ਮਹਿੰਦਰ ਸਿੰਘ ਟਕੈਤ ਨੇ ਅਚਾਨਕ ਵੱਡਾ ਧਰਨਾ ਕਿਉਂ ਖ਼ਤਮ ਕਰ ਦਿੱਤਾ ਸੀ

ਰੇਹਾਨ ਫਜ਼ਲ ਬੀਬੀਸੀ ਪ੍ਰਤੀਨਿਧ
ਸੋਫੇ਼ ਉਪਰ ਚੌਂਕੜੀ ਮਾਰ ਕੇ ਖਾਂਟੀ ਗੋਰਖਪੁਰਿਆ ਲਹਿਜੇ ਵਿੱਚ ਆਪਣੇ ਅਫ਼ਸਰਾਂ ਨੂੰ ਨਿਰਦੇਸ਼ ਦੇਣ ਵਾਲੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰ ਬਹਾਦਰ ਸਿੰਘ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਖਾਂਟੀਪਨ ਵਿੱਚ ਕੋਈ ਹੋਰ ਵੀ ਉਨ੍ਹਾਂ ਨੂੰ ਮਾਤ ਦੇ ਸਕਦਾ ਹੈ । ਉਹਨਾ ਨੂੰ ਇਸਦਾ ਅਹਿਸਾਸ ਉਦੋਂ ਹੋਇਆ ਜਦੋਂ 1987 ਵਿੱਚ ਵੀਰ ਬਹਾਦਰ ਸਿੰਘ ਕਰਮੂਖੇੜੀ ਬਿਜਲੀਘਰ ਦੇ ਪ੍ਰਦਰਸ਼ਨ ਨਾਲ ਸੁਰੂ ਹੋਏ ਕਿਸਾਨ ਅੰਦੋਲਨ ਤੋਂ ਦੁਖੀ ਹੋ ਗਏ ਤਾਂ ਉਹਨਾ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਟਿਕੈਤ ਨਾਲ ਸੰਪਰਕ ਸਾਧਿਆ ਕਿ ਉਹ ਉਹਨਾ ਦੇ ਪਿੰਡ ਸਿਸੌਲੀ ਆ ਕੇ ਕਿਸਾਨਾਂ ਦੇ ਪੱਖ ਵਿੱਚ ਕੁਝ ਫੈਸਲਿਆਂ ਲਈ ਐਲਾਨ ਕਰਨਾ ਚਾਹੁੰਦੇ ਹਨ।
ਟਿਕੈਤ ਇਸ ਦੇ ਲਈ ਰਾਜ਼ੀ ਵੀ ਹੋ ਗਏ ਪਰ ਉਹਨਾਂ ਨੇ ਸ਼ਰਤ ਰੱਖੀ ਕਿ ਇਸ ਬੈਠਕ ਵਿੱਚ ਨਾ ਤਾਂ ਕੋਈ ਕਾਂਗਰਸ ਪਾਰਟੀ ਦਾ ਝੰਡਾ ਹੋਵੇਗਾ ਨਾ ਹੀ ਮੁੱਖ ਮੰਤਰੀ ਦੇ ਨਾਲ ਕੋਈ ਕਾਂਗਰਸ ਦਾ ਨੇਤਾ ਅਤੇ ਪੁਲੀਸ ਆਵੇਗੀ ।
11 ਅਗਸਤ 1987 ਨੂੰ ਜਦੋਂ ਵੀਰ ਬਹਾਦਰ ਸਿੰਘ ਦੇ ਹੈਲੀਕਾਪਟਰ ਨੇ ਸਿਸੌਲੀ ਵਿੱਚ ਲੈਂਡ ਕੀਤਾ ਤਾਂ ਉਹਨਾ ਦੇ ਸਵਾਗਤ ਲਈ ਉੱਥੇ ਕੋਈ ਵੀ ਮੌਜੂਦ ਨਹੀਂ ਸੀ ਅਤੇ ਉਹਨਾ ਨੂੰ ਸੰਮੇਲਨ ਵਾਲੇ ਸਥਾਨ ‘ਤੇ ਜਾਣ ਲਈ ਲਗਭਗ ਅੱਧਾ ਕਿਲੋਮੀਟਰ ਪੈਟਲ ਤੁਰਨਾ ਪਿਆ । ਸਟੇਜ ‘ਤੇ ਜਦੋਂ ਮੁੱਖ ਮੰਤਰੀ ਨੇ ਪਾਣੀ ਪੀਣ ਦੀ ਇੱਛਾ ਪ੍ਰਗਟ ਕੀਤੀ ਤਾਂ ਟਿਕੈਤ ਦੇ ਸਾਥੀਆਂ ਨੇ ਉਸਨੂੰ ਓਕ ਲਵਾ ਕੇ ਪਾਣੀ ਪੀਣ ਦਿੱਤਾ ।
ਵੀਰ ਬਹਾਦਰ ਸਿੰਘ ਨੇ ਇਸ ਤਰ੍ਹਾਂ ਨਾਲ ਪਾਣੀ ਪਿਲਾਉਣ ਨੂੰ ਆਪਣੇ ਅਪਮਾਨ ਦੇ ਤੌਰ ‘ਤੇ ਲਿਆ ਪਰ ਟਿਕੈਤ ਇੱਥੇ ਹੀ ਨਹੀਂ ਰੁੱਕੇ । ਜਦੋਂ ਉਹ ਮੰਚ ਤੋਂ ਬੋਲਣ ਲਈ ਖੜ੍ਹੇ ਤਾਂ ਉਹਨਾ ਨੇ ਮੁੱਖ ਮੰਤਰੀ ਨੂੰ ਸਟੇਜ ਕਾਫੀ ਖ਼ਰੀਆਂ ਖੋਟੀਆਂ ਸੁਣਾਈਆਂ । ਵੀਰ ਬਹਾਦਰ ਸਿੰਘ ਇਸ ਤੋਂ ਕਾਫੀ ਨਾਰਾਜ਼ ਹੋਏ ਅਤੇ ਬਿਨਾ ਕੋਈ ਐਲਾਨ ਕੀਤੇ ਵਾਪਸ ਲਖਨਊ ਮੁੜ ਗਏ।
6 ਫੁੱਟ ਤੋਂ ਵੱਧ ਲੰਬੇ, ਸਦਾ ਗੂੜੇ ਰੰਗ ਦਾ ਕੁੜਤਾ ਅਤੇ ਗਾਂਧੀ ਟੋਪੀ ਪਹਿਨਣ ਵਾਲੇ ਅਤੇ ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਇੱਕ ਪਟਾ ਬੰਨਣ ਵਾਲੇ ਮਹਿੰਦਰ ਸਿੰਘ ਟਿਕੈਤ ਦਾ ਜਨਮ 6 ਅਕਤੂਬਰ 1935 ਨੂੰ ਸ਼ਾਮਲੀ ਤੋਂ 17 ਕਿਲੋਮੀਟਰ ਦੂਰ ਸਿਸੌਲੀ ਪਿੰਡ ‘ਚ ਹੋਇਆ ਸੀ ।
ਆਪਣੇ ਪਿਤਾ ਜੀ ਮੌਤ ਤੋਂ ਬਾਅਦ ਜਦੋਂ ਉਹ ਬਾਲਿਆਨ ਖਾਪ ਦੇ ਚੌਧਰੀ ਬਣੇ ਤਾਂ ਉਹਨਾ ਦੀ ਉਮਰ ਸਿਰਫ 8 ਸਾਲ ।
ਸੀਨੀਅਰ ਪੱਤਰਕਾਰ ਵਿਨੋਦ ਅਗਨੀਹੋਤਰੀ ਦੱਸਦੇ ਹਨ ਕਿ ‘ਮਹਿੰਦਰ ਸਿੰਘ ਟਿਕੈਤ ਸੰਜੋਗਵੱਸ ਕਿਸਾਨ ਨੇਤਾ ਬਣੇ ਸਨ। ਦਰਅਸਲ, ਚੌਧਰੀ ਚਰਨ ਸਿੰਘ ਦੀ ਮੌਤ ਤੋਂ ਬਾਅਦ ਪੱਛਮੀ ਉਤਰ ਪ੍ਰਦੇਸ ਵਿੱਚ ਇੱਕ ਬਹੁਤ ਵੱਡਾ ਰਾਜਨੀਤਕ ਖਲਾਅ ਪੈਦਾ ਹੋਇਆ। ਉਸੇ ਦੌਰਾਨ ਉਤਰ ਪ੍ਰਦੇਸ ਦੀ ਸਰਕਾਰ ਨੇ ਕਿਸਾਨ ਨੂੰ ਦਿੱਤੇ ਜਾਣ ਵਾਲੀ ਬਿਜਲੀ ਦਾ ਭਾਅ ਵਧਾ ਦਿੱਤਾ। ਕਿਸਾਨਾਂ ਨੇ ਉਸਦੇ ਵਿਰੋਧ ‘ਚ ਪ੍ਰਦਰਸ਼ਨ ਸੁਰੂ ਕਰ ਦਿੱਤੇ । ਕਿਉਂਕਿ ਟਿਕੈਤ ਬਾਲਿਆਨ ਖਾਪ ਦੇ ਚੌਧਰੀ ਸਨ ,ਇਸ ਲਈ ਇਹਨਾ ਨੂੰ ਅੱਗੇ ਕੀਤਾ । ਉਸ ਪ੍ਰਦਰਸ਼ਨ ਵਿੱਚ ਪੁਲੀਸ ਦੀ ਗੋਲੀ ਨਾਲ ਦੋ ਲੋਕ ਮਾਰੇ ਗਏ । ਇਸ ਘਟਨਾ ਨੇ ਮਹਿੰਦਰ ਸਿੰਘ ਟਿਕੈਤ ਨੂੰ ਅਚਾਨਕ ਕਿਸਾਨਾਂ ਦਾ ਨੇਤਾ ਬਣਾ ਦਿੱਤਾ ।
