Ladakh India-China standoff: ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਸੋਮਵਾਰ ਰਾਤ ਨੂੰ LAC ‘ਤੇ ਹੋਈ ਹਿੰਸਕ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ । ਇਸ ਝੜਪ ਵਿੱਚ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਉਸਦੇ 43 ਫ਼ੌਜੀ ਜ਼ਖਮੀ ਹੋਏ ਹਨ । ਇਸ ਵਿੱਚ ਕੁਝ ਦੀ ਮੌਤ ਹੋਈ ਹੈ ਤਾਂ ਕੁਝ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ । ਇਸ ਦੌਰਾਨ LAC ਤੋਂ ਪਾਰ ਚੀਨੀ ਹੈਲੀਕਾਪਟਰ ਨੂੰ ਦੇਖਿਆ ਗਿਆ ਹੈ । ਹੈਲੀਕਾਪਟਰ ਮ੍ਰਿਤਕ ਤੇ ਜ਼ਖਮੀ ਫ਼ੌਜੀਆਂ ਨੂੰ ਲੈ ਜਾਣ ਲਈ ਆਇਆ ਸੀ ।
ਦੱਸ ਦਈਏ ਕਿ ਸੋਮਵਾਰ ਰਾਤ ਨੂੰ ਦੋਨਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ । ਇਹ ਘਟਨਾ ਉਦੋਂ ਹੋਈ ਜਦੋਂ ਸੋਮਵਾਰ ਰਾਤ ਨੂੰ ਗਲਵਾਨ ਘਾਟੀ ਦੇ ਕੋਲ ਦੋਨਾਂ ਦੇਸ਼ਾਂ ਵਿਚਾਲੇ ਗੱਲਬਾਤ ਤੋਂ ਬਾਅਦ ਸਭ ਕੁੱਝ ਆਮ ਹੋਣ ਦੀ ਸਥਿਤੀ ਅੱਗੇ ਵੱਧ ਰਹੀ ਸੀ । ਇਸ ਪੂਰੀ ਘਟਨਾ ‘ਤੇ ਭਾਰਤੀ ਫ਼ੌਜ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਫ਼ੌਜ ਨੇ ਕਿਹਾ ਕਿ 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ਇਲਾਕੇ ਵਿੱਚ ਹਿੰਸਕ ਝੜਪ ਹੋਈ ਸੀ । ਇਸ ਘਟਨਾ ਵਿੱਚ 20 ਜਵਾਨ ਸ਼ਹੀਦ ਹੋਏ ਹਨ।
ਇਸ ਘਟਨਾ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੇ ਹਮੇਸ਼ਾ LAC ਦਾ ਸਨਮਾਨ ਕੀਤਾ ਹੈ ਅਤੇ ਚੀਨ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ । ਮੰਤਰਾਲੇ ਨੇ ਕਿਹਾ ਕਿ LAC ‘ਤੇ ਕੱਲ੍ਹ ਜੋ ਹੋਇਆ ਉਸ ਤੋਂ ਬਚਿਆ ਜਾ ਸਕਦਾ ਸੀ । ਦੋਵੇਂ ਦੇਸ਼ਾਂ ਨੂੰ ਇਸ ਨਾਲ ਨੁਕਸਾਨ ਝੱਲਣਾ ਪਿਆ ਹੈ।

ਉੱਥੇ ਹੀ ਦੂਜੇ ਪਾਸੇ ਬੀਜਿੰਗ ਨੇ ਭਾਰਤ ‘ਤੇ ਘੁਸਪੈਠ ਦਾ ਦੋਸ਼ ਲਾਇਆ ਹੈ । ਅੰਤਰਰਾਸ਼ਟਰੀ ਨਿਊਜ਼ ਏਜੰਸੀ ਅਨੁਸਾਰ ਬੀਜਿੰਗ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਫੌਜ ਨੇ ਸਰਹੱਦ ਪਾਰ ਕਰਕੇ ਚੀਨੀ ਫੌਜ ‘ਤੇ ਹਮਲਾ ਕੀਤਾ ਸੀ । ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਭਾਰਤ ਨੂੰ ਅਜਿਹੀ ਸਥਿਤੀ ਵਿੱਚ ਇਕਪਾਸੜ ਕਾਰਵਾਈ ਨਹੀਂ ਕਰਨੀ ਚਾਹੀਦੀ ।
The post ਭਾਰਤ-ਚੀਨ ਫ਼ੌਜ ਝੜਪ ਤੋਂ ਬਾਅਦ LAC ਦੇ ਪਾਰ ਦੇਖੇ ਗਏ ਚੀਨੀ ਹੈਲੀਕਾਪਟਰ appeared first on Daily Post Punjabi.