ਡੋਨਲਡ ਟਰੰਪ ਵੱਲੋਂ ਬੰਦ ਕੀਤੀਆਂ ਚੀਨੀ ਐਪਲੀਕੇਸ਼ਨਜ਼ ਉੱਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਪਸ ਚਲਾਉਣ ਦੇ ਹੁਕਮ ਦੇ ਦਿੱਤੇ ਹਨ । ਟਿਕਟੌਕ, ਵੀਚੈਟ ਅਤੇ ਅੱਠ ਹੋਰ ਐਪਸ ਤੋਂ ਰੋਕ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਵ੍ਹਾਈਟ ਹਾਊਸ ਮੁਤਾਬਕ ਬਾਇਡਨ ਵੱਲੋਂ ਜਾਰੀ ਨਵੇਂ ਹੁਕਮਾਂ ’ਚ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਐਪਸ ਦਾ ਅਧਿਐਨ ਕਰਕੇ ਉਨ੍ਹਾਂ ਦੇ ਅਮਰੀਕਾ ’ਤੇ ਪੈਣ ਵਾਲੇ ਅਸਰ ਬਾਰੇ ਢੁੱਕਵੀਂ ਕਾਰਵਾਈ ਕਰਨ। ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਵਿਭਾਗ ਅਮਰੀਕੀਆਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਬਾਰੇ ਰਿਪੋਰਟ ਦਾ ਖਰੜਾ ਤਿਆਰ ਕਰੇ। ਟਰੰਪ ਨੇ ਕੌਮੀ ਸੁਰੱਖਿਆ ਨੂੰ ਖ਼ਤਰੇ ਦਾ ਹਵਾਲਾ ਦੇ ਕੇ ਨਵੇਂ ਵਰਤੋਂਕਾਰਾਂ ਨੂੰ ਟਿਕਟੌਕ ਅਤੇ ਵੀਚੈਟ ਡਾਊਨਲੋਡ ਕਰਨ ’ਤੇ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਸਨ ਪਰ ਉਸ ਦੇ ਹੁਕਮਾਂ ’ਤੇ ਸੰਘੀ ਜ਼ਿਲ੍ਹਾ ਅਦਾਲਤਾਂ ਨੇ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਇਹ ਹੁਕਮ ਲਾਗੂ ਨਹੀਂ ਹੋਏ ਸਨ। ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਬਾਇਡਨ ਨੇ ਟਰੰਪ ਸਰਕਾਰ ਦੇ ਕਾਰਜਕਾਰੀ ਹੁਕਮਾਂ ਨੂੰ ਰੱਦ ਕਰਕੇ ਸਹੀ ਕਦਮ ਉਠਾਇਆ ਹੈ ਜੋ ਇਨ੍ਹਾਂ ਐਪਸ ਦੇ ਵਰਤੋਂਕਾਰਾਂ ਦੇ ਹੱਕਾਂ ਦੀ ਉਲੰਘਣਾ ਸੀ।
source https://punjabinewsonline.com/2021/06/11/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%b9%e0%a9%81%e0%a8%a3-%e0%a8%9a%e0%a8%b2%e0%a8%be-%e0%a8%b8%e0%a8%95%e0%a8%a3%e0%a8%97%e0%a9%87-%e0%a8%9f%e0%a8%bf%e0%a8%95%e0%a8%9f/