ਇੱਕ ਹੋਰ ਸੀਨੀਅਰ ਪੱਤਰਕਾਰ ਕੁਰਬਾਨ ਅਲੀ ਦੱਸਦੇ ਹਨ ਕਿ ‘ ਫਾਇਰਿੰਗ ਦੇ ਦੋ ਜਾਂ ਤਿੰਨ ਦਿਨਾਂ ਬਾਅਦ ਜਦੋਂ ਮੈਂ ਟਿਕੈਤ ਦੀ ਇੰਟਰਵਿਊ ਕਰਨ ਉਹਨਾਂ ਦੇ ਪਿੰਡ ਪਹੁੰਚਿਆ ਤਾਂ ਮੈਂ ਦੇਖਿਆ ਸੈਂਕੜੇ ਲੋਕ ਉਸਦੇ ਆਸਪਾਸ ਬੈਠੇ ਹੋਏ ਸਨ ਅਤੇ ਉਹਨਾਂ ਨੇ ਆਪਣੇ ਘਰ ਵਿੱਚ ਦੇਸੀ ਘਿਓ ਦਾ ਚਿਰਾਗ ਜਲਾਇਆ ਹੋਇਆ ਸੀ । ਉਸ ਸਮੇਨ ਉਹ ਸਿਆਸਤ ਦੀ ਏਬੀਸੀਡੀ ਵੀ ਨਹੀ ਜਾਣਦੇ ਸਨ। ਬਲਕਿ ਜਦੋਂ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਬਣਾਈ ਤਾਂ ਬਹੁਤ ਮੋਟੇ ਅੱਖਰਾਂ ਵਿੱਚ ਉਹਨਾਂ ਨੇ ਪਹਿਲਾਂ ਲਿਖਿਆ ‘ ਅਰਾਜਨੀਤਕ ।’
ਕਿਸੇ ਵੀ ਰਾਜਨੀਤਕ ਦਲ ਨੂੰ ਉਹਨਾਂ ਨੇ ਆਪਣੇ ਮੰਚ ‘ਤੇ ਨਹੀਂ ਆਉਣ ਦਿੱਤਾ । ਜਿੱਥੋਂ ਤੱਕ ਚੌਧਰੀ ਚਰਨ ਸਿੰਘ ਦੀ ਵਿਧਵਾ ਗਾਇਤਰੀ ਦੇਵੀ ਅਤੇ ਉਸਦੇ ਬੇਟੇ ਅਜਿਤ ਸਿੰਘ ਜਦੋਂ ਉਹਨਾਂ ਦੇ ਮੰਚ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਹੱਥ ਜੋੜ ਕਿਹਾ ਕਿ ਸਾਡੇ ਮੰਚ ‘ਤੇ ਕੋਈ ਰਾਜਨੀਤਕ ਵਿਅਕਤੀ ਨਹੀਂ ਆ ਸਕਦਾ ।’
ਦਿੱਲੀ ਦੇ ਪੱਤਰਕਾਰਾਂ ਨਹੀਂ ਸਮਝ ਆਉਂਦਾ ਸੀ ਟਿਕੈਤ ਦਾ ਲਹਿਜਾ
ਮਹਿੰਦਰ ਸਿੰਘ ਟਿਕੈਤ ਦੀ ਖਾਸੀਅਤ ਸੀ ਕਿ ਉਹ ‘ਸਰਬਸੁਲੱਭ ( ਹਰੇਕ ਦੀ ਪਹੁੰਚ ਵਿੱਚ )’ ਸਨ । ਅਗਨੀਹੋਤਰੀ ਦੱਸਦੇ ਹਨ , ‘ ਜਦੋਂ ਟਿਕੈਟ ਆਪਣੀ ਲੋਕਪ੍ਰਿਯਤਾ ਦੀ ਚਰਮ ਸੀਮਾ ‘ਤੇ ਸਨ ਉਦੋਂ ਵੀ ਉਹ ਆਪਣੇ ਹੱਥੀਂ ਖੇਤੀ ਕਰਦੇ ਸਨ । ਮੈਂ ਖੁਦ ਉਹਨਾ ਨੂੰ ਹੱਥੀਂ ਗੰਨਾ ਕੱਟਦੇ ਦੇਖਿਆ । ਉਹ ਠੇਠ ਪੇਂਡੂ ਭਾਸ਼ਾ ‘ਚ ਹਰ ਵਿਅਕਤੀ ਨਾਲ ਗੱਲ ਕਰਦੇ ਸਨ , ਸ਼ਹਿਰੀ ਬੋਲੀ ਬੋਲਣਾ ਉਹਨਾਂ ਨੂੰ ਨਹੀਂ ਆਉਂਦਾ ਸੀ ।’
‘ਜਦੋਂ ਮੈਂ ਨਵਭਾਰਤ ਟਾਈਮਜ ਦੇ ਪੱਛਮੀ ਉਤਰ ਪ੍ਰਦੇਸ਼ ਦਾ ਪ੍ਰਤੀਨਿਧ ਸੀ । ਮੇਰਠ ਵਿੱਚ ਉਦੋਂ ਦਿੱਲੀ ਤੋਂ ਆਉਣ ਵਾਲਾ ਹਰ ਪੱਤਰਕਾਰ ਮੈਨੂੰ ਆਪਣੇ ਨਾਲ ਟਿਕੈਤ ਦੇ ਕੋਲ ਲੈ ਜਾਂਦਾ ਸੀ ਤਾਂ ਕਿ ਮੈਂ ਉਹਨਾਂ ਲਈ ਦੋਭਾਸ਼ੀਏ ਦਾ ਕੰਮ ਕਰਾਂ ਕਿਉਂਕਿ ਉਹਨਾ ਨੂੰ ਟਿਕੈਤ ਦੀ ਬੋਲੀ ਸਮਝਣ ਵਿੱਚ ਮੁਸ਼ਕਿਲ ਹੁੰਦੀ ਹੈ। ਟਿਕੈਤ ਬਹੁਤ ਸਪੱਸ਼ਟਵਾਦੀ ਸੀ ਅਤੇ ਜੇ ਕਿਸੇ ਦੀ ਗੱਲ ਉਹਨਾਂ ਨੂੰ ਪਸੰਦ ਨਾ ਆਈ ਤਾਂ ਉਸਨੂੰ ਮੂੰਹ ‘ਤੇ ਹੀ ਝਿੜਕ ਦਿੰਦੇ ਸਨ।’
