Case of attack on cricketer Raina : ਪਠਾਨਕੋਟ : ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਘਰ ਵਿੱਚ ਹਮਲਾ ਕਰਨ ਵਾਲੇ ਗਿਰੋਹ ਦੇ ਚਾਰ ਲੋਕਾਂ ਨੂੰ ਗਿੱਦੜਬਾਹਾ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਲੁਟੇਰਿਆਂ ਵੱਲੋਂ ਗਿੱਦੜਬਾਹਾ ਦੇ ਪਿੰਡ ਹੁਸਨਰ ਵਿੱਚ ਵੀ ਇੱਕ ਘਰ ਵਿੱਚ ਵੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮੁਲਜ਼ਮ ਕਈ ਕੇਸਾਂ ਵਿੱਚ ਭਗੌੜੇ ਚੱਲ ਰਹੇ ਸਨ। ਦੱਸਣਯੋਗ ਹੈ ਕਿ ਇਸ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਪਠਾਨਕੋਟ ਦੇ ਪਿੰਡ ਥਰਿਆਲ ਵਿੱਚ ਅੱਧੀ ਰਾਤੀ ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦੇ ਘਰ ਵਿੱਚ ਕੁਝ ਅਣਪਛਾਤਿਆਂ ਵੱਲੋਂ ਸੁੱਤੇ ਹੋਏ ਪਰਿਵਾਰ ’ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੇ ਫੁੱਫੜ ਦੀ ਮੌਤ ਹੋ ਗਈ ਸੀ। ਰੈਣਾ ਦਾ ਕਜ਼ਨ ਭਰਾ ਇਸ ਹਮਲੇ ਵਿੱਚ ਗੰਭੀਰ ਜ਼ਖਮੀ ਹੋਇਆ ਸੀ, ਜਿਸ ਦੀ ਕੁਝ ਦਿਨਾਂ ਬਾਅਦ ਮੌਤ ਹੋ ਗਈ। ਉਨ੍ਹਾਂ ਦੀ ਭੂਆ ਨਿੱਜੀ ਹਸਪਤਾਲ ਵਿੱਚ ਕੋਮਾ ਦੀ ਹਾਲਤ ਵਿੱਚ ਦਾਖਲ ਹੈ। ਕ੍ਰਿਕਟਰ ਰੈਨਾ ਬੀਤੀ 16 ਸਤੰਬਰ ਨੂੰ ਆਪਣੀ ਭੂਆ ਨੂੰ ਦੇਖਣ ਪਿੰਡ ਥਰਿਆਲ ਆਏ ਸਨ। ਉਨ੍ਹਾਂ ਨੇ ਪੁਲਿਸ ਨੂੰ ਤੇ ਸਰਕਾਰ ਨੂੰ ਛੇਤੀ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਸੀ।

ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਸੀ ਕਿ ਇਸ ਮਾਮਲੇ ਵਿੱਚ ਕੌਮਾਂਤਰੀ ਗਿਰੋਹ ਦਾ ਹੱਥ ਹੈ, ਜਿਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ। ਪੁਲਿਸ ਨੇ ਇਨ੍ਹਾਂ ਤਿੰਨ ਮੁਲਜ਼ਮਾਂ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਇਹ ਲੋਕ ਇਲਾਕਿਆਂ ਦੀ ਰੇਕੀ ਕਰਕੇ ਫਿਰ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਇਹ ਗਿਰੋਹ ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।
The post ਮਾਮਲਾ ਕ੍ਰਿਕਟਰ ਰੈਣਾ ਦੀ ਭੂਆ ਘਰ ਹਮਲੇ ਦਾ : ਗਿਰੋਹ ਦੇ ਚਾਰ ਮੈਂਬਰ ਗਿੱਦੜਬਾਹਾ ਤੋਂ ਗ੍ਰਿਫਤਾਰ appeared first on Daily Post Punjabi.
source https://dailypost.in/news/latest-news/case-of-attack-on-cricketer/