Earthquake of magnitude 4.0: ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਤਬਾਹੀ ਮਚਾ ਰਿਹਾ ਹੈ। ਕੋਰੋਨਾ ਪੀੜਤਾਂ ਦੀ ਤਾਦਾਦ ਦੇ ਲਿਹਾਜ਼ ਨਾਲ ਦੁਨੀਆ ਵਿੱਚ ਦੂਜੇ ਨੰਬਰ ‘ਤੇ ਪਹੁੰਚ ਚੁੱਕੇ ਭਾਰਤ ਵਿੱਚ ਕਿਤੇ ਤੂਫਾਨ, ਬਾਰਿਸ਼ ਅਤੇ ਹੜ੍ਹ ਅਤੇ ਕਿਤੇ ਭੂਚਾਲ ਦੇ ਝਟਕੇ, ਕੁਦਰਤ ਦਾ ਕਹਿਰ ਵੀ ਜਾਰੀ ਹੈ। ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਵਿੱਚ ਮੰਗਲਵਾਰ ਸਵੇਰੇ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਨੈਸ਼ਨਲ ਸੈਂਟਰ ਫੌਰ ਸਿਸਮੋਲੋਜੀ ਦੇ ਅਨੁਸਾਰ ਅੰਡੇਮਾਨ ਅਤੇ ਨਿਕੋਬਾਰ ਆਈਲੈਂਡਜ਼ ਦੇ ਡਿਗਲੀਪੁਰ ਤੋਂ 20 ਕਿਲੋਮੀਟਰ ਪੂਰਬ-ਦੱਖਣ ਪੂਰਬ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.0 ਮਾਪੀ ਗਈ ਹੈ। ਇਹ ਝਟਕੇ ਸਵੇਰੇ 3 ਵਜੇ ਮਹਿਸੂਸ ਕੀਤੇ ਗਏ। ਦੱਸਿਆ ਜਾਂਦਾ ਹੈ ਕਿ ਇਸ ਭੁਚਾਲ ਦੀ ਡੂੰਘਾਈ 20 ਕਿਲੋਮੀਟਰ ਸੀ । ਉੱਥੇ ਹੀ ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਦੀ ਰਾਜਧਾਨੀ ਪੋਰਟ ਬਲੇਅਰ ਤੋਂ 150 ਮੀਲ ਦੀ ਦੂਰੀ ‘ਤੇ 4.2 ਮਾਪ ਦਾ ਭੂਚਾਲ ਆਇਆ । ਭੁਚਾਲ ਦੇ ਝਟਕੇ ਸਵੇਰੇ 3.20 ਵਜੇ ਮਹਿਸੂਸ ਕੀਤੇ ਗਏ। ਪੋਰਟਬਲੇਅਰ ਵਿਖੇ ਭੂਚਾਲ ਦੀ ਗਹਿਰਾਈ 20 ਕਿਲੋਮੀਟਰ ਸੀ।
ਇਸ ਤੋਂ ਇਲਾਵਾ ਲੇਹ ਲੱਦਾਖ ਦੇ ਕਾਰਗਿਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਸਵੇਰੇ 5.47 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.4 ਮਾਪੀ ਗਈ। ਇਸ ਦੀ ਡੂੰਘਾਈ 90 ਕਿਲੋਮੀਟਰ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਨਾਗਾਲੈਂਡ ਦੇ ਦੀਮਾਪੁਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ । 7 ਸਤੰਬਰ ਦੇਰ ਰਾਤ 11.06 ਵਜੇ ਆਏ ਭੂਚਾਲ ਦਾ ਕੇਂਦਰ ਦੀਮਾਪੁਰ ਤੋਂ 66 ਕਿਲੋਮੀਟਰ ਦੂਰ ਸੀ। ਇਸ ਦੀ ਡੂੰਘਾਈ 32 ਕਿਲੋਮੀਟਰ ਸੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਤੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅੰਡੇਮਾਨ ਅਤੇ ਨਿਕੋਬਾਰ ਵਿਚ 48 ਘੰਟਿਆਂ ਵਿੱਚ ਇਹ ਦੂਜਾ ਭੂਚਾਲ ਸੀ।
ਗੌਰਤਲਬ ਹੈ ਕਿ 6 ਸਤੰਬਰ ਦੀ ਸਵੇਰ ਨੂੰ ਅੰਡੇਮਾਨ ਅਤੇ ਨਿਕੋਬਾਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਪਿਛਲੇ ਕੁੱਝ ਦਿਨਾਂ ਤੋਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਹਰ ਰੋਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਹੀ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਅਤੇ ਨਾਸਿਕ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
The post ਅੰਡੇਮਾਨ ਤੇ ਨਿਕੋਬਾਰ ‘ਚ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ 4.0 appeared first on Daily Post Punjabi.