ਮੇਰਠ ਦੰਗਿਆਂ ਨੂੰ ਨਾ ਫੈਲਣ ਦੇਣ ਵਿੱਚ ਟਿਕੈਤ ਦੀ ਭੂਮਿਕਾ
ਉਹ ਪ੍ਰੇਮ ਵਿਆਹ ਅਤੇ ਟੈਲੀਵਿਜ਼ਨ ਦੇਖਣ ਦੇ ਸਖ਼ਤ ਖਿਲਾਫ਼ ਸਨ ਪਰ ਸ਼ੋਅਲੇ ਫਿ਼ਲਮ ਦੇਖਣ ਦੇ ਲਈ ਕਦੇ ਮਨ੍ਹਾ ਨਹੀਂ ਕਰਦੇ ਸਨ । ਟਿਕੈਤ ਨੂੰ ਚੌਧਰੀ ਚਰਨ ਸਿੰਘ ਤੋਂ ਬਾਅਦ ਕਿਸਾਨਾਂ ਦਾ ਦੂਜਾ ਮਸੀਹਾ ਕਿਹਾ ਜਾਂਦਾ ਸੀ ।
ਪ੍ਰਚਲਿਤ ਕਹਾਣੀ ਹੈ ਕਿ ਸੱਤਵੀਂ ਸਦੀ ਦੇ ਰਾਜਾ ਹਰਸ਼ਵਰਧਨ ਨੇ ਉਸਦੇ ਪਰਿਵਾਰ ਨੂੰ ਟਿਕੈਤ ਨਾਮ ਦਿੱਤਾ ਸੀ , ਪ੍ਰੰਤੂ ਵੀਹਵੀਂ ਸਦੀ ਦੇ 8ਵੇਂ ਦਹਾਕੇ ਤੱਕ ਆਉਂਦੇ ਆਉਂਦੇ ਮਹਿੰਦਰ ਸਿੰਘ ਟਿਕੈਤ ਖੁਦ ‘ਕਿੰਗਮੇਕਰ’ ਬਣ ਚੁੱਕੇ ਸਨ ਅਤੇ 12 ਲੋਕ ਸਭਾ ਅਤੇ 35 ਵਿਧਾਨ ਸਭਾ ਖੇਤਰਾਂ ਵਿੱਚ ਰਹਿੰਦੇ ਦੋ ਕਰੋੜ 75 ਲੱਖ ਜਾਟ ਵੋਟਰਾਂ ਵਿੱਚ ਉਸਦਾ ਅਸਰ ਸਾਫ਼ ਦੇਖਿਆ ਜਾ ਸਕਦਾ ਸੀ ।
1087 ਵਿੱਚ ਮੇਰਠ ਵਿੱਚ ਬਹੁਤ ਖੌਫ਼ਨਾਕ ਮਜ਼ਹਬੀ ਦੰਗੇ ਹੋਏ ਸੀ । ਕੁਰਬਾਨ ਅਲੀ ਦੱਸਦੇ ਹਨ ਕਿ ‘ਇਹ ਦੰਗੇ ਤਿੰਨ ਮਹੀਨੇ ਤੱਕ ਚੱਲੇ ਸਨ ਪਰ ਟਿਕੈਤ ਨੇ ਮੇਰਠ ਸ਼ਹਿਰ ਦੀ ਸੀਮਾ ਤੋਂ ਬਾਹਰ ਇਹਨਾਂ ਦੰਗਿਆਂ ਨੂੰ ਨਹੀਂ ਜਾਣ ਦਿੱਤਾ ਸੀ । ਉਹਨਾਂ ਨੇ ਪਿੰਡ – ਪਿੰਡ ਜਾ ਕੇ ਪੰਚਾਇਤ ਸੱਦੀਆਂ ਅਤੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕਜੁਟ ਕੀਤਾ ।
ਉਹਨਾਂ ਦੇ ਮੰਚ ‘ਤੇ ਹਮੇਸਾ ਇੱਕ ਮੁਸਲਮਾਨ ਨੇਤਾ ਹੁੰਦਾ ਸੀ । ਉਹ ਖੁਦ ਮੰਚ ਉਪਰ ਨਹੀਂ ਬੈਠਦੇ ਸਨ , ਹਮੇਸਾ ਕਿਸਾਨਾਂ ਦੇ ਨਾਲ ਹੇਠਾਂ ਬੈਠਦੇ ਸਨ ਅਤੇ ਮੰਚ ਉਪਰ ਭਾਸ਼ਣ ਦੇ ਕੇ ਫਿਰ ਕਿਸਾਨਾਂ ਵਿੱਚ ਚਲੇ ਜਾਂਦੇ ਸਨ।
