂ ਨੂੰ ਕਿਸੇ ਦੁਸ਼ਵਾਰੀ ਜਾਂ ਕਮੀ ਦਾ ਸਾਹਮਣਾ ਹੀ ਨਾ ਕਰਨਾ ਪਿਆ ਹੋਵੇ ਅਤੇ ਦੇਸ਼ ਦਾ ਹਰ ਵਰਗ ਖੁਸ਼ ਹੋਵੇ। ਉਹ ਆਪਣੀ ਪ੍ਰਾਪਤੀ ਵਿੱਚ ਧਾਰਾ 370, ਨਾਗਰਿਕਤਾ ਸੋਧ ਅਤੇ ਰਾਮ ਮੰਦਰ ਦੇ ਮਸਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹਨ, ਜਦ ਕਿ ਇਹ ਮਾਮਲੇ ਹੱਲ ਨਹੀਂ ਕੀਤੇ ਗਏ, ਧੱਕੇਸ਼ਾਹੀ ਨਾਲ ਦੱਬ ਦਿੱਤੇ ਗਏ ਹਨ ਅਤੇ ਅਜਿਹਾ ਕਰਨ ਵਿੱਚ ਕੋਰੋਨਾ ਮਹਾਂਮਾਰੀ ਦਾ ਲਾਹਾ ਤੱਕਿਆ ਗਿਆ ਹੈ। ਸਰਕਾਰ ਵੱਲੋਂ ਆਪਣੀ ਬਹੁਗਿਣਤੀ ਦੇ ਜੋਰ ਡਿਕਟੇਟਰਾਨਾ ਢੰਗ ਨਾਲ ਦਬਾਅ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ ਕਿਹਾ ਜਾ ਸਕਦਾ, ਇਹ ਇੱਕ ਤਰ੍ਹਾਂ ਹਿਟਲਰਸ਼ਾਹੀ ਤੌਰ ਤਰੀਕਾ ਹੈ। ਪ੍ਰਧਾਨ ਮੰਤਰੀ ਜੇ ਸੁਹਿਰਦਤਾ ਨਾਲ ਆਪਣੇ ਰਾਜ ਕਾਲ ਦੀ ਗੱਲ ਕਰਨਾ ਚਾਹੁੰਦੇ ਹਨ ਤਾਂ ਉਹ ਕੋਰੋਨਾ ਮਹਾਂਮਾਰੀ ਦੌਰਾਨ ਰੇਲ ਲਾਈਨਾਂ ਤੇ ਮਰੇ ਮਜਦੂਰਾਂ ਕਿਰਤੀਆਂ, ਵੈਕਸੀਨ ਅਤੇ ਆਕਸੀਜਨ ਦੀ ਘਾਟ ਕਾਰਨ ਮੌਤ ਦੇ ਮੂੰਹ ਜਾ ਰਰੀਆਂ ਇਨਸਾਨੀ ਜਿੰਦਗੀਆਂ, ਗੰਗਾ ਜਮੁਨਾ ਵਿੱਚ ਤੈਰਦੀਆਂ ਲਾਸ਼ਾਂ, ਨੋਟਬੰਦੀ ਕਾਰਨ ਹੋਈ ਵਪਾਰ ਦੀ ਤਬਾਹੀ, ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਵਾਹਵਾ ਖੱਟਣ ਲਈ ਸਰਹੱਦਾਂ ਤੇ ਫੌਜੀ ਜਵਾਨਾਂ ਦੀਆਂ ਕਰਵਾਈਆਂ ਬੇਲੋੜੀਆਂ ਸਹਾਦਤਾਂ, ਆਦਿ ਦੀ ਜੁਮੇਵਾਰੀ ਵੀ ਇਮਾਨਦਾਰੀ ਨਾਲ ਪ੍ਰਵਾਨ ਕਰਨ।
ਦੇਸ਼ ਦੀ ਹਾਲਤ ਇਸ ਕਦਰ ਵਿਗੜ ਚੁੱਕੀ ਹੈ ਕਿ ਆਮ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਭਾਰੀ ਕਮੀ ਆਈ ਹੈ ਅਤੇ ਬੇਰੁਜਗਾਰੀ ਵਿੱਚ ਪਿਛਲੇ ਛੇ ਦਹਾਕਿਆਂ ਦੌਰਾਨ ਸਭ ਤੋਂ ਜਿਆਦਾ ਵਧੀ ਹੈ। ਇੱਥੇ ਹੀ ਬੱਸ ਨਹੀਂ ਅੰਕੜੇ ਦਸਦੇ ਹਨ ਕਿ ਸਮੁੱਚੇ ਦੇਸ਼ ਦੇ 97 ਫੀਸਦੀ ਲੋਕਾਂ ਦੀ ਆਮਦਨ ਵਿੱਚ ਕਮੀ ਆਈ ਹੈ, ਜਦ ਕਿ ਅੰਡਾਨੀਆਂ ਅੰਬਾਨੀਆਂ ਵਰਗਿਆਂ ਦੇ ਵੱਡੇ ਘਰਾਣਿਆਂ ਦੀ ਆਮਦਨ 35 ਫੀਸਦੀ ਵਧ ਗਈ ਹੈ। ਸ੍ਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਜੇ ਵੀ ਖੇਤੀ ਵਿਰੁਧੀ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨੀ ਨੂੰ ਤਬਾਹ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਲਾਭ ਦੇਣ ਲਈ ਬਜਿੱਦ ਹੈ। ਭਾਰਤ ਖੇਤੀ ਆਧਾਰਤ ਦੇਸ਼ ਹੈ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਖੇਤੀ ਦਾ ਸਭ ਤੋਂ ਵੱਧ ਨੁਕਸਾਨ ਮੌਜੂਦਾ ਮੋਦੀ ਸਰਕਾਰ ਨੇ ਕੀਤਾ ਹੈ। ਕੇਂਦਰ ਸਰਕਾਰ ਸਾਜ਼ਿਸ ਤਹਿਤ ਛੋਟੇ ਕਿਸਾਨਾਂ ਦੀ ਜਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਫਾਰਮ ਬਣਾਉਣ ਲਈ ਉਹਨਾਂ ਦੇ ਹਵਾਲੇ ਕਰਨ ਦੇ ਰਾਹ ਤੁਰੀ ਹੋਈ ਹੈ। ਖਰਬਪਤੀ ਧੋਖੇਬਾਜ ਦੇਸ਼ ਦਾ ਸਰਮਾਇਆ ਲੈ ਕੇ ਵਿਦੇਸ਼ਾਂ ਵਿੱਚ ਭੱਜ ਗਏ ਹਨ, ਕੇਂਦਰ ਸਰਕਾਰ ਉਹਨਾਂ ਨੂੰ ਵਾਪਸ ਲਿਆਉਣ ਵਿੱਚ ਫੇਲ੍ਹ ਹੋਈ ਹੈ ਜਦੋਂ ਕਿ ਆਮ ਚਰਚਾ ਇਹ ਹੈ ਕਿ ਅਜਿਹੇ ਲੋਕਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ। ਜਿੱਥੋਂ ਬਿਜਲੀ ਪਾਣੀ ਸੜਕਾਂ ਦੇ ਕੰਮਾਂ ਨੂੰ ਸ੍ਰੀ ਮੋਦੀ ਆਪਣੀਆਂ ਪ੍ਰਾਪਤੀਆਂ ਦੱਸ ਰਹੇ ਹਨ, ਇਹ ਕੰਮ ਤਾਂ ਹਮੇਸਾਂ ਹੀ ਚਲਦਾ ਆਇਆ ਹੈ ਅਤੇ ਚਲਦਾ ਹੀ ਰਹੇਗਾ। ਆਮ ਨਾਗਰਿਕ ਲਈ ਸਭ ਤੋਂ ਮਹੱਤਵਪੂਰਨ ਤੇ ਅਹਿਮ ਸਿਹਤ ਸਹੂਲਤਾਂ, ਸਿੱਖਿਆ ਤੇ ਰੋਟੀ ਰੋਜ਼ੀ ਹੁੰਦਾ ਹੈ, ਜਿਸਤੋਂ ਕਿਸੇ ਸਰਕਾਰ ਦੀ ਪ੍ਰਾਪਤੀ ਦਾ ਅੰਦਾਜ਼ਾ ਲਾਇਆ ਜਾਦਾ ਹੈ। ਸਿਹਤ ਸਹੂਲਤਾਂ ਬਾਰੇ ਕੋਰੋਨਾ ਦੌਰ ਵਿੱਚ ਸਭ ਨੂੰ ਪਰਤੱਖ ਹੋ ਚੁੱਕਾ ਹੈ, ਸਿੱਖਿਆ ਪ੍ਰਾਈਵੇਟ ਹੱਥਾਂ ਵਿੱਚ ਦਿੱਤੀ ਜਾ ਰਹੀ ਹੈ, ਬੇਰੁਜਗਾਰੀ ਤੇ ਮਹਿੰਗਾਈ ਦਿਨੋ ਦਿਨ ਵਧ ਰਹੀ ਹੈ।
