ਪੱਛਮੀ ਬੰਗਾਲ ਚੋਣ ਨਤੀਜਿਆਂ ਦੌਰਾਨ ਐਤਵਾਰ ਸ਼ਾਮ ਨੂੰ ਕੁਝ ਲੋਕਾਂ ਨੇ ਜ਼ਿਲ੍ਹੇ ਦੇ ਆਰਾਮਬਾਗ ਵਿੱਚ ਭਾਜਪਾ ਦੇ ਇੱਕ ਦਫਤਰ ਨੂੰ ਅੱਗ ਲਗਾ ਦਿੱਤੀ। ਭਾਜਪਾ ਨੇ ਇਸ ਲਈ ਟੀਐਮਸੀ ਦੇ ਵਰਕਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਰ ਟੀਐਮਸੀ ਨੇ ਇਸ ਤੋਂ ਇਨਕਾਰ ਕੀਤਾ ਹੈ। ਹੁਗਲੀ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਭਾਜਪਾ ਦੇ ਹੇਸਟਿੰਗਜ਼ ਸਥਿਤ ਦਫਤਰ ਦਾ ਵੀ ਟੀਐੱਮਸੀ ਸਮਰਥਕਾਂ ਨੇ ਕਥਿਤ ਤੌਰ ਤੇ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਹਾਲਾਂਕਿ ਪੁਲੀਸ ਨੇ ਉਨ੍ਹਾਂ ਨੂੰ ਬਾਅਦ ਵਿਚ ਉਥੋਂ ਹਟਾ ਦਿੱਤਾ। ਕੋਰੋਨਾਵਾਇਰਸ ਕਾਰਨ ਚੋਣ ਕਮਿਸ਼ਨ ਨੇ ਜੇਤੂ ਜਲੂਸ ਅਤੇ ਜਸ਼ਨ ਮਨਾਉਣ ‘ਤੇ ਪਾਬੰਦੀ ਲਗਾਈ ਹੈ ਪਰ ਕਈ ਟੀਐਮਸੀ ਸਮਰਥਕ ਪਟਾਕੇ ਚਲਾਉਂਦੇ ਅਤੇ ਜਸ਼ਨ ਮਨਾਉਂਦੇ ਨਜ਼ਰ ਆਏ। ਚੋਣ ਕਮਿਸ਼ਨ ਨੇ ਅਜਿਹੇ ਸਮਰਥਕਾਂ ਉਪਰ ਕਾਰਵਾਈ ਦੇ ਆਦੇਸ਼ ਦਿੱਤੇ ਹਨ। ਟੀਐਮਸੀ ਨੂੰ ਬਹੁਮਤ ਮਿਲਣ ਦੇ ਸੰਕੇਤ ਤੋਂ ਬਾਅਦ ਮਮਤਾ ਬੈਨਰਜੀ ਨੇ ਆਪਣੇ ਘਰ ਦੇ ਬਾਹਰ ਸਮਰਥਕਾਂ ਨੂੰ ਘਰੇ ਵਾਪਸ ਜਾਣ ਅਤੇ ਕੋਈ ਜੇਤੂ ਜਲੂਸ ਨਾ ਕੱਢਣ ਦੀ ਅਪੀਲ ਕੀਤੀ ਹੈ ਅਤੇ ਮਹਾਂਮਾਰੀ ਦੌਰਾਨ ਸਾਵਧਾਨੀ ਵਰਤਣ ਲਈ ਕਿਹਾ ਹੈ।
source https://punjabinewsonline.com/2021/05/03/%e0%a8%ac%e0%a9%b0%e0%a8%97%e0%a8%be%e0%a8%b2-%e0%a8%a6%e0%a9%87-%e0%a8%b9%e0%a9%81%e0%a8%97%e0%a8%b2%e0%a9%80-%e0%a8%b5%e0%a8%bf%e0%a9%b1%e0%a8%9a-%e0%a8%ad%e0%a8%be%e0%a8%9c%e0%a8%aa%e0%a8%be/