ਟਿਕੈਤ ਦੇ ਕਰੀਅਰ ਦਾ ਸਭ ਤੋਂ ਵੱਡਾ ਮੌਕਾ ਉਦੋਂ ਆਇਆ ਜਦੋਂ ਉਹਨਾਂ ਨੇ 25 ਅਕਤੂਬਰ 1988 ਨੂੰ ਦਿੱਲੀ ਦੇ ਮਸ਼ਹੂਰ ਬੋਟ ਕਲੱਬ ਦੇ ਲਾਅਨ ਵਿੱਚ ਲਗਭਗ 5 ਲੱਖ ਕਿਸਾਨਾਂ ਨੂੰ ਇਕੱਠਾ ਕੀਤਾ। ਉਹਨਾਂ ਦੀ ਮੰਗ ਸੀ ਕਿ ਗੰਨੇ ਦਾ ਵੱਧ ਮੁੱਲ ਦਿੱਤਾ ਜਾਵੇ , ਪਾਣੀ ਅਤੇ ਬਿਜਲੀ ਦੀਆਂ ਦਰਾਂ ‘ਚ ਕਮੀ ਕੀਤੀ ਜਾਵੇ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ।
ਦਿੱਲੀ ਆਉਣ ਤੋਂ ਪਹਿਲਾਂ ਉਹਨਾਂ ਨੇ ਸ਼ਾਮਲੀ , ਮੁਜਫ਼ੱਰਪੁਰ ਅਤੇ ਮੇਰਠ ਵਿੱਚ ਬਹੁਤ ਵੱਡੇ ਧਰਨੇ ਦਿੱਤੇ ਸਨ। ਮੇਰਠ ਵਿੱਚ ਉਹਨਾਂ ਨੇ 27 ਦਿਨਾਂ ਤੱਕ ਕਮਿਸ਼ਨਰੇਟ ਦਾ ਘੇਰਾਓ ਕੀਤਾ ਸੀ ।
ਵਿਨੋਦ ਅਗਨੀਹੋਤਰੀ ਯਾਦ ਕਰਦੇ ਹਨ, ‘ ਦਿੱਲੀ ਜਾਣ ਦਾ ਐਲਾਨ ਉਹਨਾਂ ਆਪਣੀ ਖ਼ਾਸ ਸੈ਼ਲੀ ਵਿੱਚ ਕੀਤਾ ਸੀ । ਉਹਨਾਂ ਨੇ ਪਿੰਡ ਹਰੇਕ ਮਹੀਨੇ 17 ਤਰੀਖ ਨੂੰ ਪੰਚਾਇਤ ਹੋਇਆ ਕਰਦੀ ਸੀ ਕਿਸਾਨਾਂ ਦੀ , ਇਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਇੱਕ ਹਫ਼ਤੇ ਬਾਅਦ ਅਸੀ ਸਿਸੌਲੀ ਤੋਂ ਦਿੱਲੀ ਤੱਕ ਬੁੱਘੀ ਨਾਲ ਬੁੱਘੀ ਜੋੜਾਂਗੇ । ਇਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਦਿੱਲੀ ਪੁਲੀਸ ਦੇ ਹੱਥ ਪੈਰ ਫੁੱਲ ਗਏ ਸਨ ।
ਪਹਿਲਾਂ ਕੋਸਿ਼ਸ਼ ਕੀਤੀ ਗਈ ਕਿ ਉਹ ਦਿੱਲੀ ਨਾ ਆਉਣ । ਇਸਦੇ ਲਈ ਉਸ ਸਮੇਂ ਦੇ ਗ੍ਰਹਿ ਮੰਤਰੀ ਬੂਟਾ ਸਿੰਘ , ਰਾਜੇਸਲ ਪਾਇਲਟ , ਬਲਰਾਮ ਜਾਖੜ ਅਤੇ ਨਟਵਰ ਸਿੰਘ ਨੇ ਬਹੁਤ ਕੋਸਿ਼ਸ਼ ਕੀਤੀ ਪਰ ਉਹ ਟਿਕੈਤ ਨੂੰ ਮਨਾ ਨਹੀਂ ਸਕੇ । ਬਾਅਦ ਵਿੱਚ ਉਹਨਾਂ ਨੂੰ ਦਿੱਲੀ ਆਉਣ ਦਿੱਤਾ ਗਿਆ। ਇਹ ਮੰਨਿਆ ਗਿਆ ਕਿ ਕਿਸਾਨ ਦਿੱਲੀ ਵਿੱਚ ਇੱਕ ਜਾਂ ਦੋ ਦਿਨ ਰੁੱਕ ਕੇ ਵਾਪਸ ਚਲੇ ਜਾਣਗੇ। ਫਰ ਉਹਨਾ ਨੇ ਤਾਂ ਇੰਡੀਆ ਗੇਟ ਅਤੇ ਵਿਜਯ ਚੌਂਕ ਦੇ ਵਿਚਾਲੇ ਇੱਕ ਤਰ੍ਹਾਂ ਦਾ ਡੇਰਾ ਜਮਾ ਲਿਆ।
