Unlock 5.0 Guidelines: ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਹਿਰ ਦੇ ਵਿਚਾਲੇ ਅੱਜ ਯਾਨੀ ਕਿ 1 ਅਕਤੂਬਰ ਤੋਂ ਦੇਸ਼ ਭਰ ਵਿੱਚ ਅਨਲੌਕ 5 ਦੀ ਸ਼ੁਰੂਆਤ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਵਧੇਰੇ ਗਤੀਵਿਧੀਆਂ ਦੀ ਆਗਿਆ ਦੇਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਵਿੱਚ 15 ਅਕਤੂਬਰ ਤੋਂ ਸਿਨੇਮਾ ਘਰਾਂ ਅਤੇ ਮਲਟੀਪਲੈਕਸਾਂ ਨੂੰ ਉਨ੍ਹਾਂ ਦੀ ਬੈਠਣ ਦੀ ਸਮਰੱਥਾ ਦੇ 50 ਪ੍ਰਤੀਸ਼ਤ ਨਾਲ ਖੋਲ੍ਹਣਾ ਸ਼ਾਮਿਲ ਹੈ। ਤਾਂ ਆਓ ਜਾਣਦੇ ਹਾਂ ਇਸ ਅਨਲੌਕ 5 ਵਿੱਚ ਕਿਹੜੀਆਂ ਛੋਟਾਂ ਉਪਲਬਧ ਹਨ ਅਤੇ ਕਿਹੜੀਆਂ ਪਾਬੰਦੀਆਂ ਰਹਿਣਗੀਆਂ।
ਕੇਂਦਰ ਸਰਕਾਰ ਵੱਲੋਂ ਅਨਲੌਕ 5 ਵਿੱਚ ਸਿਨੇਮਾ / ਥੀਏਟਰ / ਮਲਟੀਪਲੈਕਸਾਂ ਨੂੰ 15 ਅਕਤੂਬਰ ਤੋਂ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਵਿੱਚ ਬੈਠਣ ਦੀ ਸਮਰੱਥਾ 50 ਪ੍ਰਤੀਸ਼ਤ ਤੱਕ ਹੋਵੇਗੀ। ਇਸਦੇ ਲਈ ਜਾਣਕਾਰੀ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖਿਡਾਰੀਆਂ ਦੀ ਸਿਖਲਾਈ ਲਈ ਵਰਤੇ ਜਾ ਰਹੇ ਸਵੀਮਿੰਗ ਪੂਲ ਤੇ ਮਨੋਰੰਜਨ ਪਾਰਕਾਂ ਨੂੰ ਵੀ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਜਿਸ ਦੇ ਲਈ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (SOP) ਜਾਰੀ ਕੀਤੀ ਜਾਵੇਗੀ।
1 ਅਕਤੂਬਰ ਤੋਂ ਵਿਅਕਤੀਆਂ ਅਤੇ ਚੀਜ਼ਾਂ ਦੀ ਅੰਤਰ-ਰਾਜ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਅਜਿਹੇ ਵਾਹਨਾਂ ਲਈ ਵੱਖਰੀ ਆਗਿਆ / ਪ੍ਰਵਾਨਗੀ / ਈ-ਪਰਮਿਟ ਦੀ ਲੋੜ ਨਹੀਂ ਪਵੇਗੀ। ਕੌਵਿਡ -19 ਦੇ ਪ੍ਰਬੰਧਨ ਲਈ ਰਾਸ਼ਟਰੀ ਨਿਰਦੇਸ਼ ਜਾਰੀ ਰਹਿਣਗੇ, ਜਿਸਦੀ ਪਾਲਣਾ ਦੇਸ਼ ਭਰ ਵਿੱਚ ਕੀਤੀ ਜਾਵੇਗੀ ਤਾਂ ਜੋ ਸਮਾਜਿਕ ਦੂਰੀਆਂ ਨੂੰ ਯਕੀਨੀ ਬਣਾਇਆ ਜਾ ਸਕੇ। ਦੁਕਾਨਾਂ ਨੂੰ ਗਾਹਕਾਂ ਵਿਚਕਾਰ ਸਹੀ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣਾ ਹੋਵੇਗਾ। ਗ੍ਰਹਿ ਮੰਤਰਾਲੇ ਰਾਸ਼ਟਰੀ ਨਿਰਦੇਸ਼ਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣ ਦੀ ਨਿਗਰਾਨੀ ਕਰੇਗਾ। ਉੱਥੇ ਹੀ ਦੂਜੇ ਪਾਸੇ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ, ਸਿਰਫ ਉਹੀ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਇਜਾਜ਼ਤ ਹੋਵੇਗੀ, ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ ਵੱਲੋਂ ਆਗਿਆ ਦਿੱਤੀ ਜਾਵੇਗੀ।
ਅਨਲੌਕ -5 ਲਈ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ 100 ਵਿਅਕਤੀਆਂ ਨਾਲ ਕਿਸੇ ਵੀ ਸਮਾਜਿਕ, ਅਕਾਦਮਿਕ, ਖੇਡਾਂ, ਮਨੋਰੰਜਨ, ਸਭਿਆਚਾਰਕ, ਧਾਰਮਿਕ ਜਾਂ ਰਾਜਨੀਤਿਕ ਗਤੀਵਿਧੀਆਂ ਦੇ ਆਯੋਜਨ ਲਈ ਆਗਿਆ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਹੁਣ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ 15 ਅਕਤੂਬਰ ਤੋਂ 100 ਤੋਂ ਵਧੇਰੇ ਵਿਅਕਤੀਆਂ ਦੀ ਗਿਣਤੀ ਵਾਲੇ ਕੰਟੇਨਮੈਂਟ ਜ਼ੋਨ ਦੇ ਬਾਹਰ ਇਜਾਜ਼ਤ ਦਿੱਤੀ ਜਾ ਰਹੀ ਹੈ।
ਦੱਸ ਦੇਈਏ ਕਿ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ 15 ਅਕਤੂਬਰ 2020 ਤੋਂ ਬਾਅਦ ਸਕੂਲ ਅਤੇ ਕੋਚਿੰਗ ਸੰਸਥਾਵਾਂ ਖੋਲ੍ਹਣ ਲਈ ਯੋਜਨਾਬੱਧ ਤਰੀਕੇ ਨਾਲ ਫੈਸਲਾ ਲੈਣ ਦੀ ਛੋਟ ਦਿੱਤੀ ਗਈ ਹੈ। ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਕੂਲ / ਸੰਸਥਾ ਦੇ ਪ੍ਰਬੰਧਨ ਨਾਲ ਸਲਾਹ ਕਰ ਕੇ ਫੈਸਲਾ ਲੈ ਸਕਣਗੇ। ਜਿਸ ਤੋਂ ਬਾਅਦ ਵਿਦਿਆਰਥੀ ਮਾਪਿਆਂ ਦੀ ਆਗਿਆ ਦੇ ਨਾਲ ਹੀ ਸਕੂਲ ਵਿੱਚ ਹਾਜ਼ਿਰ ਹੋ ਸਕਣਗੇ।
The post ਪੂਰੇ ਦੇਸ਼ ‘ਚ ਅੱਜ ਤੋਂ Unlock-5 ਦੀ ਸ਼ੁਰੂਆਤ, ਜਾਣੋ ਕੀ-ਕੀ ਮਿਲੀਆਂ ਛੂਟਾਂ ਤੇ ਕਿਹੜੀਆਂ ਪਾਬੰਦੀਆਂ ਰਹਿਣਗੀਆਂ ਜਾਰੀ appeared first on Daily Post Punjabi.