
ਛੇਤੀ ਹੀ ਦੋਵੇਂ ਕੰਪਨੀਆਂ ਆਪਣੀ-ਆਪਣੀ ਵੈਕਸੀਨ ਦੀਆਂ ਨਵੀਆਂ ਕੀਮਤਾਂ ਦੇ ਮਤੇ ਸਰਕਾਰ ਨੂੰ ਭੇਜਣਗੀਆਂ
ਭਾਰਤ ’ਚ ਕੋਰੋਨਾ ਦੀ ਵੈਕਸੀਨ ਬਣਾਉਣ ਵਾਲੀਆਂ ਦੋਵੇਂ ਕੰਪਨੀਆਂ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਅਤੇ ਭਾਰਤ ਬਾਇਓਟੈੱਕ ਨੂੰ ਭਾਰਤ ਸਰਕਾਰ ਨੇ ਵੈਕਸੀਨ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ ਹੈ। ਸੋਮਵਾਰ ਨੂੰ ਕੈਬਨਿਟ ਸਕੱਤਰ ਰਾਜੀਵ ਗੌਬਾ ਦੀ ਅਗਵਾਈ ’ਚ ਵੈਕਸੀਨ ਦੀ ਕੀਮਤ ਨੂੰ ਲੈ ਕੇ ਲੰਬੀ ਚੱਲੀ ਬੈਠਕ ’ਚ ਇਸ ’ਤੇ ਚਰਚਾ ਹੋਈ। ਇਸ ਵਿਚ ਸਰਕਾਰ ਨੇ ਕੰਪਨੀਆਂ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਉਹ ਇਸ ਦੀ ਕੀਮਤ ’ਚ ਕਟੌਤੀ ਕਰਨ ਲਈ ਕਦਮ ਚੁੱਕਣ। ਇਹ ਪਿਛਲੇ ਚਾਰ ਦਿਨਾਂ ਦੇ ਅੰਦਰ ਵੈਕਸੀਨ ਦੀ ਕੀਮਤ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਬੁਲਾਈ ਗਈ ਦੂਜੀ ਬੈਠਕ ਸੀ। ਵੈਸੇ ਕੇਂਦਰ ਸਰਕਾਰ ਵੈਕਸੀਨ ਖ਼ਰੀਦਣ ਦੇ ਕਾਰਨ ਸੂਬਿਆਂ ’ਤੇ ਪੈਣ ਵਾਲੇ ਵਾਧੂ ਬੋਝ ਨੂੰ ਲੈ ਕੇ ਵੀ ਸੰਵੇਦਨਸ਼ੀਲ ਹੈ ਤੇ ਸਮਾਂ ਆਉਣ ’ਤੇ ਸੂਬਿਆਂ ਦੀ ਮਦਦ ਕਰਨ ਦਾ ਬਦਲ ਵੀ ਖੁੱਲ੍ਹਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਦੋਵੇਂ ਕੰਪਨੀਆਂ ਆਪਣੀ-ਆਪਣੀ ਵੈਕਸੀਨ ਦੀਆਂ ਨਵੀਆਂ ਕੀਮਤਾਂ ਦੇ ਮਤੇ ਸਰਕਾਰ ਨੂੰ ਭੇਜਣਗੀਆਂ। ਕੋਵੀਸ਼ੀਲਡ ਬਣਾਉਣ ਵਾਲੀ ਕੰਪਨੀ ਸੀਆਈਆਈ ਨੇ ਭਾਰਤ ’ਚ ਆਪਣੀ ਵੈਕਸੀਨ ਦੀ ਕੀਮਤ ਕੇਂਦਰ ਸਰਕਾਰ ਲਈ 150 ਰੁਪਏ ਪ੍ਰਤੀ ਡੋਜ਼, ਸੂਬਿਆਂ ਲਈ 400 ਰੁਪਏ ਤੇ ਖੁੱਲ੍ਹੇ ਬਾਜ਼ਾਰ ਲਈ 600 ਰੁਪਏ ਪ੍ਰਤੀ ਡੋਜ਼ ਤੈਅ ਕੀਤੀ ਹੈ। ਉੱਥੇ, ਭਾਰਤ ਬਾਇਓਟੈੱਕ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਦੀ ਕੋਵੈਕਸੀਨ ਦੀ ਕੀਮਤ ਸੂਬਿਆਂ ਲਈ 600 ਰੁਪਏ ਤੇ ਨਿੱਜੀ ਖੇਤਰ ਲਈ 1200 ਰੁਪਏ ਪ੍ਰਤੀ ਡੋਜ਼ ਹੋਵੇਗੀ। ਕੰਪਨੀ ਨੇ ਬਰਾਮਦ ਲਈ ਵੈਕਸੀਨ ਦੀ ਕੀਮਤ 15 ਤੋਂ 20 ਡਾਲਰ ਪ੍ਰਤੀ ਡੋਜ਼ ਤੈਅ ਕੀਤੀ ਹੈ। ਭਾਰਤ ਬਾਇਓਟੈੱਕ ਦੀ ਵੈਕਸੀਨ ਵੀ ਕੇਂਦਰ ਸਰਕਾਰ ਲਈ 150 ਰੁਪਏ ਪ੍ਰਤੀ ਡੋਜ਼ ਦੀ ਦਰ ਨਾਲ ਉਪਲੱਬਧ ਹੈ।
ਵਿਰੋਧੀ ਧਿਰ ਵੱਲੋਂ ਲਗਾਤਾਰ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕਾਂਗਰਸ ਵੱਲੋਂ ਇਕ ਦੇਸ਼-ਵੈਕਸੀਨ ਦੀ ਇਕ ਕੀਮਤ ਤੈਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
source https://punjabinewsonline.com/2021/04/27/%e0%a8%95%e0%a9%8b%e0%a8%b5%e0%a9%80%e0%a8%b6%e0%a9%80%e0%a8%b2%e0%a8%a1-%e0%a8%a4%e0%a9%87-%e0%a8%95%e0%a9%8b%e0%a8%b5%e0%a9%88%e0%a8%95%e0%a8%b8%e0%a9%80%e0%a8%a8-%e0%a8%a6%e0%a9%80%e0%a8%86/