Sanyukt kisan morcha issued clarification: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਐਲਾਨ ‘ਤੇ ਸੰਯੁਕਤ ਕਿਸਾਨ ਮੋਰਚਾ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਮੋਰਚੇ ਨੇ ਸਾਫ਼ ਕੀਤਾ ਕਿ ਉਨ੍ਹਾਂ ਦੇ ਨਾਮ ‘ਤੇ ਗਲਤ ਸੰਦੇਸ਼ ਵਾਇਰਲ ਕੀਤਾ ਜਾ ਰਿਹਾ ਹੈ, ਕਿਸਾਨ ਇਸ ਨੂੰ ਨਜ਼ਰ ਅੰਦਾਜ਼ ਕਰਨ।
ਜ਼ਿਕਰਯੋਗ ਹੈ ਕਿ ਪਹਿਲਾਂ ਹਰਿਆਣਾ ਦੇ ਹਿਸਾਰ ਅਤੇ ਫਿਰ ਜੀਂਦ ਵਿੱਚ ਖਾਪਾਂ ਅਤੇ ਕਿਸਾਨਾਂ ਨੇ ਮਿਲ ਕੇ ਦੁੱਧ ਨੂੰ 100 ਰੁਪਏ ਪ੍ਰਤੀ ਲੀਟਰ ਵੇਚਣ ਦਾ ਫੈਸਲਾ ਕੀਤਾ ਸੀ । ਇਸ ਵਿੱਚ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਲੋਕਾਂ ਨੂੰ ਪੁਰਾਣੀ ਕੀਮਤ ‘ਤੇ ਦੁੱਧ ਮਿਲੇਗਾ ਪਰ ਸਹਿਕਾਰੀ ਸੰਸਥਾਵਾਂ ਤੋਂ ਇੱਕ ਲੀਟਰ ਦੁੱਧ ਲਈ 100 ਰੁਪਏ ਵਸੂਲੇ ਜਾਣਗੇ। ਇਸ ਐਲਾਨ ਦੇ ਕੁਝ ਘੰਟਿਆਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਖੁਦ ਨੂੰ ਇਸ ਫੈਸਲੇ ਤੋਂ ਅਲੱਗ ਕਰ ਲਿਆ ਹੈ ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਸੰਯੁਕਤ ਕਿਸਾਨ ਮੋਰਚਾ ਇਹ ਸਪੱਸ਼ਟ ਕਰਦਾ ਹੈ ਕਿ ਕਿਸਾਨਾਂ ਵੱਲੋਂ 1 ਤੋਂ 5 ਮਾਰਚ ਵਿਚਾਲੇ ਦੁੱਧ ਦੀ ਵਿਕਰੀ ਦਾ ਬਾਈਕਾਟ ਕਰਨ ਅਤੇ 6 ਤਰੀਕ ਤੋਂ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੁੱਧ ਕਰਨ ਸਬੰਧੀ ਸੰਯੁਕਤ ਕਿਸਾਨ ਮੋਰਚੇ ਨੇ ਕੋਈ ਸੱਦਾ ਨਹੀਂ ਦਿੱਤਾ ਗਿਆ । ਸੰਯੁਕਤ ਕਿਸਾਨ ਮੋਰਚੇ ਦੇ ਨਾਮ ‘ਤੇ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ‘ਤੇ ਇੱਕ ਸੰਦੇਸ਼ ਵਾਇਰਲ ਹੋ ਰਿਹਾ ਹੈ ਅਤੇ ਇਸ ਪ੍ਰਸੰਗ ਵਿੱਚ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ ਕਿ ਇਹ ਸੰਦੇਸ਼ ਗਲਤ ਹੈ । ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਕਿਸਮ ਦੇ ਗਲਤ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰਨ, ਜੋ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਨਾਲ ਮਿਲ ਰਿਹਾ ਹੈ।”
ਦੱਸ ਦੇਈਏ ਕਿ ਤਿੰਨੇ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ‘ਤੇ ਦਬਾਅ ਪਾਉਣ ਲਈ ਜੀਂਦ ਵਿੱਚ ਖਾਪਾਂ ਤੇ ਕਿਸਾਨਾਂ ਨੇ ਮਿਲ ਕੇ ਦੁੱਧ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨਿਰਧਾਰਿਤ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਉਹ ਸਰਕਾਰੀ ਅਤੇ ਸਹਿਕਾਰੀ ਸੰਸਥਾਵਾਂ ਨੂੰ 100 ਰੁਪਏ ਤੋਂ ਵੀ ਘੱਟ ਦੁੱਧ ਨਹੀਂ ਵੇਚਣਗੇ । ਫੈਸਲੇ ਅਨੁਸਾਰ ਦੁੱਧ ਆਮ ਲੋਕਾਂ ਲਈ ਉਹੀ ਪੁਰਾਣਾ ਰੇਟ ਹੋਵੇਗਾ । ਖਾਪਾਂ ਨੇ ਇਹ ਵੀ ਕਿਹਾ ਕਿ ਹੁਣ MSP ਨਹੀਂ MRP ‘ਤੇ ਗੱਲ ਹੋਵੇਗੀ।
The post 100 ਰੁਪਏ ਲੀਟਰ ਦੁੱਧ ਵੇਚਣ ‘ਤੇ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਬਿਆਨ, ਕਿਹਾ- ਸੋਸ਼ਲ ਮੀਡੀਆ ‘ਤੇ ਫੈਲੀ ਅਫਵਾਹ appeared first on Daily Post Punjabi.