ਮੌਜੂਦਾ ਸਰਕਾਰ ਨੇ ਖੇਤੀ ਕਾਨੂੰਨਾ ਬਣਾ ਕੇ ਲੋਕਾਂ ਦੇ ਮੂੰਹ ਚੋਂ ਰੋਟੀ ਖੋਹ ਲਈ ਹੈ, ਜੋ ਦੇਸ਼ ਨੂੰ ਤਬਾਹੀ ਵੱਲ ਲਿਜਾਣ ਵਾਲੀ ਕਾਰਵਾਈ ਹੈ। ਕੀ ਅਜੇ ਵੀ ਇਹ ਮੰਨ ਲਿਆ ਜਾਵੇ ਕਿ ਸ੍ਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਨੂੰ ਤਰੱਕੀ ਦੇ ਸਿਖ਼ਰਾਂ ਵੱਲ ਲਿਜਾ ਰਹੀ ਹੈ। ਸ੍ਰੀ ਮੋਦੀ ਦੇਸ਼ ਦੇ ਅੱਜ ਤੱਕ ਸਾਰੇ ਪ੍ਰਧਾਨ ਮੰਤਰੀਆਂ ਤੋਂ ਨਖਿੱਧ, ਲੋਕ ਵਿਰੋਧੀ ਤੇ ਫਿਰਕਾਪ੍ਰਸਤ ਸਿੱਧ ਹੋਇਆ ਹੈ, ਜਿਸ ਕਰਕੇ ਘਰੇਲੂ ਉਤਪਾਦ ਘਟ ਗਿਆ ਹੈ, ਅਰਥਚਾਰੇ ਦੀ ਵਿਕਾਸ ਦਰ ਵਿੱਚ ਕਮੀ ਆਈ ਹੈ, ਦੇਸ਼ ਆਰਥਿਕ ਤੇ ਸਮਾਜਿਕ ਤਬਾਹੀ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੀਆਂ ਪ੍ਰਾਪਤੀਆਂ ਗਿਣਾ ਕੇ ਦੇਸ ਵਾਸੀਆਂ ਨੂੰ ਗੁੰਮਰਾਹ ਕਰਨ ਤੇ ਲੱਗਾ ਹੋਇਆ ਹੈ। ਸਵਾਲ ਉਠਦਾ ਹੈ ਕਿ ਜੇ ਦੇਸ਼ ਨੂੰ ਵਸਦਾ ਰੱਖਣਾ ਹੈ ਤਾਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਆਪਣੀਆਂ ਪ੍ਰਾਪਤੀਆਂ ਗਿਣਾਉਣ ਦੀ ਬਜਾਏ ਆਪਣੀਆਂ ਕਮੀਆਂ ਤੇ ਗਲਤੀਆਂ ਨੂੰ ਸਵੀਕਾਰ ਕਰਕੇ ਉਹਨਾਂ ਨੂੰ ਸੁਧਾਰਨ ਲਈ ਯਤਨ ਕਰਨ, ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਰੱਦ ਕਰਕੇ ਜਨ ਅੰਦੋਲਨ ਨੂੰ ਖਤਮ ਕਰਵਾਉਣ ਅਤੇ ਹਰ ਦੇਸ਼ ਵਾਸੀ ਦੀ ਰੋਟੀ ਰੋਜ਼ੀ ਤੇ ਮਕਾਨ ਦਾ ਬੰਦੋਬਸਤ ਕਰਨ ਵੱਲ ਧਿਆਨ ਦੇਣ।

ਮੋਬਾ: 098882 75913



source https://punjabinewsonline.com/2021/06/13/%e0%a8%b8%e0%a9%8d%e0%a8%b0%e0%a9%80-%e0%a8%ae%e0%a9%8b%e0%a8%a6%e0%a9%80-%e0%a8%86%e0%a8%aa%e0%a8%a3%e0%a9%80%e0%a8%86%e0%a8%82-%e0%a8%a8%e0%a8%be%e0%a8%95%e0%a8%be%e0%a8%ae%e0%a9%80%e0%a8%86/
Previous Post Next Post

Contact Form