ਮੱਧ ਦਿੱਲੀ ਦੇ ਇਸ ਪੌਂਸ ਇਲਾਕੇ ਵਿੱਚ ਇਸ ਤਰ੍ਹਾਂ ਕਿਸਾਨਾਂ ਦਾ ਕਬਜ਼ਾ ਨਾ ਤਾਂ ਪਹਿਲਾਂ ਕਦੇ ਹੋਇਆ ਸੀ ਨਾ ਹੀ ਅੱਜ ਤੱਕ ਹੋ ਸਕਿਆ । ਉਹ ਪੱਛਮੀ ਉਤਰ ਪ੍ਰਦੇਸ਼ ਤੋਂ ਟਰੈਕਟਰਾਂ , ਟਰਾਲੀਆਂ ਅਤੇ ਬਲਦ-ਗੱਡੀਆਂ ਦੇ ਕਾਫਿ਼ਲੇ ਵਿੱਚ ਕਰੀਬ ਇੱਕ ਹਫ਼ਤੇ ਦਾ ਰਾਸ਼ਨ ਲੈ ਕੇ ਦਿੱਲੀ ਪਹੁੰਚੇ ਸਨ ਅਤੇ ਫਿਰ ਉਹਨਾਂ ਨੇ ਬੋਟ ਕਲੱਬ ਨੂੰ ਆਪਣਾ ਅਸਥਾਈ ਘਰ ਬਣਾ ਲਿਆ ਸੀ ।
ਇੱਕ ਦੋ ਦਿਨ ਤਾਂ ਸਰਕਾਰ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ ਪਰ ਜਦੋਂ ਉਹਨਾਂ ਨੇ ਰਾਜਪਥ ਆਸੇ ਪਾਸੇ ਤੰਬੂ ਤਾਣ ਕੇ ਆਪਣੇ ਚੁੱਲ੍ਹੇ ਬਾਲ ਦਿੱਤੇ ਅਤੇ ਬਲਦਾਂ ਨੇ ਬੋਟ ਕਲੱਬ ਦਾ ਘਾਹ ਚਰਨਾਂ ਸੁਰੂ ਕਰ ਦਿੱਤਾ ਤਾਂ ਸੱਤਾ ਦੇ ਗਲਿਆਰਿਆਂ ਵਿੱਚ ਹਲਚਲ ਮੱਚੀ ।
ਦਿਨ ਵਿੱਚ ਕਿਸਾਨ ਟਿਕੈਤ ਅਤੇ ਦੂਜੇ ਕਿਸਾਨ ਆਗੂਆਂ ਦਾ ਭਾਸ਼ਣ ਸੁਣਦੇ ਸਨ ਅਤੇ ਰਾਤ ਨੂੰ ਗਾਉਣ ਵਜਾਉਣ ਦਾ ਦੌਰਾ ਚੱਲਦਾ ਸੀ । ਵਿਜਯ ਚੌਂਕ ਤੋਂ ਇੰਡੀਆ ਗੇਟ ਕਿਸਾਨਾਂ ਸੌਂਦੇ ਸਨ ।
ਦਿੱਲੀ ਦੇ ਸਾਧਨ ਸਪੰਨ ਵਰਗ ਦੇ ਲਈ ਉਹ ਬਹੁਤ ਵੱਡਾ ਝਟਕਾ ਸੀ ਜਦੋਂ ਉਹਨਾਂ ਨੇ ਇਹਨਾਂ ਦੱਬੇ-ਕੁਚਲੇ ਕਿਸਾਨਾਂ ਨੂੰ ਕਨਾਟ ਪੈਲੇਸ ਦੇ ਫੁਆਰਿਆਂ ਵਿੱਚ ਨਹਾਉਂਦੇ ਦੇਖਿਆ । ਰਾਤ ਨੂੰ ਬਹੁਤ ਸਾਰੇ ਲੋਕ ਕਨਾਟ ਪੈਲੇਸ ਬਾਜ਼ਾਰ ਦੇ ਦਾਲਾਨ ਵਿੱਚ ਚਾਦਰ ਵਿਛਾ ਕੇ ਸੌਣ ਲੱਗੇ । ਪਰ ਟਿਕੈਤ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ । ਉਹ ਉਦੋਂ ਤੱਕ ਟੱਸ ਤੋਂ ਮੱਸ ਨਹੀਂ ਹੋਣ ਵਾਲੇ ਸੀ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨਣ ਦੇ ਲਈ ਰਾਜ਼ੀ ਨਾ ਹੋ ਜਾਂਦੀ , ਇਸ ਦੌਰਾਨ ਉਹਨਾਂ ਦਾ ਪਿਆਰਾ ਹੁੱਕਾ ਹਮੇਸਾ ਉਹਨਾਂ ਦੇ ਸਾਹਮਣੇ ਹੁੰਦਾ ਅਤੇ ਉਹ ਵਿੱਚ –ਵਿੱਚ ਮਾਈਕ ‘ਤੇ ਜਾ ਕੇ ਲੋਕਾਂ ਦਾ ਜੀਅ ਲਗਾਉਂਦੇ ।
