PM Modi to visit Bangladesh: ਦੇਸ਼ ਵਿੱਚ ਟੀਕਾਕਰਨ ਵਿੱਚ ਤੇਜ਼ੀ ਤੇ ਪਾਬੰਦੀਆਂ ਵਿੱਚ ਲਗਾਤਾਰ ਦਿੱਤੀ ਜਾ ਰਹੀ ਢਿੱਲ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਲੰਡਰ ਬਹੁਤ ਵਿਅਸਤ ਰਹਿਣ ਵਾਲਾ ਹੈ। ਪ੍ਰਧਾਨ ਮੰਤਰੀ ਇਸ ਦੀ ਸ਼ੁਰੂਆਤ 25 ਮਾਰਚ ਨੂੰ ਬੰਗਲਾਦੇਸ਼ ਦੇ ਦੌਰੇ ਨਾਲ ਕਰਨਗੇ । ਇੱਥੇ ਉਹ ਸ਼ੇਖ ਮੁਜੀਬੁਰ ਰਹਿਮਾਨ ਦੇ ਸ਼ਤਾਬਦੀ ਸਮਾਗਮਾਂ ਵਿੱਚ ਹਿੱਸਾ ਲੈਣਗੇ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵੀ ਮੁਲਾਕਾਤ ਕਰਨਗੇ । ਮੋਦੀ ਪਿਛਲੇ ਇੱਕ ਸਾਲ ਤੋਂ ਵਰਚੂਅਲੀ ਹੀ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ, ਪਰ ਹੁਣ ਉਨ੍ਹਾਂ ਨੇ ਆਉਣ ਵਾਲੇ ਦਿਨਾਂ ਵਿੱਚ ਕੂਟਨੀਤਕ ਦੌਰੇ ‘ਤੇ ਜਾਣ ਦਾ ਮਨ ਬਣਾ ਲਿਆ ਹੈ । ਜਲਦੀ ਹੀ ਉਹ ਬੰਗਲਾਦੇਸ਼ ਤੋਂ ਇਲਾਵਾ ਪੁਰਤਗਾਲ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦਾ ਵੀ ਦੌਰਾ ਕਰਨਗੇ । ਜੇ ਅਜਿਹਾ ਹੁੰਦਾ ਹੈ, ਤਾਂ 16 ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਮੋਦੀ ਵਿਦੇਸ਼ ਦੌਰੇ ‘ਤੇ ਜਾਣਗੇ।
ਨਵੰਬਰ 2019 ‘ਚ ਕੀਤਾ ਸੀ ਵਿਦੇਸ਼ ਦਾ ਦੌਰਾ
ਪ੍ਰਧਾਨ ਮੰਤਰੀ ਮੋਦੀ ਦੀ ਆਖਰੀ ਵਿਦੇਸ਼ੀ ਯਾਤਰਾ 13 ਤੋਂ 15 ਨਵੰਬਰ 2019 ਵਿੱਚ ਬ੍ਰਾਜ਼ੀਲ ਦਾ ਸੀ। ਉਸ ਸਮੇਂ ਮੋਦੀ BRICS ਵਿੱਚ ਸ਼ਾਮਿਲ ਹੋਣ ਗਏ ਸਨ। ਮੋਦੀ ਜਦੋਂ ਤੋਂ ਪ੍ਰਧਾਨ ਮੰਤਰੀ ਬਣੇ ਹਨ ਉਦੋਂ ਤੋਂ 2020 ਪਹਿਲਾ ਸਾਲ ਰਿਹਾ, ਜਦੋਂ ਉਹ ਕਿਸੇ ਵਿਦੇਸ਼ੀ ਦੌਰੇ ‘ਤੇ ਨਹੀਂ ਜਾ ਸਕੇ ਸਨ । 2019 ਵਿੱਚ ਮੋਦੀ ਸਾਲ ਦੇ 35 ਦਿਨਾਂ ਲਈ ਵਿਦੇਸ਼ ਵਿੱਚ ਸਨ, ਪਰ 2020 ਵਿੱਚ ਉਹ ਭਾਰਤ ਵਿੱਚ ਰਹੇ।
ਬੋਰਿਸ ਜਾਨਸਨ ਅਪ੍ਰੈਲ ‘ਚ ਕਰ ਸਕਦੇ ਹਨ ਭਾਰਤ ਦਾ ਦੌਰਾ
ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਅਪ੍ਰੈਲ ਵਿੱਚ ਭਾਰਤ ਦਾ ਦੌਰਾ ਕਰ ਸਕਦੇ ਹਨ । ਇਸ ਤੋਂ ਪਹਿਲਾਂ ਉਹ ਗਣਤੰਤਰ ਦਿਵਸ ‘ਤੇ ਮੁੱਖ ਮਹਿਮਾਨ ਵਜੋਂ ਭਾਰਤ ਆਉਣ ਵਾਲੇ ਸਨ, ਪਰ ਬ੍ਰਿਟੇਨ ਵਿੱਚ ਕੋਰੋਨਾ ਦੀ ਵਿਗੜਦੀ ਸਥਿਤੀ ਕਾਰਨ ਉਨ੍ਹਾਂ ਦਾ ਦੌਰਾ ਰੱਦ ਕਰਨਾ ਪਿਆ । ਹਾਲਾਂਕਿ, ਹੁਣ ਤੱਕ ਬੋਰਿਸ ਦੇ ਦੌਰੇ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ। ਉਨ੍ਹਾਂ ਨੇ G7 ਸੰਮੇਲਨ ਤੋਂ ਪਹਿਲਾਂ ਭਾਰਤ ਆਉਣ ਦੀ ਇੱਛਾ ਜ਼ਾਹਿਰ ਕੀਤੀ ਸੀ । ਬੋਰਿਸ ਦੇ ਦੌਰੇ ਬਾਰੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰੇ ਨੇ ਕਿਹਾ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਾਲ ਦੇ ਪਹਿਲੇ ਅੱਧ ਵਿੱਚ ਅਤੇ ਜੂਨ ਵਿੱਚ ਪ੍ਰਸਤਾਵਿਤ G7 ਸੰਮੇਲਨ ਤੋਂ ਪਹਿਲਾਂ ਭਾਰਤ ਦਾ ਦੌਰਾ ਕਰ ਸਕਦੇ ਹਨ।
ਮਈ ‘ਚ ਪੁਰਤਗਾਲ ਦਾ ਦੌਰਾ
ਮਈ ਵਿੱਚ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਨੇਤਾ ਬੈਠਕ ਕਰ ਸਕਦੇ ਹਨ । ਇਸ ਵਿੱਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਮੋਦੀ ਪੁਰਤਗਾਲ ਰਵਾਨਾ ਹੋ ਸਕਦੇ ਹਨ । ਭਾਰਤ ਅਤੇ ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ‘ਤੇ ਪਿਛਲੇ ਕਈ ਸਾਲਾਂ ਤੋਂ ਸੰਪਰਕ ਵਿੱਚ ਹਨ। ਕੋਰੋਨਾ ਤੋਂ ਬਾਅਦ ਅਰਥਚਾਰੇ ਵਿੱਚ ਸੁਧਾਰ ਅਤੇ ਅੰਤਰਰਾਸ਼ਟਰੀ ਅੱਤਵਾਦ ਵਰਗੇ ਮੁੱਦਿਆਂ ‘ਤੇ ਵੀ ਇਸ ਦੌਰੇ ਦਾ ਧਿਆਨ ਕੇਂਦਰਿਤ ਹੋ ਸਕਦਾ ਹੈ।
ਜੂਨ ‘ਚ G7 ਸੰਮੇਲਨ ‘ਚ ਲੈਣਗੇ ਹਿੱਸਾ
ਪ੍ਰਧਾਨ ਮੰਤਰੀ ਮੋਦੀ ਜੂਨ ਵਿੱਚ ਬ੍ਰਿਟੇਨ ਜਾਣਗੇ । ਇੱਥੇ ਉਹ G7 ਸੰਮੇਲਨ ਵਿੱਚ ਹਿੱਸਾ ਲੈਣਗੇ। ਕਾਰਨਵਾਲ ਵਿੱਚ ਹੋਣ ਵਾਲੇ ਸੰਮੇਲਨ ਲਈ ਮੋਦੀ ਨੂੰ ਬ੍ਰਿਟੇਨ ਨੇ ਸੱਦਾ ਭੇਜਿਆ ਗਿਆ ਸੀ। G7 ਵਿੱਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ ਸ਼ਾਮਿਲ ਹਨ।
ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ
The post 16 ਮਹੀਨਿਆਂ ਬਾਅਦ ਵਿਦੇਸ਼ ਜਾਣਗੇ PM ਮੋਦੀ, ਬੰਗਲਾਦੇਸ਼-ਪੁਰਤਗਾਲ-ਬ੍ਰਿਟੇਨ ਦਾ ਕਰਨਗੇ ਦੌਰਾ appeared first on Daily Post Punjabi.