ਪੁਲੀਸ ਨੇ ਰਾਜਪਥ ‘ਤੇ ਇਕੱਠੇ ਹੋਏ ਲੱਖਾਂ ਕਿਸਾਨਾਂ ਨੂੰ ਭਜਾਉਣ ਲਈ ਹਰ ਸੰਭਵ ਹੱਥਕੰਡੇ ਅਪਣਾਏ , ਇਸ ਇਲਾਕੇ ਵਿੱਚ ਪਾਣੀ ਅਤੇ ਖਾਣੇ ਦੀ ਸਪਲਾਈ ਰੋਕ ਦਿੱਤੀ ।
ਅੱਧੀ ਰਾਤ ਨੂੰ ਬਲਦਾਂ ਨੂੰ ਪ੍ਰੇਸ਼ਾਨ ਕਰਨ ਲਈ ਲਾਊਂਡ ਸਪੀਕਰਾਂ ਵਿੱਚ ਸੋ਼ਰ –ਸ਼ਰਾਬੇ ਵਾਲਾ ਸੰਗੀਤ ਵਜਾਇਆ ਜਾਂਦਾ । ਦਿੱਲੀ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਅਤੇ ਦਿੱਲੀ ਦੇ ਸਾਰੇ ਵਕੀਲ ਵੀ ਕਿਸਾਨਾਂ ਦੇ ਸਮਰਥਨ ਵਿੱਚ ਹੜਤਾਲ ‘ਤੇ ਚਲੇ ਗਏ।
ਨੈਨੀਤਾਲ ਦੇ ਕੁਝ ਅਮੀਰ ਕਿਸਾਨਾਂ ਨੇ ਦਿੱਲੀ ਧਰਨਾ ਦੇ ਰਹੇ ਕਿਸਾਨਾਂ ਦੇ ਲਈ ਸੇਬ ਨਾਲ ਭਰੇ ਟਰੈਕਟਰ ਅਤੇ ਗਾਜਰ ਦਾ ਹਲਵਾ ਭੇਜਿਆ। ਉਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੂੰ ਮਹਿੰਦਰ ਸਿੰਘ ਟਿਕੈਤ ਦਾ ਇਸ ਤਰ੍ਹਾਂ ਪ੍ਰਦਰਸ਼ਨ ਕਰਨ ਰਾਸ ਨਹੀਂ ਆਇਆ ਸੀ । ਉਸਦੀ ਨਜ਼ਰ ‘ਚ ਉਹਨਾਂ ਨੂੰ ਰਾਜਨੀਤਕ ਸੱਤਾ ਹਾਸਲ ਕਰਨ ਦੇ ਲਈ ਲੜਾਈ ਲੜਣੀ ਚਾਹੀਦੀ ਸੀ । ਇਸ ਜ਼ਮਾਨੇ ਵਿੱਚ ਨਾ ਤਾਂ ਮੋਬਾਈਲ ਫੋਨ ਸੀ ਅਤੇ ਨਾ ਹੀ ਇੰਟਰਨੈੱਟ ਅਤੇ ਟੈਲੀਵੀਜ਼ਨ ਚੈਨਲ ਪਰ ਇਸਦੇ ਬਾਵਜੂਦ ਟਿਕੈਤ ਦਾ ਅੰਦੋਲਨ ਖੇਤੀ ਮਾਹਿਰਾਂ ਅਤੇ ਸਰਕਾਰ ਦਾ ਧਿਆਨ ਖਿੱਚਣ ‘ਚ ਕਾਮਯਾਬ ਰਿਹਾ ।
ਬੋਫੋਰਸ਼ ਸਕੈਂਡਲ ਨਾਲ ਜੂਝ ਰਹੇ ਰਾਜੀਵ ਗਾਂਧੀ ਨੂੰ ਉਸਦੇ ਸਲਾਹਕਾਰਾਂ ਨੇ ਟਿਕੈਤ ਨਾਲ ਨਾ ਉਲਝਣ ਦੀ ਸਲਾਹ ਦਿੱਤੀ ਸੀ । ਸਰਕਾਰ ਵੱਲੋਂ ਰਾਮਨਿਵਾਸ ਮਿੱਡਾ ਅਤੇ ਸਿ਼ਆਮਲਾਲ ਯਾਦਵ , ਟਿਕੈਤ ਨਾਲ ਗੱਲ ਕਰ ਰਹੇ ਸਨ। ਇਸ ਗੱਲ ਦਾ ਵੀ ਦਬਾਅ ਸੀ ਕਿ 31 ਅਕਤੂਬਰ ਤੋਂ ਪਹਿਲਾਂ ਸਾਰਾ ਮਾਮਲਾ ਨਿਪਟਾ ਲਿਆ ਜਾਵੇ ਕਿਉਂਕਿ 31 ਅਕਤੂਬਰ ਨੂੰ ਇਸੇ ਸਥਾਨ ‘ਤੇ ਇੰਦਰਾ ਗਾਂਧੀ ਦੀ ਬਰਸੀ ਦਾ ਸਮਾਗਮ ਮਨਾਇਆ ਜਾਣਾ ਸੀ ।
ਆਖਿਰਕਾਰ ਸਰਕਾਰ ਨੇ ਇੰਦਰਾ ਗਾਂਧੀ ਦੀ ਬਰਸੀ ਦੇ ਸਮਾਗਮ ਦਾ ਸਥਾਨ ਬਦਲ ਕੇ ਸ਼ਕਤੀ ਸਥਲ ਕਰ ਦਿੱਤਾ । ਸਰਕਾਰ ਨੂੰ ਪ੍ਰੇਸ਼ਾਨੀ ‘ਚ ਦੇਖ ਕੇ ਟਿਕੈਤ ਨੂੰ ਮਜ਼ਾ ਆ ਰਿਹਾ ਸੀ ।
ਉਹ ਵਾਰ-ਵਾਰ ਕਹਿ ਰਹੇ ਸੀ , ‘ ਪਤਾ ਨਹੀਂ ਕਬ ਤੱਕ ਹਮੇਂ ਯਹਾਂ ਰੁੱਕਣਾ ਪੜੇ, ਕਿਸਾਨੋਂ ਕੋ ਕਿਰਾਏ ਪਰ ਯਹਾਂ ਨਹੀਂ ਲਾਇਆ ਗਿਆ ਹੈ ।’
ਪਰ 30 ਅਕਤੂਬਰ ਨੂੰ ਅਚਾਨਕ ਸ਼ਾਮ ਦੇ 4 ਵਜੇ ਟਿਕੈਤ ਨੇ ਐਲਾਨ ਕੀਤਾ ਕਿ ਭਾਈਓ ਬਹੁਤ ਦਿਨ ਹੋ ਗਏ , ਆਪਾਂ ਘਰਾਂ ਵਿੱਚ ਕੰਮ –ਕਾਰ ਕਰਨਾ ਹੈ । ਅਸੀਂ ਇਹ ਧਰਨਾ ਖ਼ਤਮ ਕਰਦੇ ਹਾਂ ਅਤੇ ਆਪਣੇ ਪਿੰਡਾਂ ਨੂੰ ਵਾਪਸ ਚੱਲਦੇ ਹਾਂ।
ਰਾਜਨੀਤਕ ਟੀਕਾਕਾਰਾਂ ਦੇ ਲਈ ਇਹ ਅਸਚਰਜਨਕ ਸੀ ਕਿਉਂਕਿ ਉਦੋਂ ਤੱਕ ਸਰਕਾਰ ਨੇ ਰਸਮੀ ਤੌਰ ‘ਤੇ ਟਿਕੈਤ ਦੀਆਂ 35 ਸੂਤਰੀ ਮੰਗਾਂ ਵਿੱਚੋਂ ਇੱਕ ਨੂੰ ਵੀ ਨਹੀਂ ਮੰਨਿਆ ਸੀ । ਇਹ ਭਰੋਸਾ ਜਰੂਰ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਮੰਗਾਂ ਉਪਰ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।
ਟਿਕੈਤ ਦੇ ਇਸ ਐਲਾਨ ਤੋਂ ਬਾਅਦ ਕਿਸਾਨਾਂ ਨੇ ਰਾਜਪਥ ਤੋਂ ਆਪਣਾ ਸਮਾਨ ਸਮੇਟਣਾ ਸੁਰੂ ਕਰ ਦਿੱਤਾ ਸੀ । ਕਿਸਾਨੀ ਦੇ ਇਸ ਸ਼ਕਤੀ ਪ੍ਰਦਰਸ਼ਨ ਤੋਂ ਬਾਅਦ ਹੀ ਬੋਟ ਕਲੱਬ ਉਪਰ ਰੈਲੀਆਂ ਦੇ ਆਯੋਜਨ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ ।



source https://punjabinewsonline.com/2021/02/07/%e0%a8%ae%e0%a8%b9%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9f%e0%a8%95%e0%a9%88%e0%a8%a4-%e0%a8%a8%e0%a9%87-%e0%a8%85%e0%a8%9a%e0%a8%be%e0%a8%a8%e0%a8%95/
Previous Post Next Post

Contact Form